ਹੁਸ਼ਿਆਰਪੁਰ: ਯਾਦਗਾਰੀ ਹੋ ਨਿੱਬੜਿਆ ਸਰਕਾਰੀ ਮਿਡਲ ਸਕੂਲ ਚੱਕ ਗੁੱਜਰਾਂ ਦਾ ਸਾਲਾਨਾ ਸਮਾਗਮ
- ਡੱਟ ਕੇ ਕੀਤੀ ਮਿਹਨਤ ਹੀ ਜ਼ਿੰਦਗੀ ਦੀਆਂ ਮੰਜ਼ਿਲਾਂ ਸਰ ਕਰਨ ਵਿਚ ਮਦਦ ਕਰਦੀ ਹੈ-ਹਰਦੇਵ ਸਿੰਘ ਆਸੀ
- ਮਾਪਿਆਂ ਅਤੇ ਅਧਿਆਪਕਾਂ ਦਾ ਸਤਿਕਾਰ ਕਰਨ ਵਿਦਿਆਰਥੀ-ਡਾ. ਜਸਵੰਤ ਰਾਏ
ਹੁਸ਼ਿਆਰਪੁਰ, 31 ਮਾਰਚ 2023 - ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਕੂਲ ਇੰਚਾਰਜ ਮੈਡਮ ਬਬੀਤਾ ਰਾਣੀ ਦੀ ਅਗਵਾਈ ਵਿਚ ਸਰਕਾਰੀ ਮਿਡਲ ਸਕੂਲ ਚੱਕ ਗੁੱਜਰਾਂ ਵਿਖੇ ਅੱਜ ਸਾਲਾਨਾ ਨਤੀਜੇ ਵਾਲੇ ਦਿਨ ਕੀਤਾ ਗਿਆ ਸਾਲਾਨਾ ਸਮਾਗਮ ਸ਼ਾਨਦਾਰ ਹੋ ਨਿੱਬੜਿਆ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਖੋਜ ਅਫ਼ਸਰ ਭਾਸ਼ਾ ਵਿਭਾਗ ਹੁਸ਼ਿਆਰਪੁਰ ਡਾ. ਜਸਵੰਤ ਰਾਏ ਪਹੁੰਚੇ। ਆਏ ਹੋਏ ਮਹਿਮਾਨਾਂ ਲਈ ਜੀ ਆਇਆਂ ਸ਼ਬਦ ਮੈਡਮ ਵੀਰਾਂਵਾਲੀ ਨੇ ਆਖੇ। ਸਕੂਲ ਦੀ ਸਾਲਾਨਾ ਰਿਪੋਰਟ ਮੈਡਮ ਬਬੀਤਾ ਰਾਣੀ ਨੇ ਪੜ੍ਹੀ।
ਬੱਚਿਆਂ ਨੂੰ ਮੁਖ਼ਾਤਿਬ ਹੁੰਦਿਆਂ ਹਰਦੇਵ ਸਿੰਘ ਆਸੀ ਨੇ ਕਿਹਾ ਕਿ ਡੱਟ ਕੇ ਕੀਤੀ ਹੋਈ ਮਿਹਨਤ ਹੀ ਜ਼ਿੰਦਗੀ ਦੀਆਂ ਮੰਜ਼ਿਲਾਂ ਸਰ ਕਰਨ ਵਿਚ ਮਦਦ ਕਰਦੀ ਹੈ। ਉਨ੍ਹਾਂ ਕਿਹਾ ਕਿ ਪੜ੍ਹਾਈ ਹੀ ਅਜਿਹਾ ਗਹਿਣਾ ਹੈ, ਜਿਸ ਨੂੰ ਕੋਈ ਵੀ ਚੁਰਾ ਨਹੀਂ ਸਕਦਾ। ਇਸ ਲਈ ਇਸ ਗਹਿਣੇ ਨੂੰ ਹੋਰ ਚਮਕਾਉਣ ਲਈ ਲਗਾਤਾਰ ਤਰੱਦਦ ਕਰਦੇ ਰਹਿਣਾ ਚਾਹੀਦਾ ਹੈ। ਡਾ. ਜਸਵੰਤ ਰਾਏ ਨੇ ਮਰਹੂਮ ਰਾਸ਼ਟਰਪਤੀ ਡਾ. ਅਬਦੁੱਲ ਕਲਾਮ ਦੀ ਉਦਾਹਰਣ ਦਿੰਦਿਆਂ ਬੱਚਿਆਂ ਨੂੰ ਹਰ ਮੁਸ਼ਕਿਲ ਤੋਂ ਪਾਰ ਜਾਣ ਦੀ ਤਾਕੀਦ ਕੀਤੀ। ਉਨ੍ਹਾਂ ਬੱਚਿਆਂ ਨੂੰ ਮਾਪਿਆਂ ਅਤੇ ਅਧਿਆਪਕਾਂ ਦਾ ਸਤਿਕਾਰ ਕਰਨ ਦੀ ਵੀ ਪ੍ਰੇਰਣਾ ਦਿੱਤੀ।
ਇਸ ਮੌਕੇ ਬੱਚਿਆਂ ਵੱਲੋਂ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਛੇਵੀਂ ਅਤੇ ਸੱਤਵੀਂ ਜਮਾਤ ਵਿਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਕ੍ਰਮਵਾਰ ਬਵਨਦੀਪ, ਪਰਮਿੰਦਰ ਸਿੰਘ, ਦੀਪਕ ਕੁਮਾਰ ਅਤੇ ਪਰਦੀਪ, ਵੰਸ਼ਿਕਾ, ਗੀਤਿਕਾ ਨੂੰ ਕਿਤਾਬਾਂ ਦੇ ਸੈੱਟ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਸਾਰਾ ਸਾਲ ਪੜ੍ਹਾਈ, ਖੇਡਾਂ, ਸਕੂਲ ਦੇ ਰੱਖ-ਰਖਾਅ ਅਤੇ ਸਹਾਇਕ ਕਿਰਿਆਵਾਂ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਵਿਦਿਆਰਥੀ ਵੀ ਸਨਮਾਨਿਤ ਕੀਤੇ ਗਏ। ਸਕੂਲ ਸਟਾਫ ਵੱਲੋਂ ਆਏ ਮਹਿਮਾਨਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਮੈਡਮ ਵਨੀਤਾ ਠਾਕੁਰ, ਓਮ ਪ੍ਰਕਾਸ਼, ਰਾਜਵਿੰਦਰ ਕੌਰ, ਗਗਨਦੀਪ ਕੌਰ, ਬੱਚਿਆਂ ਦੇ ਮਾਪੇ, ਪਤਵੰਤੇ ਅਤੇ ਸਕੂਲ ਵਿਦਿਆਰਥੀ ਹਾਜ਼ਰ ਸਨ।