ਪੰਜਾਬ ਤਕਨੀਕੀ ਸਿੱਖਿਆਂ ਬੋਰਡ ਦੀ ਅਣਗਹਿਲੀ ਕਾਰਨ ਦੋ ਸੌ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਭਵਿੱਖ ਹਨੇਰੇ ਵਿਚ
- ਵਿਦੇਸ਼ਾਂ ਤੋਂ ਪੜਨ ਆਏ ਵਿਦਿਆਰਥੀਆਂ ਨੇ ਮੁੱਖ ਮੰਤਰੀ ਪੰਜਾਬ ਤੋਂ ਸਹਾਇਤਾ ਦੀ ਮੰਗ ਕੀਤੀ
ਚੰਡੀਗੜ੍ਹ, 24 ਜਨਵਰੀ 2023 - ਪੰਜਾਬ ਸਟੇਟ ਬੋਰਡ ਆਫ਼ ਟੈਕਨੀਕਲ ਐਜੂਕੇਸ਼ਨ ਅਤੇ ਇੰਡਸਟੀਅਰਲ ਟਰੇਨਿੰਗ ਦੇ ਅਣਗਹਿਲੀ ਅਤੇ ਬੇਰੁਖ਼ੀ ਸਦਕਾ ਵੱਖ ਵੱਖ ਦੇਸ਼ਾਂ ਤੋਂ ਪੜਨ ਆਏ 200 ਦੇ ਕਰੀਬ ਵਿਦਿਆਰਥੀਆਂ ਦਾ ਭਵਿਖ ਹਨੇਰੇ ਵਿਚ ਨਜ਼ਰ ਆ ਰਿਹਾ ਹੈ। ਇਨਾਂ ਵਿਦਿਆਰਥੀਆਂ ਨੇ ਚੰਡੀਗੜ ਪ੍ਰੈੱਸ ਕਲੱਬ ਵਿਚ ਮੀਡੀਆ ਦੇ ਸਾਹਮਣੇ ਆਪਣੀ ਮੁਸ਼ਕਿਲ ਸਾਂਝੀ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਦਖ਼ਲ ਦਿੰਦੇ ਹੋਏ ਮਾਮਲਾ ਸੁਲਝਾਉਣ ਦੀ ਅਪੀਲ ਕੀਤੀ। ਮੀਡੀਆ ਦੇ ਸਨਮੁੱਖ ਹੁੰਦੇ ਹੋਏ ਇਨਾਂ ਵਿਦਿਆਰਥੀਆਂ ਨੇ ਦੱਸਿਆਂ ਕਿ ਉਨਾਂ ਪੰਜਾਬ ਸਟੇਟ ਬੋਰਡ ਆਫ਼ ਟੈਕਨੀਕਲ ਐਜੂਕੇਸ਼ਨ ਅਤੇ ਇੰਡਸਟੀਅਰਲ ਟਰੇਨਿੰਗ ਵੱਲੋਂ ਕਰਵਾਏ ਜਾ ਰਹੇ ਡਿਪਲੋਮਾ ਕੋਰਸਾਂ ਵਿਚ ਦਾਖਲਾ ਲੈਦੇ ਹੋਏ ਪੰਜਾਬ ਦੇ ਵੱਖ ਵੱਖ ਕਾਲਜਾਂ ਵਿਚ ਆਪਣੀ ਅਕੈਡਮਿਕ ਪੜਾਈ ਸ਼ੁਰੂ ਕਰ ਦਿਤੀ।
ਇਸ ਦੌਰਾਨ ਉਨਾਂ ਦੇ ਕੈਂਪਸ ਵਿਚ ਇੰਟਰਨਲ ਪੇਪਰ ਵੀ ਹੋ ਗਏ। ਕੁੱਝ ਕਾਲਜਾਂ ਵਿਚ ਤਾਂ ਵਿਦਿਆਰਥੀਆ ਦੇ ਐਕਸਟਰਨਲ ਪੇਪਰ ਵੀ ਸ਼ੁਰੂ ਹੋ ਗਏ ਸਨ। ਇਨਾ ਵਿਦਿਆਰਥੀਆਂ ਦੀ ਸਮੁੱਚੀ ਜਾਣਕਾਰੀ ਸਰਕਾਰੀ ਵੈੱਬ ਪੋਰਟਲ ਤੇ ਅੱਪ ਟੂ ਡੇਟ ਵੀ ਹੋ ਰਹੀ ਸੀ। ਇਸ ਦੌਰਾਨ ਪੰਜਾਬ ਸਟੇਟ ਬੋਰਡ ਆਫ਼ ਟੈਕਨੀਕਲ ਐਜੂਕੇਸ਼ਨ ਅਤੇ ਇੰਡਸਟੀਅਰਲ ਟਰੇਨਿੰਗ ਬੋਰਡ ਵੱਲੋਂ ਉਨਾਂ ਦੇ ਕੋਰਸ ਇਲੀਜ਼ੀਬਿਲਟੀ ਚੈੱਕ ਦੇ ਨਾਮ ਤੇ ਅੱਧ ਵਿਚਕਾਰ ਰੋਕ ਦਿਤੇ ਗਏ । ਏ ਆਈ ਯੂ ਵੱਲੋਂ ਬੋਰਡਾਂ ਦੀ ਯੋਗਤਾ ਸਬੰਧੀ ਪੈਰਾਮੀਟਰ ਸਪਸ਼ਟ ਤੌਰ ਤੇ ਦੱਸਣ ਦੇ ਬਾਵਜੂਦ ਉਨਾਂ ਨੂੰ ਇਲੀਜ਼ੀਬਿਲਟੀ ਚੈੱਕ ਕਰਾਉਣ ਲਈ ਕਿਹਾ ਗਿਆ।ਵੱਖ ਵੱਖ ਦੇਸ਼ਾਂ ਤੋਂ ਪੜਨ ਆਏ ਇਨਾਂ ਵਿਦਿਆਰਥੀਆਂ ਨੂੰ ਬੋਰਡ ਵੱਲੋਂ ਮਦਦ ਕਰਨ ਦੀ ਥਾਂ ਸਭ ਵਿਦਿਆਰਥੀਆਂ ਨੂੰ ਪੇਪਰ ਦੇਣ ਤੱਕ ਤੋਂ ਮਨਾ ਕਰ ਦਿਤਾ ਗਿਆ।
