'ਕੈਨੇਡਾ ਦਾ ਲੱਡੂ' ਨਾਟਕ ਦੀ ਸਫਲ ਪੇਸ਼ਕਾਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ
ਜੀ ਐਸ ਪੰਨੂ
ਪਟਿਆਲਾ, 31 ਮਾਰਚ, 2023: - ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਰੀਰਕ ਸਿੱਖਿਆ ਵਿਭਾਗ ਵੱਲੋਂ ਉਲੀਕੇ ਪ੍ਰੋਗਰਾਮ ਵਿੱਚ ਸਾਰਥਕ ਰੰਗਮੰਚ ਪਟਿਆਲਾ ਨੇ ਪੰਜਾਬੀ ਨਾਟਕ 'ਕਨੇਡਾ ਦਾ ਲੱਡੂ' ਦੀ ਪੇਸ਼ਕਾਰੀ ਕੀਤੀ।
ਇਹ ਨਾਟਕ ਪਰਵਾਸ ਦੇ ਹਰ ਪਹਿਲੂ ਦੀ ਗੱਲ ਕਰਦਾ ਹੈ। ਨਾਟਕ ਦੀ ਪੇਸ਼ਕਾਰੀ ਨੇ ਜਿੱਥੇ ਦਰਸ਼ਕਾਂ ਨੂੰ ਹੱਸਣ ਲਈ ਮਜਬੂਰ ਕੀਤਾ, ਉੱਥੇ ਹੀ ਦਰਸ਼ਕਾਂ ਨੂੰ ਕਨੇਡਾ ਦੀ ਅਸਲ ਸੱਚਾਈ ਬਾਬਤ ਗੰਭੀਰਤਾ ਸਹਿਤ ਸੋਚਣ ਲਈ ਮਜਬੂਰ ਵੀ ਕੀਤਾ। ਸੁਪਰ ਵੀਜ਼ੇ ਦੀਆਂ ਸੁਵਿਧਾਵਾਂ ਅਤੇ ਸਮੱਸਿਆਵਾਂ, ਸਾਧਾਂ ਸੰਤਾਂ ਦੇ ਪਾਖੰਡ, ਪੰਜਾਬੀ ਅਤੇ ਵਿਦੇਸ਼ੀ ਸੱਭਿਆਚਾਰ ਦੇ ਵਖਰੇਵਿਆਂ ਵਿੱਚ ਪਿਸਦੇ ਉੱਥੋਂ ਦੇ ਪੰਜਾਬੀ ਬੱਚੇ, ਡਾਲਰਾਂ ਦੀ ਦੌੜ ਵਿੱਚ ਬੱਚਿਆਂ ਦੇ ਪਿਆਰ ਦਾ ਬਲੀਦਾਨ ਤੇ ਬਜ਼ੁਰਗਾਂ ਦੀ ਦੁਰਦਸ਼ਾ ਆਦਿ ਨੂੰ ਬੜੇ ਸੂਖਮ ਤੇ ਸ਼ਕਤੀਸ਼ਾਲੀ ਤਰੀਕੇ ਨਾਲ ਪੇਸ਼ ਕੀਤਾ ਗਿਆ।
ਨਾਟਕ ਵਿੱਚ ਦੋ ਕਹਾਣੀਆਂ ਸਮਾਨ-ਅੰਤਰ ਚਲਦੀਆਂ ਹਨ। ਇੱਕ ਵਿੱਚ ਬਜ਼ੁਰਗ ਜੋੜਾ ਸੁਪਰ ਵੀਜ਼ਾ ਉੱਤੇ ਕਨੇਡਾ ਪਹੁੰਚਦਾ ਹੈ ਜਿੱਥੇ ਉਹਨਾਂ ਨੂੰ ਸਿਰਫ ਬੱਚਿਆਂ ਦੀ ਸਾਂਭ ਸੰਭਾਲ ਲਈ ਹੀ ਵਰਤਿਆ ਜਾਂਦਾ ਹੈ। ਬੱਚੇ ਪੰਜਾਬੀ ਬਜ਼ੁਰਗਾਂ ਦੀ ਭਾਸ਼ਾ ਤੱਕ ਨਹੀਂ ਸਮਝਦੇ, ਤੇ ਨਾ ਹੀ ਇਹ ਬੱਚਿਆਂ ਦੀ ਭਾਸ਼ਾ ਸਮਝਦੇ ਹਨ। ਭਾਸ਼ਾ ਉਹਨਾਂ ਦੇ ਗੱਲ-ਬਾਤ ਵਿੱਚ ਰੁਕਾਵਟ ਬਣਦੀ ਹੈ। ਸੁਪਰ ਵੀਜ਼ੇ ਉੱਤੇ ਆਏ ਹੋਣ ਕਰ ਕੇ ਨੂੰਹ ਵੀ ਕਈ ਤਰਾਂ ਦੇ ਖਰਚਿਆਂ ਦੇ ਹਵਾਲੇ ਦੇ ਕੇ ਤਾਹਨੇ ਮਾਰਦੀ ਹੈ।
