ਸ਼ਹੀਦ ਭਗਤ ਸਿੰਘ ਦੀ ਯਾਦ ਵਿੱਚ ਕਰਵਾਏ ਜਾਣਗੇ ਪੇਂਟਿੰਗ ਅਤੇ ਲੇਖ ਲਿਖਣ ਮੁਕਾਬਲੇ
- ਵਿਦਿਆਰਥੀ ਅਤੇ ਅਧਿਆਪਕ ਦੁਪਹਿਰ 12 ਵਜੇ ਸਹੁੰ ਚੁੱਕ ਸਮਾਗਮ ਵਿੱਚ ਲੈਣਗੇ ਹਿੱਸਾ
ਲੁਧਿਆਣਾ, 27 ਸਤੰਬਰ ,2022 - ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸਿੱਖਿਆ ਵਿਭਾਗ ਪੰਜਾਬ ਨੇ ਪੰਜਾਬ ਦੇ ਹਜ਼ਾਰਾਂ ਸਰਕਾਰੀ ਸਕੂਲਾਂ ਦੇ ਸਮੂਹ ਸਕੂਲ ਮੁਖੀਆਂ ਅਤੇ ਪ੍ਰਿੰਸੀਪਲਾਂ ਨੂੰ ਸ਼ਹੀਦ ਭਗਤ ਸਿੰਘ ਦਾ 115ਵਾਂ ਜਨਮ ਦਿਹਾੜਾ ਭਲਕੇ 28 ਸਤੰਬਰ ਨੂੰ ਮਹਾਨ ਸ਼ਹੀਦ ਦੀ ਯਾਦ ਵਿੱਚ ਅਕਾਦਮਿਕ ਪ੍ਰੋਗਰਾਮ ਕਰਵਾ ਕੇ ਮਨਾਉਣ ਦੇ ਨਿਰਦੇਸ਼ ਦਿੱਤੇ ਹਨ।
ਡੀ.ਈ.ਓ ਸੈਕੰਡਰੀ ਮੈਡਮ ਜਸਵਿੰਦਰ ਕੌਰ ਨੇ ਮੀਡੀਆ ਨੂੰ ਦੱਸਿਆ ਕਿ ਵਿਭਾਗ ਵੱਲੋਂ ਭਲਕੇ ਮਹਾਨ ਸ਼ਹੀਦ ਭਗਤ ਸਿੰਘ ਦੀ ਯਾਦ ਵਿੱਚ ਸਕੂਲ ਮੁਖੀਆਂ ਅਤੇ ਪ੍ਰਿੰਸੀਪਲਾਂ ਨੂੰ ਪੇਂਟਿੰਗ ਮੁਕਾਬਲੇ ਅਤੇ ਲੇਖ ਲਿਖਣ ਮੁਕਾਬਲੇ ਕਰਵਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਧਿਆਪਕ ਇਸ ਮੌਕੇ 'ਤੇ ਆਪਣੇ ਵਿਦਿਆਰਥੀਆਂ ਨੂੰ ਯਾਦਗਾਰੀ ਪੋਸਟਰ ਬਣਾਉਣ ਲਈ ਪ੍ਰੇਰਿਤ ਕਰਨਗੇ ਅਤੇ ਮਹਾਨ ਸ਼ਹੀਦ ਦੀਆਂ ਕੁਰਬਾਨੀਆਂ ਅਤੇ ਜੀਵਨ ਇਤਿਹਾਸ ਨੂੰ ਯਾਦ ਕਰਦੇ ਹੋਏ ਸਵੇਰ ਦੀ ਸਭਾ ਮੌਕੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਡੀ.ਪੀ.ਆਈ. (ਸੈਕੰਡਰੀ ਸਕੂਲ) ਸ੍ਰੀ ਕੁਲਜੀਤ ਪਾਲ ਸਿੰਘ ਮਾਹੀ ਨੇ ਭਾਈਚਾਰਕ ਸਾਂਝ ਨੂੰ ਦਰਸਾਉਂਦਿਆਂ ਇਸ ਜਸ਼ਨ ਅਤੇ ਯਾਦਗਾਰ ਦੇ ਹਿੱਸੇ ਵਜੋਂ ਆਪੋ-ਆਪਣੇ ਸਕੂਲਾਂ ਵਿੱਚ 'ਪ੍ਰਗਟਾਵੇ ਦੀ ਕੰਧ'(ਡਿਸਪਲੇਅ ਬੋਰਡ) 'ਤੇ ਪੋਸਟਰ ਅਤੇ ਵਿਸ਼ੇਸ਼ ਪੇਂਟਿੰਗਜ਼ ਜਾਂ ਫੋਟੋਆਂ ਲਗਾਉਣ ਦੀ ਸਲਾਹ ਦਿੱਤੀ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਭਲਕੇ ਖਟਕੜ ਕਲਾਂ ਵਿਖੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਸੂਬਾ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ ਅਤੇ ਸਹੁੰ ਚੁੱਕ ਸਮਾਗਮ ਦਾ ਪ੍ਰਸਾਰਣ ਦੁਪਹਿਰ 12 ਵਜੇ ਐਜੂਸੈਟ, ਯੂ-ਟਿਊਬ, ਸੋਸ਼ਲ ਸਾਈਟਾਂ ਰਾਹੀਂ ਹੋਵੇਗਾ।“ਸਾਰੇ ਸਰਕਾਰੀ ਸਕੂਲਾਂ ਦੇ ਸਕੂਲ ਮੁਖੀ ਅਤੇ ਪ੍ਰਿੰਸੀਪਲ ਇਹ ਯਕੀਨੀ ਬਣਾਉਣਗੇ ਕਿ ਸਾਰੇ ਅਧਿਆਪਕ ਅਤੇ ਵਿਦਿਆਰਥੀ 45 ਮਿੰਟ ਦੇ ਉਸ ਸਹੁੰ ਚੁੱਕ ਸਮਾਗਮ ਵਿੱਚ ਐਜੂਸੈਟ ਅਤੇ ਯੂ-ਟਿਊਬ ਲਿੰਕ ਰਾਹੀਂ ਹਿੱਸਾ ਲੈਣ। ਸਰਕਾਰੀ ਸਕੂਲਾਂ ਦੇ ਸਮਾਰਟ ਕਲਾਸ ਰੂਮਾਂ ਦੇ ਪ੍ਰੋਜੈਕਟਰਾਂ ਰਾਹੀਂ ਆਨਲਾਈਨ ਪ੍ਰਸਾਰਣ ਕੀਤਾ ਜਾਵੇਗਾ," ਸ: ਬੈਂਸ ਨੇ ਕਿਹਾ।
ਸਿੱਖਿਆ ਵਿਭਾਗ ਨੇ ਸਕੂਲ ਮੁਖੀਆਂ ਨੂੰ ਸਹੁੰ-ਸਮਾਰੋਹ ਵਿੱਚ ਆਪਣੇ ਸਕੂਲ ਦੀ ਭਾਗੀਦਾਰੀ ਨਾਲ ਸਬੰਧਤ ਫੋਟੋਆਂ ਅਤੇ ਡੇਟਾ ਉਸੇ ਦਿਨ 3 ਵਜੇ ਤੱਕ ਗੂਗਲ ਲਿੰਕਸ ਵਿੱਚ ਅਪਲੋਡ ਕਰਨ ਦੇ ਨਿਰਦੇਸ਼ ਦਿੱਤੇ ਹਨ।
ਜ਼ਿਲ੍ਹਾ ਨੋਡਲ ਅਫ਼ਸਰ (ਮੀਡੀਆ) ਕਮ ਪ੍ਰਿੰਸੀਪਲ ਡਾ: ਦਵਿੰਦਰ ਸਿੰਘ ਛੀਨਾ ਨੇ ਭਲਕੇ 28 ਸਤੰਬਰ ਨੂੰ ਮਹਾਨ ਸਪੂਤ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਵਿੱਦਿਅਕ ਮੁਕਾਬਲੇ ਅਤੇ ਸਹੁੰ ਚੁੱਕ ਸਮਾਗਮ ਕਰਵਾਉਣ ਲਈ ਸਿੱਖਿਆ ਵਿਭਾਗ ਦੇ ਉੱਦਮ ਦੀ ਸ਼ਲਾਘਾ ਕੀਤੀ ਹੈ। "ਅਜਿਹੀਆਂ ਨੇਕ ਪਹਿਲਕਦਮੀਆਂ ਸਕੂਲੀ ਬੱਚਿਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਇਤਿਹਾਸਕ ਪਰਿਪੇਖਾਂ, ਕੁਰਬਾਨੀਆਂ ਅਤੇ ਜੀਵਨ ਇਤਿਹਾਸ ਬਾਰੇ ਹੋਰ ਜਾਣਨ ਲਈ ਪ੍ਰੇਰਿਤ ਕਰਦੀਆਂ ਹਨ," ਡਾ: ਛੀਨਾ ਨੇ ਕਿਹਾ।