ਇਨਾ ਵਿਦੇਸ਼ੀ ਵਿਦਿਆਰਥੀਆਂ ਨੇ ਪੰਜਾਬ ਸਟੇਟ ਬੋਰਡ ਆਫ਼ ਟੈਕਨੀਕਲ ਐਜੂਕੇਸ਼ਨ ਅਤੇ ਇੰਡਸਟੀਅਰਲ ਟਰੇਨਿੰਗ ਦੇ ਅੜੀਅਲ ਰਵੀਈਏ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਉਹ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਤੋਂ ਸਿੱਖਿਆਂ ਹਾਸਿਲ ਕਰਨ ਪੰਜਾਬ ਆਏ ਹਨ। ਟੈਕਨੀਕਲ ਬੋਰਡ ਨੇ ਪਹਿਲਾਂ ਉਨਾਂ ਨੂੰ ਐਡਮਿਸ਼ਨ ਦੇ ਦਿਤੀ, ਉਨਾਂ ਲੰਬਾ ਸਮਾਂ ਪੜਾਈ ਵੀ ਕੀਤੀ, ਇੰਟਰਨਲ ਅਤੇ ਐਕਸਟਰਨਲ ਪੇਪਰ ਵੀ ਦਿਤੇ। ਹੁਣ ਕੋਰਸ ਦੇ ਖ਼ਤਮ ਹੋਣ ਦੇ ਨੇੜੇ ਆਉਣ ਤੇ ਬੋਰਡ ਨੂੰ ਉਨਾਂ ਦੀ ਇਲਜ਼ੀਬਿਲਟੀ ਦਾ ਯਾਦ ਆਇਆ। ਜਿਸ ਨਾਲ ਸੈਂਕੜੇ ਵਿਦਿਆਰਥੀਆਂ ਦਾ ਇਕ ਸਾਲ ਅਤੇ ਉਨਾਂ ਦਾ ਭਵਿੱਖ ਦਾਅ ਤੇ ਲੱਗ ਗਿਆ ਹੈ। ਜੇਕਰ ਬੋਰਡ ਵਿਦੇਸ਼ੀ ਵਿਦਿਆਰਥੀਆਂ ਨੂੰ ਐਡਮਿਸ਼ਨ ਦੇਣ ਤੋਂ ਪਹਿਲਾਂ ਹੀ ਆਪਣੀਆਂ ਸ਼ਰਤਾਂ ਸਾਹਮਣੇ ਰੱਖਦਾ ਤਾਂ ਉਨਾਂ ਨੂੰ ਇਹ ਦਿਨ ਨਾ ਵੇਖਣਾ ਪੈਂਦਾ।
ਇਨਾ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਕ ਪਾਸੇ ਜਿੱਥੇ ਮੁੱਖ ਮੰਤਰੀ ਪੰਜਾਬ ਨੂੰ ਐਜੂਕੇਸ਼ਨ ਹੱਬ ਬਣਾਉਣ ਦੀ ਗੱਲ ਕਰਦੇ ਹਨ। ਉੱਥੇ ਦੂਜੇ ਪਾਸੇ ਪੰਜਾਬ ਵਿਚ ਸਿੱਖਿਆਂ ਹਾਸਿਲ ਕਰਨ ਆਏ ਵਿਦਿਆਰਥੀਆਂ ਨੂੰ ਸਿੱਖਿਆਂ ਹਾਸਿਲ ਕਰਨ ਤੋਂ ਵਾਂਝੇ ਕੀਤਾ ਜਾ ਰਿਹਾ ਹੈ। ਇਸ ਉਲਟੀ ਗੰਗਾ ਦੇ ਵਹਾਉਣ ਨਾਲ ਕੋਈ ਵਿਦੇਸ਼ੀ ਵਿਦਿਆਰਥੀ ਪੰਜਾਬ ਦੇ ਵਿੱਦਿਅਕ ਅਦਾਰਿਆਂ ਵਿਚ ਐਡਮਿਸ਼ਨ ਲੈਣ ਅਤੇ ਸਿੱਖਿਆਂ ਹਾਸਿਲ ਕਰਨ ਲਈ ਨਹੀਂ ਆਵੇਗਾ। ਵਿਦਿਆਰਥੀਆਂ ਵੱਲੋਂ ਇਸ ਸਬੰਧੀ ਇਕ ਅਪੀਲ ਰੂਪੀ ਟਵੀਟ ਮੁੱਖ ਮੰਤਰੀ ਪੰਜਾਬ, ਕੇਂਦਰੀ ਸਿੱਖਿਆਂ ਮੰਤਰੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੀਤਾ ਹੈ । ਜਿਸ ਨਾਲ ਸਰਕਾਰ ਦੇ ਦਖ਼ਲ ਨਾਲ ਉਨਾਂ ਦੀ ਮੁਸ਼ਕਿਲ ਦਾ ਹੱਲ ਹੋ ਸਕੇ ਅਤੇ ਉਨਾਂ ਦਾ ਕੀਮਤੀ ਇਕ ਸਾਲ ਬਚ ਸਕੇ।