ਜਲੰਧਰ ਜਿਲ੍ਹੇ ਦੇ ਸਕੂਲੀ ਵਿਦਿਆਰਥੀ ਵਿਦਿਅਕ ਦੌਰੇ ਤੇ ਆਈ.ਕੇ.ਜੀ ਪੀ.ਟੀ.ਯੂ ਕੈਂਪਸ ਪਹੁੰਚੇ
- ਯੂਨੀਵਰਸਿਟੀ ਪ੍ਰਬੰਧਨ ਵੱਲੋਂ "ਤਕਨੀਕੀ ਸਿੱਖਿਆ ਵਿੱਚ ਭਵਿੱਖ" ਸੰਬੰਧੀ ਜਾਣਕਾਰੀ ਦਿੱਤੀ ਗਈ
ਜਲੰਧਰ/ਕਪੂਰਥਲਾ, 7 ਫਰਵਰੀ 2023 - ਸਕੂਲੀ ਵਿਦਿਆਰਥੀਆਂ ਵਿਚ ਸਾਇੰਸ ਤੇ ਗਣਿਤ ਦੇ ਵਿਸ਼ਿਆਂ ਸਬੰਧੀ ਰੁਚੀ ਵਧਾਉਣ, ਕੈਰੀਅਰ ਬਣਾਉਣ ਅਤੇ ਤਕਨੀਕੀ ਸਿੱਖਿਆ ਵਿੱਚ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਜਾਣਨ ਦੇ ਉਦੇਸ਼ ਨਾਲ ਜਲੰਧਰ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ ਪੀ.ਟੀ.ਯੂ) ਮੁੱਖ ਕੈਂਪਸ ਦਾ ਦੌਰਾ ਕੀਤਾ। ਯੂਨੀਵਰਸਿਟੀ ਦੇ ਰਜਿਸਟਰਾਰ ਡਾ.ਐਸ.ਕੇ.ਮਿਸ਼ਰਾ ਦੇ ਮਾਰਗ ਦਰਸ਼ਨ ਵਿੱਚ ਇਨ੍ਹਾਂ ਵਿਦਿਆਰਥੀਆਂ ਦਾ ਯੂਨੀਵਰਸਿਟੀ ਕੈਂਪਸ ਪਹੁੰਚਣ ’ਤੇ ਐਡਮਿਸ਼ਨ ਸੈੱਲ ਤੇ ਲੋਕ ਸੰਪਰਕ ਦਫ਼ਤਰ ਵੱਲੋਂ ਸਵਾਗਤ ਕੀਤਾ ਗਿਆ। ਵਿਦਿਅਕ ਟੂਰ ਵਿੱਚ ਪਹੁੰਚੇ ਸਕੂਲਾਂ ਵਿੱਚ ਅਮਰ ਸ਼ਹੀਦ ਲਾਲਾ ਜਗਤ ਨਰਾਇਣ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੀਵਾ, ਸਰਕਾਰੀ ਹਾਈ ਸਕੂਲ (ਲੜਕੀਆਂ) ਖੀਵਾ, ਸਰਕਾਰੀ ਹਾਈ ਸਕੂਲ ਅੱਧਾ ਦੇ ਵਿਦਿਆਰਥੀ ਸ਼ਾਮਲ ਸਨ। ਇਹ ਵਿਦਿਆਰਥੀ 09ਵੀਂ ਤੋਂ 12ਵੀਂ ਤੱਕ ਦੀਆਂ ਵੱਖ-ਵੱਖ ਜਮਾਤਾਂ ਦੇ ਸਨ। ਇਸ ਦੇ ਨਾਲ ਹੀ ਇਨ੍ਹਾਂ ਸਕੂਲਾਂ ਦੇ ਫੈਕਲਟੀ ਮੈਂਬਰ ਵੀ ਹਾਜ਼ਰ ਸਨ।
ਯੂਨੀਵਰਸਿਟੀ ਕੈਂਪਸ ਵਿੱਚ ਪਹੁੰਚਣ 'ਤੇ ਡਾਇਰੈਕਟਰ ਐਡਮਿਸ਼ਨ ਡਾ. ਅਮਨਪ੍ਰੀਤ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕਰੀਅਰ ਦੇ ਟੀਚਿਆਂ ਬਾਰੇ ਪੁੱਛਿਆ ਗਿਆ ਅਤੇ ਉਨ੍ਹਾਂ ਦੀ ਰੁਚੀ ਅਨੁਸਾਰ ਭਵਿੱਖ ਦੇ ਕੋਰਸਾਂ ਵਿੱਚ ਦਾਖਲਾ ਲੈਣ ਲਈ ਪ੍ਰੇਰਿਤ ਕੀਤਾ ਗਿਆ। ਡਾ. ਅਮਨਪ੍ਰੀਤ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਨਾਲ ਰੂਬਰੂ ਕਰਵਾਇਆ ਗਿਆ! ਇਸ ਦੌਰਾਨ ਦਾਖਲਾ ਸੈੱਲ ਦੀ ਟੀਮ ਵੱਲੋਂ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ, ਕਲਾਸਰੂਮ, ਲੈਬ, ਇਨਡੋਰ-ਆਊਟਡੋਰ ਪਲੇ-ਗਰਾਊਂਡ, ਜਿੰਮ, ਹੋਸਟਲ, ਪ੍ਰੀਖਿਆ ਸ਼ਾਖਾ, ਦਾਖਲਾ ਸ਼ਾਖਾ, ਸ੍ਰੀ ਗੁਰੂ ਨਾਨਕ ਦੇਵ ਜੀ ਆਡੀਟੋਰੀਅਮ ਅਤੇ ਅਤਿ ਆਧੁਨਿਕ ਗਿਆਨ ਸਰੋਤ ਕੇਂਦਰ (ਲਾਇਬਰੇਰੀ) ਦਾ ਦੌਰਾ ਕਰਵਾਇਆ ਗਿਆ!
ਯੂਨੀਵਰਸਿਟੀ ਦੇ ਲੋਕ ਸੰਪਰਕ ਦਫ਼ਤਰ ਵੱਲੋਂ ਡਿਪਟੀ ਰਜਿਸਟਰਾਰ ਰਜਨੀਸ਼ ਸ਼ਰਮਾ ਨੇ ਵਿਦਿਆਰਥੀਆਂ ਨੂੰ ਜ਼ਿਲ੍ਹੇ ਵਿੱਚ ਸਥਾਪਿਤ ਵੱਡੀਆਂ ਸਰਕਾਰੀ ਉੱਚ ਵਿੱਦਿਅਕ ਸੰਸਥਾਵਾਂ ਜਿਵੇਂ ਕਿ ਮੇਜਬਾਨ ਆਈ.ਕੇ.ਜੀ ਪੀ.ਟੀ.ਯੂ, ਉਨ੍ਹਾਂ ਦੀ ਦਾਖ਼ਲਾ ਪ੍ਰਕਿਰਿਆ, ਉਨ੍ਹਾਂ ਦੇ ਵਧੀਆ ਪ੍ਰਬੰਧਾਂ ਆਦਿ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਇੱਕ ਚੰਗਾ ਉਪਰਾਲਾ ਹੈ ਕਿ ਅਜਿਹੇ ਵਿੱਦਿਅਕ ਦੌਰਿਆਂ ਰਾਹੀਂ ਵਿਦਿਆਰਥੀਆਂ ਨੂੰ ਆਪਣੇ ਆਲੇ-ਦੁਆਲੇ ਬਿਹਤਰ ਸਿੱਖਿਆ ਦੇ ਸਾਧਨਾਂ ਅਤੇ ਸੰਸਥਾਵਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਅਨੁਸਾਰ ਭਵਿੱਖ ਵਿੱਚ ਜਿੱਥੇ ਹੋਰ ਸਕੂਲੀ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵਿੱਚ ਬੁਲਾਇਆ ਜਾਵੇਗਾ, ਉੱਥੇ ਯੂਨੀਵਰਸਿਟੀ ਦੀ ਟੀਮ ਵੱਲੋਂ ਜਲੰਧਰ ਅਤੇ ਕਪੂਰਥਲਾ ਸਮੇਤ ਵੱਖ-ਵੱਖ ਸਕੂਲਾਂ ਦਾ ਦੌਰਾ ਕਰਕੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੀ ਤਕਨੀਕੀ ਸਿੱਖਿਆ ਬਾਰੇ ਜਾਣੂ ਕਰਵਾਇਆ ਜਾਵੇਗਾ!