ਜੱਥੇਬੰਦੀਆਂ ਦੇ ਸੁਝਾਵਾਂ ਅਨੁਸਾਰ ਬਦਲੀ ਪ੍ਰਕਿਰਿਆ ਤਬਦੀਲ ਨਾ ਕਰਨ ਦੀ ਨਿਖੇਧੀ
ਬਦਲੀਆਂ ਲਈ ਅਯੋਗ ਕਰਾਰ ਦਿੱਤੇ ਅਧਿਆਪਕਾਂ ਨੂੰ ਵੇਰਵੇ ਸਹੀ ਕਰਨ ਦਾ ਮੌਕਾ ਦਿੱਤਾ ਜਾਵੇ: ਡੀ ਟੀ ਐੱਫ
ਦਲਜੀਤ ਕੌਰ ਭਵਾਨੀਗੜ੍ਹ,ਬਾਬੂਸ਼ਾਹੀ ਨੈਟਵਰਕ
ਸੰਗਰੂਰ, 23 ਜੂਨ, 2022: ਸਿੱਖਿਆ ਵਿਭਾਗ ਪੰਜਾਬ ਵੱਲੋਂ ਪ੍ਰਾਇਮਰੀ ਅਧਿਆਪਕਾਂ ਦੀਆਂ ਆਨਲਾਈਨ ਬਦਲੀਆਂ ਸਬੰਧੀ ਸਟੇਸ਼ਨ ਚੋਣ ਕਰਨ ਲਈ ਮੌਕਾ ਦਿੰਦਿਆਂ ਅਧਿਆਪਕਾਂ ਨੂੰ 23 ਜੂਨ ਤੱਕ ਆਪਣੀ ਬਦਲੀ ਲਈ ਇੱਛਾ ਦੇ ਸਟੇਸ਼ਨ ਆਨ ਲਾਈਨ ਚੁਣਨ ਦਾ ਮੌਕਾ ਦਿੱਤਾ ਹੈ। ਪਰ ਜਦੋਂ ਅਧਿਆਪਕਾਂ ਨੇ ਆਪਣੀ ਆਈ.ਡੀ. ਵਿੱਚ ਸਟੇਸ਼ਨ ਚੁਣਨਾ ਚਾਹਿਆ ਤਾਂ ਸੈਂਕੜੇ ਅਧਿਆਪਕ, ਸਰਵਿਸ ਦਾ ਮੇਲ ਨਾ ਹੋਣ ਅਤੇ ਸਕੂਲ ਦੀ ਠਹਿਰ ਘੱਟ ਹੋਣ ਕਾਰਨ ਅਯੋਗ ਕਰਾਰ ਦੇ ਕੇ ਬਦਲੀਆਂ ਲਈ ਸਟੇਸ਼ਨ ਚੁਣਨ ਤੋਂ ਵਾਂਝੇ ਕਰ ਦਿੱਤੇ ਗਏ। ਇਸ ਸਬੰਧੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਕਿਹਾ ਕਿ ਅਧਿਆਪਕਾਂ ਨੂੰ ਵਿਭਾਗ ਵੱਲੋਂ ਸਟੇਸ਼ਨ ਚੋਣ ਤੋਂ ਪਹਿਲਾਂ ਹਰ ਵਾਰੀ ਵੇਰਵੇ ਦਰੁੱਸਤ ਕਰਨ ਦਾ ਮੌਕਾ ਦਿੱਤਾ ਜਾਂਦਾ ਰਿਹਾ ਹੈ, ਪਰ ਇਸ ਵਾਰ ਵਿਭਾਗ ਨੇ ਦਰੁੱਸਤੀ ਦਾ ਮੌਕਾ ਦਿੱਤੇ ਬਿਨ੍ਹਾਂ ਹੀ ਸਟੇਸ਼ਨ ਚੋਣ ਕਰਵਾ ਦਿੱਤੀ ਹੈ। ਇਸ ਤੋਂ ਇਲਾਵਾ ਸਿੱਖਿਆ ਮੰਤਰੀ ਸ੍ਰੀ ਮੀਤ ਹੇਅਰ ਵਲੋਂ ਬੀਤੀ 26 ਮਈ ਨੂੰ ਬਦਲ਼ੀ ਨੀਤੀ ਸਬੰਧੀ, ਜਥੇਬੰਦੀਆਂ ਤੋਂ ਲਏ ਸੁਝਾਵਾਂ ਉੱਪਰ ਕੋਈ ਅਮਲ ਨਾ ਕਰਕੇ, ਉਸ ਮੀਟਿੰਗ ਨੂੰ ਵੀ ਬੇਮਾਅਨਾ ਕਰ ਦਿੱਤਾ ਗਿਆ ਹੈ।
