ਮਾਨਸਾ: ਪਿੰਡ ਬੱਛੋਆਣਾ ਦੀ ਧੀ ਅਰਸ਼ਪ੍ਰੀਤ ਕੌਰ ਨੇ 12ਵੀਂ ਦੀ ਪ੍ਰੀਖਿਆ ਵਿੱਚ ਪ੍ਰਾਪਤ ਕੀਤੇ 500 ਵਿਚੋਂ 497 ਅੰਕ, ਪੰਜਾਬ 'ਚੋਂ ਰਹੀ ਦੂਜੇ ਸਥਾਨ 'ਤੇ
- ਜ਼ਿਲੇ ਭਰ ਵਿੱਚ ਬਣੀ ਟੌਪਰ, ਪੰਜਾਬ ਵਿੱਚੋਂ ਦੂਸਰਾ ਸਥਾਨ।
ਮਾਨਸਾ, 28 ਜੂਨ 2022 - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਾਰਵੀਂ ਜਮਾਤ ਦੇ ਐਲਾਨ ਕੀਤੇ ਨਤੀਜਆਂ ਵਿੱਚ ਮਾਨਸਾ ਦੇ ਪਿੰਡ ਬੱਛੋਆਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਅਰਸ਼ਪ੍ਰੀਤ ਕੌਰ ਨੇ 500 ਵਿਚੋਂ 497 ਅੰਕ ਪ੍ਰਾਪਤ ਕਰਕੇ ਪੰਜਾਬ ਭਰ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। ਅਰਸ਼ਪ੍ਰੀਤ ਕੌਰ ਦੀ ਇਸ ਉਪਲੱਬਧੀ ਤੇ ਜ਼ਿਲਾ ਵਾਸੀਆਂ ਵੱਲੋਂ ਮਾਣ ਕੀਤਾ ਜਾ ਰਿਹਾ ਹੈ ਅਤੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਅਰਸ਼ਪ੍ਰੀਤ ਕੌਰ ਨੇ ਆਪਣੀ ਇਸ ਪ੍ਰਾਪਤੀ ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਸ ਦੇ ਇਸ ਨਤੀਜੇ ਪਿੱਛੇ ਜਿੱਥੇ ਉਸਦੇ ਮਾਪਿਆਂ ਦਾ ਵੱਡਾ ਯੋਗਦਾਨ ਹੈ, ਉਥੇ ਹੀ ਸਕੂਲ ਸਟਾਫ ਵੱਲੋਂ ਵੀ ਉਸ ਨੂੰ ਸਖਤ ਮਿਹਨਤ ਕਰਵਾਈ ਗਈ, ਜਿਸ ਦਾ ਨਤੀਜਾ ਅੱਜ ਸਾਹਮਣੇ ਹੈ। ਅਰਸ਼ਪ੍ਰੀਤ ਕੌਰ ਨੇ ਦੱਸਿਆ ਕਿ ਮਿਹਨਤ ਕਰਨਾ ਬੱਚੇ ਤੇ ਨਿਰਭਰ ਕਰਦਾ ਹੈ ਤੇ ਸਕੂਲ ਭਾਵੇ ਸਰਕਾਰੀ ਹੋਵੇ ਜਾ ਪ੍ਰਾਈਵੇਟ।
ਅਰਸ਼ਪ੍ਰੀਤ ਕੌਰ ਦੇ ਪਿਤਾ ਜਗਜੀਤ ਸਿੰਘ ਨੇ ਕਿਹਾ ਕਿ ਸਾਨੂ ਸਾਡੀ ਬੇਟੀ ਤੇ ਬਹੁਤ ਮਾਣ ਹੈ ਕਿ ਉਸਨੇ ਬਾਰਵੀਂ ਵਿੱਚ ਪੰਜਾਬ ਭਰ ਵਿੱਚ ਦੂਜਾ ਸਥਾਨ ਹਾਸਿਲ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਕੂਲ ਦੇ ਸਮੁਚੇ ਸਟਾਫ ਵੱਲੋਂ ਵੀ ਭਰਪੂਰ ਸਹਿਯੋਗ ਮਿਲਿਆ, ਖਾਸ ਕਰਕੇ ਕਲਾਸ ਇੰਚਾਰਜ ਮੱਖਣ ਸਿੰਘ ਨੇ ਬਹੁਤੁ ਸਹਿਯੋਗ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਸਕੂਲ ਵੱਲੋਂ ਕੋਈ ਕਮੀ ਨਹੀਂ ਆਉਣ ਦਿੱਤੀ ਗਈ ਤੇ ਸਾਨੂ ਭਰੋਸਾ ਦਿੱਤਾ ਸੀ ਕਿ ਤੁਹਾਡੀ ਬੱਚੀ ਜਰੂਰ ਉੱਚ ਮੁਕਾਮ ਹਾਸਿਲ ਕਰੇਗੀ।
ਅਰਸ਼ਪ੍ਰੀਤ ਕੌਰ ਦੀ ਇਸ ਪ੍ਰਾਪਤੀ ਤੇ ਖੁਸ਼ ਹੁੰਦਿਆਂ ਸਕੂਲ ਦੇ ਪ੍ਰਿੰਸੀਪਲ ਰਾਜੇਸ਼ ਅਰੋੜਾ ਨੇ ਕਿਹਾ ਕਿ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਤੇ ਮੇਰੀ ਸਰਵਿਸ ਦੌਰਾਨ ਇਹ ਇੱਕ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਅਜ ਅਰਸ਼ਪ੍ਰੀਤ ਕੌਰ ਨੇ ਪੂਰੇ ਪੰਜਾਬ ਵਿੱਚੋਂ ਦੂਜਾ ਸਥਾਨ ਹਾਸਿਲ ਕੀਤਾ ਹੈ, ਓਥੇ ਹੀ ਇਕ ਹੋਰ ਵਿਦਿਆਰਥਣ ਨੇ ਮੈਰਿਟ ਵਿੱਚ 56ਵਾਂ ਸਥਾਨ ਹਾਸਿਲ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਇਸਦਾ ਸਿਹਰਾ ਸਕੂਲ ਸਟਾਫ ਨੂੰ ਦਿੰਦਾ ਹਾਂ, ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਇਹ ਪ੍ਰਾਪਤੀ ਮਿਲੀ ਹੈ।