ਪਲੇਸਮੈਂਟ ਕੈਂਪ 'ਚ 10 ਉਮੀਦਵਾਰਾਂ ਦੀ ਮੌਕੇ 'ਤੇ ਹੋਈ ਚੋਣ
- ਚੁਣੇ ਉਮੀਦਵਾਰਾਂ ਨੂੰ ਦਿੱਤੀ ਜਾਵੇਗੀ 18,000 ਤੋਂ 20,000 ਪ੍ਰਤੀ ਮਹੀਨਾ ਤਨਖਾਹ
- ਸੂਬੇ ਦੇ ਨੌਜ਼ਵਾਨਾਂ ਨੂੰ ਰੋਜ਼ਗਾਰ ਮੁਹੱਈਆਂ ਕਰਵਾਉਣ ਲਈ ਕੀਤੇ ਜਾ ਹਨ ਤਰ੍ਹਾਂ-ਤਰ੍ਹਾਂ ਦੇ ਉਪਰਾਲੇ
ਹਰੀਸ਼ ਕਾਲੜਾ
ਰੂਪਨਗਰ, 31 ਜਨਵਰੀ 2023: ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਅਰੁਣ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਲਗਾਏ ਗਏ ਪਲੇਸਮੈਂਟ ਕੈਪ ਵਿੱਚ 10 ਉਮੀਦਵਾਰਾਂ ਦੀ ਨੌਕਰੀ ਲਈ ਚੋਣ ਕੀਤੀ ਗਈ। ਜਦਕਿ ਇਸ ਕੈਂਪ ਵਿੱਚ 21 ਉਮੀਦਵਾਰਾਂ ਵੱਲੋਂ ਭਾਗ ਲਿਆ ਗਿਆ ਸੀ।
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜ਼ਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਤਰ੍ਹਾਂ-ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਜ਼ਿਲ੍ਹਾ ਰੂਪਨਗਰ ਵਿੱਚ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਹਰੇਕ ਹਫਤੇ 2 ਪਲੇਸਮੈਂਟ ਕੈਪ ਲਗਾਏ ਜਾਂਦੇ ਹਨ ਤਾਂ ਜੋ ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ।
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਲਗਾਏ ਇਸ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਰੋਜ਼ਗਾਰ ਅਫ਼ਸਰ ਸ਼੍ਰੀ ਅਰੁਣ ਕੁਮਾਰ ਵੱਲੋਂ ਦੱਸਿਆ ਗਿਆ ਕਿ ਇਸ ਕੈਂਪ ਵਿੱਚ ਐਸ.ਬੀ.ਆਈ ਲਾਇਫ ਇੰਸੋਰੇਂਸ਼ ਦੇ ਨਿਯੋਜਕਾਂ ਵੱਲੋਂ ਜ਼ਿਲ੍ਹਾ ਰੂਪਨਗਰ ਦੇ ਹਲਕਿਆਂ ਵਾਸਤੇ ਵਿਕਾਸ ਮੈਨੇਜਰ ਅਤੇ ਲਾਈਫ ਮਿੱਤਰਾ ਦੀਆਂ ਅਸਾਮੀਆਂ ਲਈ ਘੱਟੋਂ-ਘੱਟ ਗ੍ਰੈਜ਼ੂਏਸ਼ਨ ਪਾਸ ਬੇਰੋਜ਼ਗਾਰ ਉਮੀਦਵਾਰਾਂ ਦੀ ਇੰਟਰਵਿਊ ਲਈ ਗਈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ ਉਮੀਦਵਾਰਾਂ ਦੀ ਉਮਰ ਸੀਮਾ 18 ਤੋਂ 45 ਸਾਲ ਹੋਣੀ ਲਾਜ਼ਮੀ ਰੱਖੀ ਗਈ ਸੀ। ਰੋਜ਼ਗਾਰ ਅਫ਼ਸਰ ਵੱਲੋਂ ਦੱਸਿਆ ਗਿਆ ਕਿ ਇੰਟਰਵਿਊ ਦੌਰਾਨ ਚੁਣੇ ਗਏ ਫਰੈਸ਼ਰ ਅਤੇ ਤਜਰਬੇਕਾਰ ਉਮੀਦਵਾਰਾਂ ਨੂੰ ਅਹੁਦੇ ਮੁਤਾਬਿਕ ਵਿਕਾਸ ਮੈਨੇਜਰ ਦੀ ਅਸਾਮੀ ਲਈ 18,000 ਤੋਂ 20,000 ਪ੍ਰਤੀ ਮਹੀਨਾ ਤਨਖਾਹ ਅਤੇ ਲਾਇਫ ਮਿੱਤਰਾ ਦੀ ਅਸਾਮੀ ਲਈ ਨਿਰਧਾਰਿਤ ਕਮਿਸ਼ਨ ਦਿੱਤੀ ਜਾਵੇਗੀ।