ਇਸਲਾਮੀਆ ਗਰਲਜ਼ ਸਕੂਲ ਵਿਖੇ ਕੈਰੀਅਰ ਗਾਈਡੈਂਸ ਪ੍ਰੋਗਰਾਮ ਰਿਹਾ ਯਾਦਗਾਰੀ
---ਕਾਮਯਾਬੀ ਕੋਈ ਜਾਦੂ ਦੀ ਛੜੀ ਨਹੀਂ ਕਿ ਹਾਸਲ ਹੋ ਗਈ ਇਸ ਲਈ ਦਿਨ ਰਾਤ ਮਿਹਨਤ ਅਤੇ ਪੱਕਾ ਇਰਾਦਾ ਸ਼ਰਤ --ਐੱਸ.ਐੱਸ.ਪੀ ਮੈਡਮ ਅਵਨੀਤ ਕੌਰ ਸਿੱਧੂ
---ਰੱਬ ਨੂੰ ਹਮੇਸ਼ਾ ਯਾਦ ਰੱਖਣਾ ਨੀਅਤ ਦਾ ਸਾਫ਼ ਹੋਣਾ ਸੋਚ ਦਾ ਸਹੀ ਅਤੇ ਈਮਾਨਦਾਰੀ ਵਾਲੀ ਹੋਣਾ ਕਾਮਯਾਬੀ ਦੇ ਰਸਤੇ
---ਕਾਮਯਾਬੀ ਚਾਹੁੰਦੇ ਹੋ ਤਾਂ ਆਪਣੇ ਮਾਂ ਬਾਪ ਨਾਲ ਹਰ ਗੱਲ ਜ਼ਰੂਰ ਸ਼ੇਅਰ ਕਰੋ ,ਉਨ੍ਹਾਂ ਤੋਂ ਵਧੀਆ ਸਾਥੀ ਅਤੇ ਹੌਸਲਾ ਵਧਾਉਣ ਵਾਲਾ ਕੋਈ ਨਹੀਂ
---ਬਰਦਾਸ਼ਤ, ਸਬਰ ਅਤੇ ਹਾਂ ਪੱਖੀ ਰਵੱਈਆ ਕਾਮਯਾਬੀ ਦੀਆਂ ਪੌੜੀਆਂ ਜਿਨ੍ਹਾਂ ਨਾਲ ਦੁਸ਼ਮਣ ਵੀ ਤੁਹਾਡੇ ਆਪਣੇ ਬਣਨ ਜਾਦੇ ਹਨ
---ਨਾਕਾਮੀ ਤੋ ਘਬਰਾਉਣਾ ਨਹੀਂ ਚਾਹੀਦਾ ਸਗੋਂ ਕਈ ਵਾਰ ਨਾਕਾਮੀ ਕੁਦਰਤ ਵੱਲੋਂ ਹੋਰ ਚੰਗਾ ਬਣਾਉਣ ਅਤੇ ਵੱਡੀ ਕਾਮਯਾਬੀ ਲਈ ਦਿੱਤੀ ਜਾਂਦੀ ਹੈ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 19 ਅਗਸਤ 2022 - ਕਾਮਯਾਬੀ ਕੋਈ ਜਾਦੂ ਦੀ ਛੜੀ ਨਹੀਂ ਕਿ ਹਾਸਲ ਹੋ ਗਈ ਇਸ ਲਈ ਜਿਥੇ ਦਿਨ ਰਾਤ ਮਿਹਨਤ ਅਤੇ ਪੱਕਾ ਇਰਾਦਾ ਸ਼ਰਤ ਹੈ ਉਥੇ ਹੀ ਰੱਬ ਨੂੰ ਹਮੇਸ਼ਾ ਯਾਦ ਰੱਖਣਾ ਨੀਅਤ ਦਾ ਸਾਫ਼ ਹੋਣਾ ਸੋਚ ਸਹੀ ਅਤੇ ਈਮਾਨਦਾਰੀ ਵਾਲੀ ਹੋਣਾ ਕਾਮਯਾਬੀ ਦੇ ਰਸਤੇ ਹਨ , ਆਪਣੇ ਅੰਦਰ ਪਾਈਆਂ ਜਾਂਦੀਆਂ ਕਮਜ਼ੋਰੀਆਂ ਨੂੰ ਘੱਟ ਬੋਲੋ ਤਾਂ ਕਿ ਤੁਹਾਡੇ ਅੰਦਰ ਇਹ ਘਰ ਨਾ ਕਰ ਲੈਣ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਾਲੇਰਕੋਟਲਾ ਦੀ ਪੁਲਸ ਮੁਖੀ ਮੈਡਮ ਅਵਨੀਤ ਕੌਰ ਸਿੱਧੂ ਨੇ ਸਥਾਨਕ ਪੰਜਾਬ ਵਕਫ਼ ਬੋਰਡ ਦੇ ਪ੍ਰਬੰਧਾਂ ਅਧੀਨ ਚੱਲਣ ਵਾਲੇ ਲੜਕੀਆਂ ਦੇ ਵੱਡੇ ਅਦਾਰੇ ਇਸਲਾਮੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ "ਕੈਰੀਅਰ ਗਾਇਡੈਂਸ ਪ੍ਰੋਗਰਾਮ" ਨੂੰ ਸੰਬੋਧਨ ਕਰਦਿਆਂ ਕੀਤਾ ।
ਸਿੱਧੂ ਨੇ ਇਸ ਮੌਕੇ ਤੇ ਕਿਹਾ ਕਿ ਆਪਣੇ ਮਾਂ ਬਾਪ ਅਤੇ ਅਧਿਆਪਕਾਂ ਦੀਆਂ ਸਿੱਖਿਆਵਾਂ ਨੂੰ ਕਦੇ ਅਣਗੌਲਿਆ ਨਾ ਕਰਨਾ ਵੀ ਕਾਮਯਾਬੀ ਦਾ ਰਾਜ਼ ਛੁਪਾਏ ਹੋਏ ਹੈ । ਉਨ੍ਹਾਂ ਕਿਹਾ ਕਿ ਤੁਹਾਡੇ ਸਭ ਤੋਂ ਵੱਡੇ ਸ਼ੁਭ ਚਿੰਤਕ ਤੁਹਾਡੇ ਮਾਂ ਬਾਪ ਅਤੇ ਉਸ ਤੋਂ ਬਾਅਦ ਅਧਿਆਪਕ ਹੀ ਹੁੰਦੇ ਹਨ ਜਿਨ੍ਹਾਂ ਨੂੰ ਤੁਹਾਡੀ ਹਰ ਕਾਮਯਾਬੀ ਦੀ ਦੂਜਿਆਂ ਨਾਲੋਂ ਵਧੇਰੇ ਖੁਸ਼ੀ ਹੁੰਦੀ ਹੈ । ਇਸ ਲਈ ਆਪਣੀ ਹਰ ਗੱਲ ਆਪਣੇ ਮਾਂ ਬਾਪ ਨਾਲ ਸ਼ਿਅਰ ਜ਼ਰੂਰ ਕਰੋ ,ਉਨ੍ਹਾਂ ਤੋਂ ਵਧੀਆ ਸਾਥੀ ਅਤੇ ਹੌਸਲਾ ਵਧਾਉਣ ਵਾਲਾ ਕੋਈ ਨਹੀਂ ਹੋ ਸਕਦਾ । ਉਨ੍ਹਾਂ ਦੱਸਿਆ ਕਿ ਉਹ ਜੋ ਕੁਝ ਵੀ ਅੱਜ ਹਨ ਆਪਣੇ ਮਾਂ ਬਾਪ ਦੀ ਬਦੌਲਤ ਹਨ। ਉਨ੍ਹਾਂ ਕਿਹਾ ਕਿ ਹਮੇਸ਼ਾਂ ਹਾਂ ਪੱਖੀ ਸੋਚ ਅਖ਼ਤਿਆਰ ਕਰੀਏ ਕਿਉਂਕਿ ਨਾਂਹ ਪੱਖੀ ਲੋਕਾਂ ਨੂੰ ਕਾਮਯਾਬੀ ਲਈ ਵਧੇਰੇ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਬਰਦਾਸ਼ਤ, ਸਬਰ ਅਤੇ ਹਾਂ ਪੱਖੀ ਰਵੱਈਆ ਕਾਮਯਾਬੀ ਦੀਆਂ ਪੌੜੀਆਂ ਜਿਨ੍ਹਾਂ 'ਚ ਦੁਸ਼ਮਣ ਵੀ ਤੁਹਾਡੇ ਆਪਣੇ ਬਣਨ ਦੀ ਤਾਕਤ ਹੈ। ਹਾਂ ਪੱਖੀ ਰਵੱਈਏ ਦਾ ਮਿਲਨਾ ਰੱਬ ਵੱਲੋਂ ਦਿੱਤੀ ਵੱਡੀ ਸੌਗਾਤ ਹੈ ਜੋ ਹਰ ਇੱਕ ਨੂੰ ਨਸੀਬ ਨਹੀਂ ਹੁੰਦੀ ।