ਡੀਟੀਐੱਫ ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ, ਸੂਬਾਈ ਆਗੂਆਂ ਮੇਘ ਰਾਜ, ਦਲਜੀਤ ਸਫੀਪੁਰ, ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ, ਜ਼ਿਲ੍ਹਾ ਜਨਰਲ ਸਕੱਤਰ ਅਮਨ ਵਸ਼ਿਸ਼ਟ, ਪ੍ਰੈੱਸ ਸਕੱਤਰ ਕਰਮਜੀਤ ਨਦਾਮਪੁਰ, ਦੀਨਾਨਾਥ, ਕਮਲਜੀਤ ਬਨਭੌਰਾ, ਨਿਰਭੈ ਸਿੰਘ, ਗੁਰਜੰਟ ਸਿੰਘ ਨੇ ਦੱਸਿਆ ਕਿ ਬਦਲੀ ਨੀਤੀ ਵਿੱਚ ਤਬਦੀਲੀਆਂ ਨੂੰ ਲੈ ਕੇ ਸਿੱਖਿਆ ਮੰਤਰੀ ਤੋਂ ਪਹਿਲਾਂ ਹੋਈਆਂ ਬਦਲੀਆਂ ਬਿਨਾਂ ਕਿਸੇ ਵੀ ਤੋਂ ਸ਼ਰਤ ਲਾਗੂ ਕਰਨ, ਪਰਖ ਸਮਾਂ ਜਾਂ ਦੋ ਸਾਲ ਦਾ ਸਮਾਂ ਪੂਰਾ ਹੋਣ ਦੀ ਸ਼ਰਤ ਵਾਪਿਸ ਲੈ ਕੇ ਸਭ ਨੂੰ ਮੈਰਿਟ ਅਨੁਸਾਰ ਬਦਲੀ ਕਰਵਾਉਣ ਦਾ ਬਰਾਬਰ ਮੌਕਾ ਦੇਣ, ਆਪਣੀ ਜਾਂ ਆਸ਼ਰਿਤ ਦੀ ਕਰੋਨਿਕ ਬਿਮਾਰੀ, 40% ਅੰਗਹੀਣਤਾ, ਵਿਧਵਾ, ਕੁਆਰੀ, ਤਲਾਕਸ਼ੁਦਾ ਨੂੰ ਪਹਿਲ ਦੇਣ, ਪੱਕੀ ਰਿਹਾਇਸ਼ ਤੋਂ ਸਟੇਸ਼ਨ ਦੀ ਦੂਰੀ ਅਨੁਸਾਰ ਅੰਕਾਂ ਦੀ ਵੇਟੇਜ਼ ਦੇਣ, ਪ੍ਰਾਇਮਰੀ, ਮਿਡਲ ਤੇ ਸੈਕੰਡਰੀ ਸਕੂਲਾਂ ਵਿੱਚ ਖਤਮ ਕੀਤੀਆਂ ਸਾਰੀਆਂ ਅਸਾਮੀਆਂ ਬਹਾਲ ਕਰਨ, ਸਕੂਲ ਮੁਖੀਆਂ ਨੂੰ ਵੀ ਬਦਲੀ ਨੀਤੀ ਅਨੁਸਾਰ ਬਦਲੀ ਕਰਵਾਉਣ ਦਾ ਮੌਕਾ ਦੇਣ, ਆਪਸੀ ਬਦਲੀ ਅਤੇ ਨਵ- ਵਿਆਹੁਤਾ ਲਈ ਕੋਈ ਵੀ ਸ਼ਰਤ ਨਾ ਲਾਉਣ, ਸਕੂਲਾਂ ਦੀਆਂ ਸਾਰੀਆਂ ਖਾਲੀ ਪੋਸਟਾਂ ਸਟੇਸ਼ਨ ਚੋਣ ਲਈ ਵੱਖਰੀਆਂ-ਵੱਖਰੀਆਂ ਦਰਸਾਉਣ, ਪਿਛਲੇ ਸਮੇਂ ਵਿੱਚ ਪ੍ਰਮੋਸ਼ਨਾਂ ਲੈਣ ਵਾਲੇ ਅਧਿਆਪਕਾਂ ਨੂੰ ਬਦਲੀ ਪ੍ਰਕਿਰਿਆ ਦੌਰਾਨ ਬਿਨਾਂ ਸ਼ਰਤ ਮੌਕਾ ਦੇਣਾ, ਠੇਕਾ ਅਧਾਰਿਤ ਸੇਵਾ ਨੂੰ ਬਦਲੀ ਲਈ ਗਿਣਨ, ਬੀ ਪੀ ਈ ਓ ਦਫਤਰਾਂ ਵਿੱਚ ਸ਼ਿਫਟ ਕੀਤੇ 228 ਪੀ ਟੀ ਆਈਜ਼ ਨੂੰ ਪਿਤਰੀ ਸਕੂਲਾਂ ਵਿੱਚ ਭੇਜਣ ਤੇ ਬਦਲੀ ਦਾ ਮੌਕਾ ਦੇਣ, 180 ਈ.ਟੀ.ਟੀ. ਟੈਟ ਪਾਸ ਅਧਿਆਪਕਾਂ ਦਾ ਸਟੇਅ ਮੁੱਢਲੀ ਭਰਤੀ ਅਨੁਸਾਰ ਗਿਣਨ ਅਤੇ ਬਦਲੀ ਪ੍ਰਕਿਰਿਆ ਨੂੰ ਸਰਲ ਬਣਾਉਣ ਦੀ ਕੀਤੀ ਮੰਗ ਪ੍ਰਤੀ ਸਿੱਖਿਆ ਵਿਭਾਗ ਵਲੋਂ ਕੋਈ ਠੋਸ ਕੰਮ ਨਹੀਂ ਕੀਤਾ ਗਿਆ।
ਡੀਟੀਐੱਫ ਦੇ ਆਗੂਆਂ ਕੁਲਵੰਤ ਖਨੌਰੀ, ਮਨਜੀਤ ਲਹਿਰਾ, ਰਮਨ ਗੋਇਲ, ਕੰਵਰਜੀਤ ਭਵਾਨੀਗਡ਼੍ਹ, ਗੁਰਜੀਤ ਸ਼ਰਮਾ, ਸੁਖਬੀਰ ਖਨੌਰੀ, ਲਾਲ ਚੰਦ, ਕਰਮਜੀਤ ਕੰਧੋਲਾ, ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ ਆਦਿ ਨੇ ਮੰਗ ਕੀਤੀ ਕਿ ਪ੍ਰਾਇਮਰੀ ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਫੌਰੀ ਸਮੱਸਿਆ ਹੱਲ ਕਰਨ ਦੇ ਨਾਲ-ਨਾਲ ਅਧਿਆਪਕ ਜੱਥੇਬੰਦੀਆਂ ਵੱਲੋਂ ਦਿੱਤੇ ਗਏ ਸੁਝਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਬਦਲੀਆਂ ਕੀਤੀਆਂ ਜਾਣ।