ਪੰਜਾਬੀ ਯੂਨੀਵਰਸਿਟੀ ਵੱਲੋਂ ਖੋਜ ਅਤੇ ਸਾਹਿਤ ਦੇ ਖੇਤਰ ਦੀ ਚੋਰੀ ਸੰਬੰਧੀ ਸਮੱਗਰੀ ਦੀ ਨਿਸ਼ਾਨਦੇਹੀ ਕਰਨ ਵਾਲ਼ੇ ਡਿਜੀਟਲ ਟੂਲ ਨੂੰ ਪ੍ਰੋਡਕਟ ਪੱਧਰ ਉੱਤੇ ਵਿਕਸਤ ਕਰਨ ਲਈ ਇੱਕ ਅਹਿਮ ਇਕਰਾਰਨਾਮੇ ਉੱਤੇ ਹਸਤਾਖਰ
ਪਟਿਆਲਾ, 8 ਅਗਸਤ 2022 - ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਖੋਜ ਅਤੇ ਸਾਹਿਤ ਦੇ ਖੇਤਰ ਦੀ ਚੋਰੀ ਸੰਬੰਧੀ ਸਮੱਗਰੀ ਦੀ ਨਿਸ਼ਾਨਦੇਹੀ ਕਰਨ ਵਾਲ਼ੇ ਡਿਜੀਟਲ ਟੂਲ ਨੂੰ ਪ੍ਰੋਡਕਟ ਪੱਧਰ ਉੱਤੇ ਵਿਕਸਤ ਕਰਨ ਲਈ ਇੱਕ ਅਹਿਮ ਇਕਰਾਰਨਾਮੇ ਉੱਤੇ ਹਸਤਾਖਰ ਕੀਤੇ ਗਏ ਹਨ।
ਸਿੰਡੀਕੇਟ ਰੂਮ ਵਿੱਚ ਹੋਏ ਸਮਾਗਮ ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਅਧਿਕਾਰੀਆਂ ਵੱਲੋਂ ਬਲੂਏਵਜ਼ ਈ-ਹੈਲਥ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਨਾਲ 'ਇੰਡਸਟਰੀ ਅਕੈਡਮੀਆ ਰਿਸਰਚ ਕੋਲੈਬੋਰੇਸ਼ਨ' ਉੱਤੇ ਦਸਤਖਤ ਕੀਤੇ ਗਏ। ਇਸ ਇਕਰਾਰਨਾਮੇ ਤਹਿਤ ਸਾਹਿਤਕ ਅਤੇ ਖੋਜ ਨਾਲ਼ ਜੁੜੀ ਚੋਰੀ ਬਾਰੇ ਟੂਲ ਦੇ ਵਿਕਾਸ ਲਈ ਭਾਰਤੀ ਅਤੇ ਗੈਰ-ਭਾਰਤੀ ਭਾਸ਼ਾਵਾਂ ਵਿੱਚ ਇਸ ਕਿਸਮ ਦੇ ਮੌਜੂਦਾ ਪ੍ਰਸਿੱਧ ਸਾਧਨਾਂ ਦੀਆਂ ਸੀਮਾਵਾਂ ਨੂੰ ਪਾਰ ਕਰਦੇ ਹੋਏ ਹੋਰ ਬਿਹਤਰ ਤਰੀਕੇ ਨਾਲ ਕੰਮ ਕਰਨ ਵਾਲੇ ਟੂਲਜ਼ ਦੇ ਪ੍ਰੋਡਕਟ ਪੱਧਰ ਉੱਤੇ ਨਿਰਮਾਣ ਕਰਨ ਹਿਤ ਕਾਰਜ ਕੀਤਾ ਜਾਵੇਗਾ।
ਇਸ ਸੰਬੰਧੀ ਵਿਸਥਾਰ ਵਿਚ ਗੱਲ ਕਰਦਿਆਂ ਕੰਪਿਊਟਰ ਵਿਗਿਆਨ ਵਿਭਾਗ ਦੇ ਪ੍ਰੋ. ਵਿਸ਼ਾਲ ਗੋਇਲ ਨੇ ਦੱਸਿਆ ਕਿ 2019 ਕੰਪਿਊਟਰ ਸਾਇੰਸ ਵਿਭਾਗ ਤੋਂ ਉਨ੍ਹਾਂ (ਪ੍ਰੋ. ਵਿਸ਼ਾਲ) ਨੂੰ ਅਤੇ ਡੀ.ਏ.ਵੀ. ਕਾਲਜ ਜਲੰਧਰ ਤੋਂ ਡਾ. ਰਾਜੀਵ ਪੁਰੀ ਨੂੰ ਇਸ ਮਾਮਲੇ ਵਿੱਚ ਹਿੰਦੀ ਅਤੇ ਪੰਜਾਬੀ ਭਾਸ਼ਾਵਾਂ ਉੱਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਦੇ ਹੋਏ ਭਾਰਤੀ ਭਾਸ਼ਾਵਾਂ ਵਿੱਚ ਸਾਹਿਤਕ ਚੋਰੀ ਫੜਨ ਸੰਬੰਧੀ ਖੋਜ ਟੂਲ ਦੇ ਵਿਕਾਸ ਲਈ 20 ਲੱਖ ਰੁਪਏ ਦੀ ਗ੍ਰਾਂਟ ਹਾਸਲ ਹੋਈ ਸੀ।