ਉਹ ਦੋਨੋ ਬਜ਼ੁਰਗ ਆਪਣੇ ਆਪ ਨੂੰ ਅਣਗੌਲਿਆ ਮਹਿਸੂਸ ਕਰਦੇ ਹਨ। ਦੂਜੇ ਪਾਸੇ ਇੱਕ ਪਰਵਾਸੀ ਜੋੜਾ ਆਪਣੇ ਬੱਚਿਆਂ ਕਰਕੇ ਪਰੇਸ਼ਾਨ ਹੈ। ਉਹਨਾਂ ਨੂੰ ਲਗਦਾ ਹੈ ਕਿ ਬੱਚੇ ਸਾਡੀ ਗੱਲ ਨਹੀਂ ਮੰਨਦੇ, ਆਪਣੇ ਸੱਭਿਆਚਾਰ ਨੂੰ ਭੁੱਲ ਕੇ ਵਿਦੇਸ਼ੀ ਸੱਭਿਆਚਾਰ ਵਿੱਚ ਰੰਗੇ ਜਾ ਰਹੇ ਹਨ। ਬੱਚੇ ਆਪਣੇ ਆਪ ਨੂੰ ਸਹੀ ਠਹਿਰਾਉਂਦੇ ਹੋਏ ਦੱਸਦੇ ਹਨ ਕਿ ਸਾਡਾ ਇਹੀ ਸੱਭਿਆਚਾਰ ਹੈ, ਕਿਉਂਕਿ ਪੰਜਾਬੀ ਸੱਭਿਆਚਾਰ ਤਾਂ ਅਸੀਂ ਦੇਖਿਆ ਹੀ ਨਹੀਂ। ਅਸੀਂ ਜਿੱਥੇ ਅਸੀਂ ਰਹਿੰਦੇ ਹਾਂ ਤੇ ਪੜ੍ਹਦੇ ਹਾਂ ਉਹੀ ਸਾਡਾ ਸੱਭਿਆਚਾਰ ਹੈ। ਸਾਨੂੰ ਦੋ ਸੱਭਿਆਚਾਰਾਂ ਵਿੱਚ ਪੀਸਿਆ ਜਾ ਰਿਹਾ ਹੈ। ਸੱਭਿਆਚਾਰ ਕੋਈ ਵੀ ਮਾੜਾ ਨਹੀਂ ਹੁੰਦਾ ਬਲਕਿ ਉਸਨੂੰ ਦੇਖਣ ਤੇ ਸਮਝਣ ਦੀ ਲੋੜ ਹੁੰਦੀ ਹੈ।
ਨਾਟਕ ਦਰਸਾਉਂਦਾ ਹੈ ਕਿ ‘ਕਨੇਡਾ ਦਾ ਲੱਡੂ‘ ਉਹ ਲੱਡੂ ਹੈ ਜਿਸ ਨੂੰ ਲੋਕ ਖਾ ਕੇ ਵੀ ਪਛਤਾਉਂਦੇ ਨੇ ਤੇ ਨਾ ਖਾ ਕੇ ਵੀ ਪਛਤਾਉਂਦੇ ਹਨ। ਅੱਜ ਆਪਣੇ ਦੇਸ਼ ਦਾ ਖਾਸ ਕਰਕੇ ਪੰਜਾਬ ਦਾ ਹਰ ਨੌਜਵਾਨ ਵਿਦੇਸ਼ ਜਾਣ ਲਈ ਕਾਹਲਾ ਹੈ। ਉਸਨੂੰ ਵਿਦੇਸ਼ ਕਿਸੇ ਜੰਨਤ ਵਾਂਗ ਲਗਦਾ ਹੈ। ਪਰ ਉੱਥੇ ਰਹਿ ਰਹੇ ਲੋਕ, ਆਪਣੀ ਜ਼ਿੰਦਗੀ ਕਿਵੇਂ ਬਤੀਤ ਕਰ ਰਹੇ ਹਨ, ਜਾਂ ਉਹ ਅੰਦਰੋਂ ਕਿੰਨੇ ਟੁੱਟ ਚੁੱਕੇ ਹਨ, ਉਹਨਾਂ ਦੇ ਦਰਦ ਨੂੰ ਕੋਈ ਨਹੀਂ ਜਾਣਦਾ। ਦੂਜੇ ਦਰਜੇ ਦੇ ਸ਼ਹਿਰੀ ਬਣ ਕੇ ਰਹਿਣ ਦਾ ਦਰਦ ਉਹ ਬਿਆਨ ਨਹੀਂ ਕਰ ਸਕਦੇ, ਜੋ ਉਹ ਰੋਜ ਮਹਿਸੂਸ ਕਰਦੇ ਤੇ ਹੰਢਾਉਂਦੇ ਹਨ।
