ਸਿੱਖਿਆ ਵਿਭਾਗ ਵੱਲੋਂ ਪਾਹੁਲ ਪ੍ਰਤਾਪ ਸਿੰਘ ਕਲਸੀ ਤੇ ਪ੍ਰਗੀਤ ਕੌਰ ਕਲਸੀ ਦੀਆਂ ਲਿਖੀਆਂ ਚਾਰ ਕਿਤਾਬਾਂ ਸਕੂਲਾਂ ਦੀਆਂ ਲਾਇਬਰੇਰੀਆਂ ਲਈ ਪ੍ਰਵਾਨ
ਰੋਹਿਤ ਗੁਪਤਾ
ਗੁਰਦਾਸਪੁਰ 1 ਫ਼ਰਵਰੀ 2023 - ਪੰਜਾਬ ਸਰਕਾਰ ਵੱਲੋਂ ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਲਾਇਬਰੇਰੀਆਂ ਵਿੱਚ ਵਿਦਿਆਰਥੀਆਂ ਦੀ ਸਹੂਲਤ ਲਈ ਮਿਆਰੀ ਕਿਤਾਬਾਂ ਦੀ ਚੋਣ ਕਰਨ ਲਈ ਰਾਜ ਪੱਧਰ ‘ਤੇ ਕਮੇਟੀ ਬਣਾਈ ਗਈ ਸੀ, ਜਿਸ ਵੱਲੋਂ ਹੋਰ ਵਿਦਵਾਨ ਲੇਖਕਾਂ ਦੇ ਨਾਲ-ਨਾਲ ਸੇਂਟ ਫ਼ਰਾਂਸਿਸ ਸਕੂਲ, ਬਟਾਲਾ ਦੇ ਅੱਠਵੀਂ ਜਮਾਤ ਦੇ ਦੋ ਹੋਣਹਾਰ ਬਾਲ-ਸਾਹਿਤਕਾਰਾਂ ਪਾਹੁਲ ਪ੍ਰਤਾਪ ਸਿੰਘ ਕਲਸੀ ਤੇ ਪ੍ਰਗੀਤ ਕੌਰ ਕਲਸੀ ਦੀਆਂ ਚਾਰ ਕਿਤਾਬਾਂ ਦੀ ਚੋਣ ਕੀਤੀ ਗਈ ਹੈ।
ਇਸ ਸੰਬੰਧੀ ਜਦੋਂ ਪਾਹੁਲ ਪ੍ਰਤਾਪ ਸਿੰਘ ਕਲਸੀ ਤੇ ਪ੍ਰਗੀਤ ਕੌਰ ਕਲਸੀ ਨਾਲ ਗੱਲ-ਬਾਤ ਕੀਤੀ ਗਈ, ਤਾਂ ਉਨ੍ਹਾਂ ਦੱਸਿਆ ਕਿ ਉਹਨਾਂ ਨੇ ਅੰਗਰੇਜ਼ੀ ਮਾਧਿਆਮ ਵਿੱਚ ਚਾਰ ਬਾਲ-ਕਾਵਿ ਦੀਆਂ ਪੁਸਤਕਾਂ ‘ਨੈਚੁਰਲ ਸਪਾਰਕ’ [Natural Spark], ‘ਵੈਲਥ ਆਫ਼ ਹੈਲਥ’ [Wealth Of Health], ‘ਮਾਈ ਲਵਿੰਗ ਡੀਅਰ’ [My Loving Dear] ਅਤੇ ‘ਦਾ ਥਰਸਟ’ [The Thirst] ਲਿਖੀਆਂ ਸਨ, ਜਿੰਨ੍ਹਾਂ ਨੂੰ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵਿੱਚ ਸਕੂਲਾਂ ਦੀਆਂ ਲਾਇਬਰੇਰੀਆਂ ਲਈ ਪ੍ਰਵਾਨ ਕਰਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ।
ਇਹ ਜ਼ਿਕਰਯੋਗ ਹੈ ਕਿ ਪਾਹੁਲ ਕਲਸੀ ਤੇ ਪ੍ਰਗੀਤ ਕੌਰ ਕਲਸੀ ਦੀਆਂ ਸਕੈੱਚ ਚਿੱਤਰਕਾਰੀ ਦੇ ਕੁਝ ਨਮੂਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪਹਿਲੀ ਤੋਂ ਬਾਰ੍ਹਵੀਂ ਤੱਕ ਦੇ ‘ਸਵਾਗਤ ਜ਼ਿੰਦਗੀ’ ਦੇ ਵਿਸ਼ੇ ਦੀਆਂ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਈਆਂ ਜਾਂਦੀਆਂ ਪੁਸਤਕਾਂ ਵਿੱਚ ਵੀ ਮਾਹਿਰਾਂ ਦੇ ਪੈਨਲ ਵੱਲੋਂ ਚੁਣੇ ਗਏ ਸਨ, ਜਿੰਨਾਂ੍ਹ ਨੂੰ ਸੰਬੰਧਿਤ ਚੋਣਵੀਆਂ ਪੁਸਤਕਾਂ ਵਿੱਚ ਪ੍ਰਕਾਸ਼ਿਤ ਵੀ ਕੀਤਾ ਜਾ ਚੁੱਕਾ ਹੈ। ਸੇਂਟ ਫ਼ਰਾਂਸਿਸ ਸਕੂਲ, ਬਟਾਲਾ ਦੇ ਪ੍ਰਿੰਸੀਪਲ ਸੇਂਟ ਪੀ.ਜੇ. ਜੋਸਫ਼ ਨੇ ਕਿਹਾ ਕਿ ਉਹਨਾਂ ਦੇ ਸਮੂਹ ਸਟਾਫ਼ ਨੂੰ ਹੀ ਇਹਨਾਂ ਹੋਣਹਾਰ ਵਿਦਿਆਰਥੀਆਂ ਦੀ ਇਸ ਸਾਹਿਤਕ ਪ੍ਰਾਪਤੀ ‘ਤੇ ਮਾਣ ਹੈ।