ਇਸ ਟੀਮ ਨੇ ਇਸ ਨੂੰ ਸੰਸਾਰ ਦੀ ਹਰ ਭਾਸ਼ਾ ਲਈ ਲਾਗੂ ਹੋਣ ਵਾਲੇ ਆਮ ਆਰਕੀਟੈਕਚਰ ਮਾਡਲ ਦੇ ਤੌਰ ਉੱਤੇ ਵਿਕਸਤ ਕੀਤਾ ਸੀ, ਬਸ਼ਰਤੇ ਉਹਨਾਂ ਭਾਸ਼ਾਵਾਂ ਲਈ ਭਾਸ਼ਾ ਸਰੋਤ ਇਸ ਵਿੱਚ ਪਲੱਗ ਕੀਤੇ ਗਏ ਹੋਣ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਇਸ ਪ੍ਰਾਜੈਕਟ ਦੇ ਕੰਮ ਨੂੰ ਰਸਮੀ ਤੌਰ ਉੱਤੇ ਸਮਰਥਨ ਦਿੱਤਾ ਗਿਆ ਹੈ। ਸੰਬੰਧਤ ਫੰਡਿੰਗ ਮੰਤਰਾਲੇ ਦੁਆਰਾ ਨਾਮਜ਼ਦ ਕੀਤੀ ਗਈ ਪ੍ਰੋਜੈਕਟ ਮੁਲਾਂਕਣ ਟੀਮ ਨੇ ਆਪਣੀ ਅੰਤਿਮ ਰਿਪੋਰਟ ਵਿੱਚ ਇਸ ਪ੍ਰੋਜੈਕਟ ਨੂੰ ਪ੍ਰੋਡਕਟ ਪੱਧਰ ਤੱਕ ਲਿਜਾਣ ਅਤੇ ਇਸ ਉਤਪਾਦ ਨੂੰ ਮਾਰਕੀਟ ਵਿੱਚ ਲਿਆਉਣ ਲਈ ਸਿਫਾਰਸ਼ਾਂ ਦਿੱਤੀਆਂ ਸਨ।
ਉਨ੍ਹਾਂ ਦੀਆਂ ਸਿਫ਼ਾਰਸ਼ਾਂ ਉੱਤੇ ਵਿਚਾਰ ਕਰਦੇ ਹੋਏ, ਫੰਡਿੰਗ ਮੰਤਰਾਲੇ ਤੋਂ ਇਜਾਜ਼ਤ ਲੈਂਦਿਆਂ, ਇਹ ਟੀਮ ਬਲੂਏਵਜ਼ ਈ-ਹੈਲਥ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਨਾਲ ਇਕਰਾਰਨਾਮਾ ਕਰਨ ਲਈ ਸਹਿਮਤ ਹੋ ਗਈ।ਇਸ ਪ੍ਰੋਟੋਟਾਈਪ ਨੂੰ ਪ੍ਰੋਡਕਟ ਵਿੱਚ ਤਬਦੀਲ ਕਰਨ ਲਈ ਲੋੜੀਂਦੇ ਖਰਚੇ ਇਸ ਕੰਪਨੀ ਵੱਲੋਂ ਪੂਰੇ ਕੀਤੇ ਜਾਣਗੇ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਕੋਈ ਵਿੱਤੀ ਦੇਣਦਾਰੀ ਨਹੀਂ ਹੋਵੇਗੀ। ਇੱਕ ਵਾਰ ਜਦੋਂ ਇਹ ਪ੍ਰੋਡਕਟ ਤਿਆਰ ਹੋ ਜਾਵੇਗਾ, ਕੰਪਨੀ ਦੁਆਰਾ ਪ੍ਰਚਾਰ, ਮਾਰਕੀਟਿੰਗ ਆਦਿ ਦਾ ਧਿਆਨ ਰੱਖਿਆ ਜਾਵੇਗਾ ਅਤੇ ਉਹ ਆਪਣੇ ਸਰੋਤਾਂ ਦੀ ਵਰਤੋਂ ਕਰਕੇ ਇਸ ਨੂੰ ਵੇਚੇਗੀ। ਇਸ ਵਿੱਕਰੀ ਤੋਂ ਹੋਣ ਵਾਲਾ ਲਾਭ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਬਲੂਏਵਜ਼ ਈ-ਹੈਲਥ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਵਿੱਚ ਬਰਾਬਰ ਸਾਂਝਾ ਕੀਤਾ ਜਾਵੇਗਾ।
