ਮਾਤਾ ਗੁਜਰੀ ਕਾਲਜ ਦੇ ਵਿਦਿਆਰਥੀਆਂ ਨੇ ਪੰਜਾਬ ਖੇਡ ਮੇਲਾ 2022 ਵਿੱਚ ਨਾਮਣਾ ਖੱਟਿਆ
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ, 27 ਸਤੰਬਰ 2022 - ਪੰਜਾਬ ਖੇਡ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਖੇਡ ਮੇਲਾ 2022 ਵਿੱਚ ਮਾਤਾ ਗੁਜਰੀ ਕਾਲਜ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ ਜਿਸ ਵਿੱਚ ਬਾਸਕਟਬਾਲ ਲੜਕਿਆਂ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਦੇ ਨਾਲ ਹੀ ਕਾਲਜ ਦੇ ਖਿਡਾਰੀਆਂ ਨੇ ਅਥਲੈਟਿਕਸ, ਵੇਟਲਿਫਟਿੰਗ, ਪਾਵਰ ਲਿਫਟਿੰਗ, ਬੈਡਮਿੰਟਨ ਅਤੇ ਕਬੱਡੀ ਆਦਿ ਮੁਕਾਬਲਿਆਂ ਵਿਚ ਵੀ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਉੱਤੇ ਰਹਿ ਕੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਖੇਡ ਮਕਾਬਲਿਆਂ ਵਿੱਚ ਕਾਲਜ ਦੀ ਖਿਡਾਰਨ ਵਰਨ ਦੇਵ ਕੌਰ ਨੇ ਪੰਜਾਬ ਖੇਡ ਮੇਲਾ ਪਾਵਰਲਿਫਟਿੰਗ ਸਟਰੌਂਗ ਵੁਮੈਨ ਦਾ ਖਿਤਾਬ ਪ੍ਰਾਪਤ ਕੀਤਾ।
ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਪੰਜਾਬ ਖੇਡ ਮੇਲੇ ਵਿੱਚ ਮੱਲਾਂ ਮਾਰਨ ਵਾਲੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਅਤੇ ਸ਼ੁੱਭ ਕਾਮਨਾਵਾਂ ਦਿੰਦਿਆਂ ਉਨ੍ਹਾਂ ਨੂੰ ਹੋਰ ਅੱਗੇ ਵੱਧਣ ਲਈ ਉਤਸ਼ਾਹਿਤ ਕੀਤਾ ਅਤੇ ਇਹ ਆਸ ਜਤਾਈ ਕਿ ਪੰਜਾਬ ਦੇ ਨੌਜਵਾਨ ਪੰਜਾਬ ਸੂਬੇ ਵਿਚੋਂ ਖੇਡਾਂ ਰਾਹੀਂ ਨਸ਼ੇ ਵਰਗੇ ਕੋਹੜ ਨੂੰ ਖਤਮ ਕਰ ਦੇਣ ਅਤੇ ਸਿਹਤਮੰਦ ਤੇ ਰੰਗਲੇ ਪੰਜਾਬ ਦੀ ਸਿਰਜਣਾ ਕਰਨ।
ਡੀਨ ਸਪੋਰਟਸ ਡਾ. ਬਿਕਰਮਜੀਤ ਸਿੰਘ ਨੇ ਪੰਜਾਬ ਖੇਡ ਮੇਲੇ ਦੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਕਾਲਜ ਦੇ ਵਿਦਿਆਰਥੀਆਂ ਦੀਆਂ ਖੇਡ ਗਤੀਵਿਧੀਆਂ ਅਤੇ ਕਾਲਜ ਵਿੱਚ ਖੇਡਾਂ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਭਵਿੱਖੀ ਯੋਜਨਾਵਾਂ 'ਤੇ ਚਾਨਣਾ ਪਾਇਆ। ਕਾਲਜ ਦੇ ਖੇਡ ਵਿਭਾਗ ਦੇ ਮੁਖੀ ਪ੍ਰੋ. ਹਰਜੀਤ ਕੌਰ ਅਤੇ ਕੋਚ ਸ੍ਰ. ਬਹਾਦਰ ਸਿੰਘ ਨੇ ਖਿਡਾਰੀਆਂ ਨੂੰ ਸ਼ਾਬਾਸ਼ ਦਿੰਦਿਆਂ ਖੇਡਾਂ ਦੇ ਖੇਤਰ ਵਿੱਚ ਹੋਰ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ ਅਤੇ ਪੰਜਾਬ ਖੇਡ ਮੇਲੇ ਵਿੱਚ ਜੇਤੂ ਅਤੇ ਭਾਗ ਲੈਣ ਵਾਲੇ ਸਭ ਖਿਡਾਰੀਆਂ ਨੂੰ ਵਧਾਈ ਦਿੱਤੀ।