ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦੇਸ਼ੀ ਭਾਸ਼ਾਵਾਂ ਵਿਭਾਗ ਵੱਲੋਂ ਜਰਮਨੀ ਵਿੱਚ ਕਿੱਤਿਆਂ ਦੀ ਮੰਗ ਵਿਸ਼ੇ `ਤੇ ਸੈਮੀਨਾਰ
ਅੰਮ੍ਰਿਤਸਰ, 23 ਸਤੰਬਰ, 2022 - ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦੇਸ਼ੀ ਭਾਸ਼ਾਵਾਂ ਵਿਭਾਗ ਵੱਲੋਂ “ਜਰਮਨੀ ਵਿੱਚ ਕਿਤਿਆਂ ਦੀ ਮੰਗ” ਵਿਸ਼ੇ ਦਾ ਸੈਮੀਨਾਰ ਆ ਕਰਵਾਇਆ ਗਿਆ।ਗੋਏਥੇ ਇੰਸਟੀਚਿਊਟ ਦੇ ਸੂਚਨਾ ਸੈਮੀਨਾਰ ਦੇ ਉਦਘਾਟਨੀ ਸੈਸ਼ਨ ਦੌਰਾਨ ਡੀਨ ਅਕਾਦਮਿਕ ਮਾਮਲੇ, ਪ੍ਰੋ. ਸਰਬਜੋਤ ਸਿੰਘ ਬਹਿਲ ਨੇ ਕਿਹਾ ਕਿ ਬਹੁ-ਭਾਸ਼ਾਈਵਾਦ ਸਾਡੇ ਵਿਸ਼ਵ ਵਿੱਚ ਇੱਕ ਬਹੁਤ ਵੱਡੀ ਸੰਪੱਤੀ ਹੈ ਜੋ ਕਿ ਕੌਮਾਂ, ਨਸਲਾਂ, ਧਰਮਾਂ, ਖਾਸ ਤੌਰ `ਤੇ ਨਾਜ਼ੁਕ ਮਾਮਲਿਆਂ ਵਾਲੇ ਸੰਸਾਰ ਵਿੱਚ ਇਕ ਅਹਿਮ ਰੋਲ ਅਦਾ ਕਰਦਾ ਹੈ।
ਸਾਡੇ ਸਮਿਆਂ ਵਿੱਚ ਵਿਦੇਸ਼ੀ ਭਾਸ਼ਾਵਾਂ ਦੀ ਵੱਧ ਰਹੀ ਮਹੱਤਤਾ ਉੱਤੇ ਜ਼ੋਰ ਦਿੰਦਿਆਂ ਪ੍ਰੋ. ਬਹਿਲ ਨੇ ਕਿਹਾ ਕਿ ਭਾਸ਼ਾ ਦਾ ਗਿਆਨ ਸਿੱਖਣ ਵਾਲਿਆਂ ਲਈ ਨਵੇਂ ਰਾਹ ਖੋਲ੍ਹਦਾ ਹੈ ਕਿਉਂਕਿ ਭਾਸ਼ਾ ਸਿੱਖਣ ਵਿੱਚ ਨਾ ਸਿਰਫ਼ ਧੁਨੀ, ਰੂਪ ਵਿਗਿਆਨਿਕ, ਸ਼ਬਦਾਵਲੀ, ਵਾਕ-ਰਚਨਾ ਸਗੋਂ ਸੱਭਿਆਚਾਰ, ਪਰੰਪਰਾਵਾਂ, ਵਿਸ਼ੇਸ਼ ਭਾਸ਼ਾ ਦੇ ਭਾਈਚਾਰੇ ਨਾਲ ਜੁੜੇ ਸੰਮੇਲਨ, ਰੀਤੀ ਰਿਵਾਜ ਆਦਿ ਵੀ ਸ਼ਾਮਿਲ ਹੁੰਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਾ ਸਿਰਫ਼ ਭਾਸ਼ਾਵਾਂ ਦੀਆਂ ਸੀਮਾਵਾਂ ਨੂੰ ਪਾਰ ਕਰਕੇ ਆਪੋ-ਆਪਣੇ ਖੇਤਰ ਵਿੱਚ ਅੱਗੇ ਵਧਣਾ ਚਾਹੀਦਾ ਹੈ ਸਗੋਂ ਮਨੁੱਖਤਾ ਨੂੰ ਕੇਂਦਰ ਵਿਚ ਰਖਦੇ ਹੋਏ ਇੱਕ ਦੂਜੇ ਦੇ ਨੇੜੇ ਆਉਣਾ ਚਾਹੀਦਾ ਹੈ।