ਇਸ ਪੇਸ਼ਕਾਰੀ ਵਿੱਚ ਹਰ ਕਲਾਕਾਰ ਨੇ ਆਪਣੇ ਪਾਤਰ ਵਿੱਚ ਖੁਭ ਕੇ ਕੰਮ ਕੀਤਾ। ਟਾਪੁਰ ਸ਼ਰਮਾ ਅਤੇ ਸਿਮਰਜੀਤ ਕੌਰ ਨੇ ਆਪਣੇ ਕਿਰਦਾਰਾਂ ਨੂੰ ਐਨੇ ਸਹਿਜ ਤਰੀਕੇ ਨਾਲ ਨਿਭਾਇਆ ਕਿ ਦਰਸ਼ਕਾਂ ਨੇ ਭੁਲਾ ਹੀ ਦਿੱਤਾ ਕਿ ਉਹ ਕੋਈ ਨਾਟਕ ਦੇਖ ਰਹੇ ਹਨ। ਹਸਦੇ-ਹਸਦੇ ਕਦੋਂ ਉਹਨਾਂ ਦੀਆਂ ਅੱਖਾਂ ਨਮ ਹੋ ਗਈਆਂ ਪਤਾ ਹੀ ਨਹੀਂ ਲੱਗਿਆ। ਫਤਹਿ ਸੋਹੀ ਅਤੇ ਮਨਦੀਪ ਸਿੰਘ ਨੇ ਵੀ ਆਪਣੀ ਮੰਝੀ ਹੋਈ ਅਦਾਕਾਰੀ ਨਾਲ ਲੋਕਾਂ ਨੂੰ ਪ੍ਰਭਾਵਿਤ ਕੀਤਾ।
ਹੋਰ ਕਲਾਕਾਰਾਂ ਵਿੱਚ ਭੁਪਿੰਦਰ ਕੌਰ, ਲਵਪ੍ਰੀਤ ਸਿੰਘ, ਕਰਮਨ ਸਿੱਧੂ, ਕੁਲਤਾਰਨ ਗਿੱਲ, ਸ਼ਿਫਾ, ਉੱਤਮਜੋਤ ਸਿੰਘ ਤੇ ਬਹਾਰ ਗਰੋਵਰ ਨੇ ਆਪਣੇ-ਆਪਣੇ ਕਿਰਦਾਰਾਂ ਨਾਲ ਇਨਸਾਫ ਕੀਤਾ। ਨਾਟਕ ਦਾ ਸੰਗੀਤ ਰਵੀ ਨੰਦਨ ਨੇ ਤਿਆਰ ਕੀਤਾ ਜਿਸ ਨੇ ਨਾਟਕ ਦੀ ਗਤੀ ਅਤੇ ਮੂਡ ਨੂੰ ਸਿਰਜਨ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ। ਗੀਤ ਮਾਸਟਰ ਤਰਲੋਚਨ ਤੇ ਅਮੋਲਕ ਸਿੰਘ ਨੇ ਲਿਖੇ ਸਨ। ਕਸਟਿਊਮ ਡਿਜਾਇਨ ਦੀ ਜਿੰਮੇਵਾਰੀ ਡਾ. ਇੰਦਰਜੀਤ ਕੌਰ ਨੇ ਨਿਭਾਈ, ਨਾਟਕ ਵਿੱਚ ਵਿਦੇਸ਼ੀ ਮਹੌਲ ਸਿਰਜ ਨੇ ਉਹਨਾ ਨੇ ਆਪਣੀ ਰੰਗਮੰਚੀ ਸੂਝ ਦਾ ਸਬੂਤ ਦਿੱਤਾ।
ਪਰਦੇ ਪਿੱਛੇ ਹੋਰ ਕਲਾਕਾਰਾਂ ਵਿੱਚ ਮਨਪ੍ਰੀਤ ਸਿੰਘ (ਰੌਸ਼ਨੀ), ਨੈਨਸੀ (ਮਿਊਜਿਕ ਅਪਰੇਟਰ) ਦਰਸ਼ਕਾਂ ਨੇ ਇਸ ਪੇਸ਼ਕਾਰੀ ਨੂੰ ਭਰਪੂਰ ਹੁੰਗਾਰਾ ਦਿੱਤਾ ਅਤੇ ਖੜ੍ਹੇ ਹੋ ਕੇ ਕਲਾਕਾਰਾਂ ਦੀ ਹੌਸਲਾ ਅਫ਼ਜਾਈ ਕੀਤੀ।