ਸੀਜੀਸੀ ਲਾਂਡਰਾ ਨੇ ਵਿਸ਼ਵ ਕੈਂਸਰ ਦਿਵਸ ਮਨਾਇਆ
ਹਰਜਿੰਦਰ ਸਿੰਘ ਭੱਟੀ
ਮੋਹਾਲੀ, 4 ਫਰਵਰੀ 2023 - ਸੀਜੀਸੀ ਲਾਂਡਰਾ ਦੇ ਬਾਇਓਟੈਕਨਾਲੋਜੀ ਵਿਭਾਗ ਵੱਲੋਂ ਕੈਂਸਰ ਵਰਗੀ ਭਿਆਨਕ ਬਿਮਾਰੀ ਸਬੰਧੀ ਜਾਗਰੂਕਤਾ ਪੈਦਾ ਕਰਨ ਦੇ ਮੱਦੇਨਜ਼ਰ ਇੱਕ ਹਫਤੇ ਦੌਰਾਨ ਕੀਤੀਆਂ ਗਈਆਂ ਕੁਝ ਗਤੀਵਿਧੀਆਂ ਸਣੇ ਵਿਸ਼ਵ ਕੈਂਸਰ ਦਿਵਸ ਮਨਾਇਆ ਗਿਆ। ਇਸ ਪ੍ਰੋਗਰਾਮ ਦੌਰਾਨ ਹਰੇਕ ਵਿਅਕਤੀ ਨੂੰ ਇੱਕ ਸਰਗਰਮ ਜੀਵਨ ਸ਼ੈਲੀ ਅਪਨਾਉਣ, ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਪਾਉਣ ਅਤੇ ਸਮੇਂ ਸਿਰ ਸਕ੍ਰੀਨਿੰਗ ਅਤੇ ਜਾਂਚ ਕਰਵਾਉਂਦੇ ਰਹਿਣ ਲਈ ਉਤਸ਼ਾਹਿਤ ਕੀਤਾ ਕਿਉਂਕਿ ਨਿਯਮਿਤ ਰੂਪ ਨਾਲ ਕੀਤਾ ਚੈੱਕਅੱਪ ਕੈਂਸਰ ਵਰਗੀ ਬਿਮਾਰੀ ਦੇ ਸ਼ੁਰੂਆਤੀ ਦੌਰ ਪਹਿਚਾਨਣ ਅਤੇ ਇਸ ਦਾ ਇਲਾਜ ਕਰਵਾਉਣ ਵਿੱਚ ਮਦਦ ਕਰ ਸਕਦਾ ਹੈ।
ਇਸ ਸਾਲ ਪ੍ਰੋਗਰਾਮ ਦਾ ਥੀਮ ‘ਕਲੋਜ਼ ਦਿ ਕੇਅਰ ਗੈਪ’ ਰੱਖਿਆ ਗਿਆ, ਜਿਸ ਦੇ ਮੱਦੇਨਜ਼ਰ ਸੀਜੀਸੀ ਦੇ ਵਿਿਦਆਰਥੀਆਂ ਅਤੇ ਫੈਕਲਟੀ ਵੱਲੋਂ ਕੀਤੀਆਂ ਗਤੀਵਿਧੀਆਂ ਵਿੱਚ ਸੋਹਾਣਾ ਹਸਪਤਾਲ ਦੇ ਸਹਿਯੋਗ ਨਾਲ 150 ਤੋਂ ਵੱਧ ਭਾਗੀਦਾਰਾਂ ਦੇ ਨਾਲ ਤਿੰਨ ਪਿੰਡਾਂ ਵਿੱਚ ਪੰਜ ਕਿਲੋਮੀਟਰ ਦੀ ਵਾਕਥੌਨ ਸ਼ਾਮਲ ਸੀ। ਇਸ ਦੌਰਾਨ ਕੈਂਸਰ ਦੇ ਇਲਾਜ ਅਤੇ ਰਿਸਰਚ ਖੇਤਰ ਦੇ ਉੱਘੇ ਮਾਹਿਰਾਂ ਵੱਲੋਂ ਇੱਕ ਵਿਸ਼ੇਸ਼ ਭਾਸ਼ਣ ਸੈਸ਼ਨ ਵੀ ਕਰਵਾਇਆ ਗਿਆ ਜਿਸ ਵਿੱਚ ਡਾ.ਸੁਸ਼ਮਿਤਾ ਘੋਸ਼ਾਲ, ਪ੍ਰੋਫੈਸਰ ਅਤੇ ਮੁਖੀ, ਰੇਡੀਓਥੈਰੇਪੀ ਅਤੇ ਓਨਕੋਲੋਜੀ ਵਿਭਾਗ, ਪੀਜੀਆਈਐਮਈਆਰ, ਚੰਡੀਗੜ੍ਹ, ਪ੍ਰੋ ਕੁਲਭੂਸ਼ਣ ਟਿਕੂ, ਐੱਨਆਈਪੀਈਆਰ, ਮੋਹਾਲੀ, ਡਾ.ਜਤਿਨ ਸਰੀਨ, ਡਾਇਰੈਕਟਰ ਓਨਕੋਲੋਜੀ, ਆਈਵੀ ਹਸਪਤਾਲ ਅਤੇ ਡਾ.ਮੀਨਾਕਸ਼ੀ ਮਿੱਤਲ, ਆਈਵੀ ਹਸਪਤਾਲ ਆਦਿ ਸ਼ਾਮਲ ਸਨ।