ਯੂਨੀਵਰਸਿਟੀ ਵੱਲੋਂ ਹੁਣ ਤੱਕ ਕੀਤੇ ਗਏ ਇਕਰਾਰਨਾਮਿਆਂ ਵਿੱਚ ਇਹ ਵਿਲੱਖਣ ਕਿਸਮ ਦੀ ਖੋਜ ਸਾਂਝ ਹੈ। ਡਾਕਟਰ ਵਿਸ਼ਾਲ ਗੋਇਲ ਦਾ ਮੰਨਣਾ ਹੈ ਕਿ ਇੱਕ ਵਾਰ ਜਦੋਂ ਇਹ ਪ੍ਰੋਡਕਟ ਤਿਆਰ ਹੋ ਜਾਵੇਗਾ, ਤਾਂ ਇਹ ਸਾਹਿਤਕ ਚੋਰੀ ਦਾ ਪਤਾ ਲਗਾਉਣ ਵਾਲੇ ਪ੍ਰਸਿੱਧ ਸਾਧਨਾਂ ਜਿਵੇਂ ਕਿ ਟਰਨੀਟਿਨ, ਓਰੀਜਿਨਲ, ਇਥੈਂਟੀਕੇਟ, ਡ੍ਰਿਲਬਿਟ ਆਦਿ ਨਾਲ ਪੂਰੀ ਤਰ੍ਹਾਂ ਮੁਕਾਬਲਾ ਕਰੇਗਾ। ਕੰਪਨੀ ਇਸ ਦੇ ਤਿਆਰ ਹੋਣ ਉੱਤੇ ਇਸ ਨੂੰ ਵੇਚਣ ਲਈ ਯੂ. ਜੀ. ਸੀ., ਏ.ਆਈ.ਸੀ.ਟੀ. ਈ. ਪ੍ਰਾਈਵੇਟ ਯੂਨੀਵਰਸਿਟੀਆਂ, ਵਿਦੇਸ਼ੀ ਯੂਨੀਵਰਸਿਟੀਆਂ ਆਦਿ ਨਾਲ ਸੰਪਰਕ ਕਰੇਗੀ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਾਲ ਹੀ ਵਿੱਚ ਪ੍ਰੋ. ਵਿਸ਼ਾਲ ਗੋਇਲ ਦੀ ਰਹਿਨੁਮਾਈ ਹੇਠ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਖੋਜ ਸ਼ਾਖਾ ਨੂੰ ਵੀ ਕਾਗਜ਼ ਰਹਿਤ ਕੀਤਾ ਗਿਆ ਹੈ ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਇੱਕ ਵੱਡੀ ਪ੍ਰਾਪਤੀ ਹੈ। ਉਸਨੇ ਵੈਬਸਾਈਟ ਰਾਹੀਂ ਨੈਕ ਲਈ ਲੋੜੀਂਦੇ ਅੰਕੜਿਆਂ ਨੂੰ ਇਕੱਤਰ ਕਰਨ ਦੀ ਪ੍ਰਕਿਰਿਆ ਨੂੰ ਡਿਜੀਟਲ ਕਰਨ ਲਈ ਟੀਮ ਦੀ ਅਗਵਾਈ ਵੀ ਕੀਤੀ ਹੈ। ਇਸੇ ਤਰ੍ਹਾਂ ਪਬਲੀਕੇਸ਼ਨ ਬਿਊਰੋ ਵੀ ਆਟੋਮੇਸ਼ਨ ਪ੍ਰਕਿਰਿਆ ਅਧੀਨ ਹੈ।
ਇਕਰਾਰਨਾਮੇ ਉੱਪਰ ਦਸਤਖ਼ਤ ਕਰਨ ਦੀ ਇਸ ਰਸਮ ਮੌਕੇ ਹਰਪਿੰਦਰ ਪਾਲ ਸਿੰਘ, ਸੀ.ਈ.ਓ., ਬਲੂ ਐਵੇਸ ਈ-ਹੈਲਥ ਸਰਵਿਸਿਜ਼ ਪ੍ਰਾ. ਲਿਮਟਿਡ, ਪ੍ਰੋ.ਏ.ਕੇ. ਤਿਵਾੜੀ, ਡੀਨ ਅਕਾਦਮਿਕ ਮਾਮਲੇ, ਪ੍ਰੋ.ਨਵਜੋਤ ਕੌਰ, ਰਜਿਸਟਰਾਰ, ਪ੍ਰੋ.ਸੁਖਜੀਤ ਕੇ. ਰਾਨਾਡੇ, ਪ੍ਰੋਫੈਸਰ ਅਤੇ ਮੁਖੀ, ਕੰਪਿਊਟਰ ਵਿਗਿਆਨ ਵਿਭਾਗ ਅਤੇ ਪ੍ਰੋ. ਵਿਸ਼ਾਲ ਗੋਇਲ, ਪ੍ਰੋਫੈਸਰ, ਕੰਪਿਊਟਰ ਵਿਗਿਆਨ ਵਿਭਾਗ ਤੋਂ ਇਲਾਵਾ ਬਲੂ ਐਵੇਸ ਈ-ਹੈਲਥ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਦੇ ਟੀਮ ਮੈਂਬਰ ਮਜੀਦ, ਬਸ਼ੀਰ ਅਤੇ ਆਸ਼ੀਸ਼ ਹਾਜ਼ਰ ਸਨ।