ਅਰਜੁਨ ਐਵਾਰਡੀ ਮੈਡਮ ਅਵਨੀਤ ਕੌਰ ਸਿੱਧੂ ਨੇ ਸੰਬੋਧਨ ਦੌਰਾਨ ਕਿਹਾ ਕਿ ਖ਼ੁਸ਼ ਰਹੋ ਹੱਸੋ ਖੇਡੋ ਇਹ ਵੀ ਕਾਮਯਾਬੀ ਦਾ ਹਿੱਸਾ ਹਨ । ਉਨ੍ਹਾਂ ਕਿਹਾ ਕਿ ਮੌਕੇ ਤੇ ਬਣੇ ਹਾਲਾਤ ਨਾਲ ਸਮਝੌਤਾ ਕਰਨਾ ਵੀ ਕਾਮਯਾਬੀ ਦਾ ਜ਼ਰੀਆ ਹੈ ਕਈ ਵਾਰ ਅਸੀਂ ਕਿਸੇ ਚੀਜ਼ 'ਚ ਨਾਕਾਮ ਰਹਿਣ ਤੇ ਦਿਲ ਛੱਡ ਜਾਂਦੇ ਹਾਂ ਜਦੋ ਕਈ ਵਾਰ ਕੁਦਰਤ ਵੱਲੋਂ ਇਸ ਨਾਕਾਮੀ ਨੂੰ ਹੋਰ ਚੰਗਾ ਬਣਾਉਣ ਅਤੇ ਵੱਡੀ ਕਾਮਯਾਬੀ ਲਈ ਇਹ ਨਾਕਾਮੀ ਦਿੱਤੀ ਜਾਂਦੀ ਹੈ । ਉਨ੍ਹਾਂ ਵਿਦਿਆਰਥੀਆਂ ਦੇ ਪੁੱਛਣ ਤੇ ਆਪਣੇ ਬਾਰੇ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਬੀ.ਏ ਵਿੱਚ ਪੜ੍ਹਦਿਆਂ ਦਸਮੇਸ਼ ਕਾਲਜ ਬਾਦਲ ਤੋਂ ਆਪਣੀ ਖੇਡ ਸ਼ੂਟਿੰਗ ਸਟਾਰਟ ਕਰਨ ਲੱਗੇ ਕਦੀ ਸੋਚਿਆ ਵੀ ਨਹੀਂ ਸੀ ਕਿ ਉਹ ਅਰਜੁਨ ਐਵਾਰਡੀ ਬਣਨਗੇ ਪਰ ਉਨ੍ਹਾਂ ਕਦੇ ਹਿੰਮਤ ਨਹੀਂ ਹਾਰੀ ਪੜ੍ਹਾਈ ਦੌਰਾਨ ਵੀ ਉਨ੍ਹਾਂ ਨੇ ਪੰਜ ਸਾਲ ਕਾਲਜ ਦੀ ਟੌਪਰ ਅਤੇ ਸ਼ੂਟਿੰਗ ਵਿੱਚ ਹਮੇਸ਼ਾਂ ਚੰਗਾ ਸਥਾਨ ਪ੍ਰਾਪਤ ਕੀਤਾ ।
ਇਸ ਤੋਂ ਪਹਿਲਾਂ ਉਨ੍ਹਾਂ ਦਾ ਸਥਾਨਕ ਇਸਲਾਮੀਆ ਸਕੂਲ ਵਿਖੇ ਪਹੁੰਚਣ ਤੇ ਪ੍ਰਿੰਸੀਪਲ ਮੈਡਮ ਸ਼ਬਾ ਸ਼ਾਹੀਨ ਸਵਾਗਤ ਕੀਤਾ ਅਤੇ ਮੈਨੇਜਰ ਮੁਹੰਮਦ ਅਸ਼ਰਫ ਨੇ ਉਨ੍ਹਾਂ ਨੂੰ ਜੀ ਆਇਆਂ ਕਿਹਾ । ਸਕੂਲ ਕਮੇਟੀ ਦੀ ਚੇਅਰਪਰਸਨ ਪ੍ਰੋ.ਜ਼ਿਆ ਜਮਾਲ ਨੇ ਉਨ੍ਹਾਂ ਦਾ ਸਕੂਲ ਵਿਚ ਆਉਣਾ ਮਾਣ ਵਾਲੀ ਗੱਲ ਦੱਸਦਿਆਂ ਕਿਹਾ ਕਿ ਉਨ੍ਹਾਂ ਦਾ ਇਸ ਪ੍ਰੋਗਰਾਮ ਵਿਚ ਸ਼ਾਮਿਲ ਹੋਣਾ ਬੱਚਿਆਂ ਲਈ ਬੇਹੱਦ ਲਾਹੇਵੰਦ ਸਾਬਤ ਹੋਵੇਗਾ । ਇਸ ਮੌਕੇ ਤੇ ਐੱਸ.ਐੱਸ.ਪੀ ਦੇ ਰੀਡਰ ਸ੍ਰੀ ਬਲਜੀਤ ਸਿੰਘ ਚਹਿਲ , ਪ੍ਰਬੰਧਕ ਕਮੇਟੀ ਦੇ ਮੈਂਬਰ ਮਾਸਟਰ ਖ਼ਾਲਿਦ ਮਹਿਮੂਦ ਅਤੇ ਸਕੂਲ ਦਾ ਸਟਾਫ ਵੀ ਹਾਜ਼ਰ ਸੀ ।