ਸ਼੍ਰੀਮਤੀ ਸੋਨਾਲੀ ਸਹਿਗਲ, ਪ੍ਰੋਜੈਕਟ ਮੈਨੇਜਰ, ਨੈਟਵਰਕ ਐਕਸਟੈਂਸ਼ਨ, ਗੋਏਥੇ ਇੰਸਟੀਚਿਊਟ, ਨਵੀਂ ਦਿੱਲੀ ਨੇ ਸੈਮੀਨਾਰ ਬਾਰੇ ਵਿਸਥਾਰ ਵਿਚ ਪੇਸ਼ਕਾਰੀ ਦਿੱਤੀ। ਜਰਮਨੀ ਵਿੱਚ ਉਪਲਬਧ ਮੌਕਿਆਂ ਬਾਰੇ ਬੋਲਦਿਆਂ ਉਨ੍ਹਾਂ ਨੌਜਵਾਨ ਪੀੜ੍ਹੀ ਲਈ ਰੁਜ਼ਗਾਰ ਦੇ ਦ੍ਰਿਸ਼ਟੀਕੋਣ ਤੋਂ ਇਲਾਵਾ ਖੋਜ ਦੇ ਖੇਤਰ ਵਿੱਚ ਸਿੱਖਿਆ, ਡਾਕਟਰੇਟ ਅਤੇ ਪੋਸਟ-ਡਾਕਟੋਰਲ ਮੌਕਿਆਂ `ਤੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਜਰਮਨੀ ਦੁਨੀਆ ਦਾ ਇਕਲੌਤਾ ਦੇਸ਼ ਹੈ, ਜਿੱਥੇ ਵਿਦੇਸ਼ੀ ਵਿਦਿਆਰਥੀਆਂ ਲਈ ਵੀ ਸਿੱਖਿਆ ਬਿਲਕੁਲ ਮੁਫਤ ਹੈ, ਉਨ੍ਹਾਂ ਇਸ ਅਵਸਰ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਆ। ਸੁਆਲ ਜੁਆਬ ਸੈਸ਼ਨ ਵਿਚ ਸ਼੍ਰੀਮਤੀ ਸੋਨਾਲੀ ਸਹਿਗਲ ਅਤੇ ਸ਼੍ਰੀਮਤੀ ਮੋਹਿਤਾ ਮਿਗਲਾਨੀ, ਪ੍ਰੋਜੈਕਟ ਮੈਨੇਜਰ, ਐਜੂਕੇਸ਼ਨਲ ਸਰਵਿਸਿਜ਼, ਜੀਆਈ ਨੇ ਫੈਕਲਟੀ ਮੈਂਬਰਾਂ, ਖੋਜ ਵਿਦਵਾਨਾਂ, ਵਿਦਿਆਰਥੀਆਂ, ਵੱਖ-ਵੱਖ ਖੇਤਰਾਂ ਦੇ ਪੇਸ਼ੇਵਰਾਂ ਨਾਲ ਗੱਲਬਾਤ ਕੀਤੀ।
ਡਾ. ਅਮਿਤ ਚੋਪੜਾ, ਅਸਿਸਟੈਂਟ ਪਲੇਸਮੈਂਟ ਅਫਸਰ ਨੇ ਕਿਹਾ ਕਿ ਵਿਦੇਸ਼ੀ ਭਾਸ਼ਾਵਾਂ ਦੇ ਢੁਕਵੇਂ ਗਿਆਨ ਨਾਲ ਅਸੀਂ ਕਈ ਤਰ੍ਹਾਂ ਦੀਆਂ ਸੀਮਾਵਾਂ ਨੂੰ ਉਲੰਘ ਸਕਦੇ ਹਾਂ। ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ, ਐਮ.ਐਲ.ਏ ਇਸ ਮੌਕੇ ਵਿਸ਼ੇਸ਼ ਤੌਰ `ਤੇ ਹਾਜ਼ਰ ਸਨ। ਉਨ੍ਹਾਂ ਇਸ ਮੌਕੇ ਆਪਣੇ ਸੰਬੋਧਨ ਵਿਚ ਉਨ੍ਹਾਂ ਸਮਕਾਲੀ ਸਮੇਂ ਵਿੱਚ ਬਹੁ-ਭਾਸ਼ਾਈਵਾਦ ਦੀ ਲਗਾਤਾਰ ਵੱਧ ਰਹੀ ਮਹੱਤਤਾ ਨੂੰ ਸਾਹਮਣੇ ਲਿਆਂਦਾ ਅਤੇ ਨਾਲ ਹੀ ਉਨ੍ਹਾਂ ਆਪਣੀ ਭਾਸ਼ਾ ਨੂੰ ਨਜ਼ਰਅੰਦਾਜ਼ ਕਰਨ ਤੋਂ ਵੀ ਸੁਚੇਤ ਕੀਤਾ। ਇਸ ਤੋਂ ਪਹਿਲਾਂ ਡਾ. ਮੋਹਨ ਕੁਮਾਰ, ਮੁਖੀ ਵਿਭਾਗ ਨੇ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ. ਪੀ.ਐੱਸ. ਸ਼ਰਮਾ (ਸੇਵਾਮੁਕਤ), ਪ੍ਰੋ. ਦਲਬੀਰ ਸਿੰਘ, ਸੰਸਕ੍ਰਿਤ ਵਿਭਾਗ, ਪ੍ਰੋ. ਅਮਰਜੀਤ ਸਿੰਘ, ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ, ਹਿੰਦੀ ਵਿਭਾਗ ਦੀ ਮੁਖੀ ਡਾ. ਸੁਨੀਤਾ ਸ਼ਰਮਾ ਆਦਿ ਹਾਜ਼ਰ ਸਨ।