ਕੈਂਸਰ ਦੀ ਰੋਕਥਾਮ ਅਤੇ ਜਾਗਰੂਕਤਾ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਡਾ.ਸੁਸ਼ਮਿਤਾ ਘੋਸ਼ਾਲ ਨੇ ਅਜਿਹੇ ਖਤਰੇ ਦੀ ਸਥਿਤੀ ਵਿੱਚ ਆਪਣੇ ਆਪ ਦੀ ਜਾਂਚ ਜਾਂ ਸਕਰੀਨਿੰਗ ਕਰਵਾਉਣ ਸਮੇਂ ਸ਼ੁਤਰਮੁਰਗ ਦੇ ਦ੍ਰਿਸ਼ਟੀਕੋਣ (ਓਸਟ੍ਰੀਚ ਐਪਰੋਚ) ਤੋਂ ਕੋਹਾਂ ਦੂਰ ਰਹਿਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਕਿਹਾ ਕਿ ਕੈਂਸਰ ਦੀ ਸ਼ੁਰੂਆਤੀ ਪਛਾਣ ਇਸ ਦੇ ਸਮੇਂ ਸਿਰ, ਪ੍ਰਭਾਵੀ ਇਲਾਜ ਨੂੰ ਯਕੀਨੀ ਬਣਾ ਸਕਦੀ ਹੈ ਜੋ ਮਰੀਜ਼ਾਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਅਤੇ ਬਿਹਤਰ ਜ਼ਿੰਦਗੀ ਜੀਉਣ ਵਿੱਚ ਮਦਦ ਕਰਨ ਵਿੱਚ ਵੱਡੀ ਭੂਮਿਕਾ ਨਿਭਾ ਸਕਦੀ ਹੈ। ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਇਸ ਬਿਮਾਰੀ ਪ੍ਰਤੀ ਰਵੱਈਏ ਵਿੱਚ ਬਦਲਾਅ ਲਿਆਉਣ ਤਾਂ ਜੋ ਇਸ ਪ੍ਰਤੀ ਪੈਦਾ ਹੋਏ ਡਰ ਨੂੰ ਘਟਾਇਆ ਜਾ ਸਕੇ ਅਤੇ ਇਸ ਬਾਰੇ ਫੈਲੀਆਂ ਮਿੱਥਾਂ ਅਤੇ ਗਲਤ ਧਾਰਨਾਵਾਂ ਨੂੰ ਦੂਰ ਕੀਤਾ ਜਾ ਸਕੇ। ਉਨ੍ਹਾਂ ਨੇ ਲੋਕਾਂ ਨੂੰ ਇਕਜੁੱਟ ਹੋਣ ਅਤੇ ਕੁਆਲਿਟੀ ਕੈਂਸਰ ਕੇਅਰ ਦੀ ਮੰਗ ਕਰਦਿਆਂ ਮਰੀਜ਼ਾਂ ਦੇ ਨਾਲ ਨਾਲ ਉਨ੍ਹਾਂ ਦੀ ਦੇਖਭਾਲ ਕਰਨ ਵਾਲਿਆਂ ਲਈ ਵੀ ਸਨਮਾਨ, ਸਤਿਕਾਰ ਅਤੇ ਸਮੱਰਥਨ ਦੇਣ ਦੀ ਲੋੜ ਨੂੰ ਪ੍ਰੇਰਿਆ।
ਪ੍ਰੋਗਰਾਮ ਦੀ ਸਮਾਪਤੀ ਮੁਫਤ ਛਾਤੀ ਕੈਂਸਰ ਦੀ ਜਾਂਚ ਲਈ ਲਗਾਏ ਇੱਕ ਮੈਡੀਕਲ ਕੈਂਪ ਨਾਲ ਕੀਤੀ ਗਈ ਜੋ ਕਿ ਆਈਵੀ ਹਸਪਤਾਲ, ਮੋਹਾਲੀ ਦੇ ਸਹਿਯੋਗ ਨਾਲ ਸੀਜੀਸੀ ਲਾਂਡਰਾ ਦੇ ਬਾਇਓਟੈਕਨਾਲੋਜੀ ਵਿਭਾਗ ਦੇ ਵਲੰਟੀਅਰਾਂ ਵੱਲੋਂ ਪਿੰਡ ਸਨੇਟਾ ਵਿੱਚ ਕਰਵਾਇਆ ਗਿਆ।