ਸਰਕਾਰੀ ਸਕੂਲ ਘੁਗਿਆਣਾ ਦੀਆਂ ਵਿਦਿਆਰਥਣਾਂ ਦਾ ਪੰਜਾਬ ਮੈਰਿਟ ’ਚ ਆਉਣ 'ਤੇ ਸਨਮਾਨ
ਫ਼ਰੀਦਕੋਟ, 29 ਮਈ ( ਪਰਵਿੰਦਰ ਸਿੰਘ ਕੰਧਾਰੀ)-ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋਂ ਐਲਾਨੇ ਗਏ ਦਸਵੀਂ ਦੇ ਨਤੀਜੇ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਗਿਆਣਾ ਦੀਆਂ ਦੋ ਬੇਟੀਆਂ ਨੇ ਪੰਜਾਬ ਮੈਰਿਟ ’ਚ ਸਥਾਨ ਬਣਾ ਕੇ ਸਕੂਲ, ਅਧਿਆਪਕਾਂ, ਮਾਪਿਆਂ ਅਤੇ ਜ਼ਿਲੇ ਦਾ ਨਾਮ ਰਾਜ ਭਰ ’ਚ ਰੌਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪਿ੍ਰੰਸੀਪਲ ਨੈਸ਼ਨਲ ਐਵਾਰਡੀ ਗੋਪਾਲ ਕਿ੍ਰਸ਼ਨ ਨੇ ਦੱਸਿਆ ਕਿ ਸਕੂਲ ਵਿਦਿਆਰਥਣ ਕਰੀਤਕਾ ਪੁੱਤਰ ਜਸਵਿੰਦਰ ਕੁਮਾਰ ਨੇ 650 ਅੰਕਾਂ ’ਚੋਂ 631 (97.07 ਪ੍ਰਤੀਸ਼ਤ) ਅੰਕ ਪ੍ਰਾਪਤ ਕਰਕੇ ਮੈਰਿਟ ’ਚ ਸਥਾਨ ਬਣਾਇਆ।
ਇਸ ਤਰ੍ਹਾਂ ਦੂਜੀ ਵਿਦਿਆਰਥਣ ਪਰ੍ਰਜੀਤ ਕੌਰ ਪੁੱਤਰੀ ਗੁਰਮੇਲ ਸਿੰਘ ਨੇ ਵੀ 650 ’ਚ 631, (97.07 ਪ੍ਰਤੀਸ਼ਤ) ਅੰਕ ਪ੍ਰਾਪਤ ਕਰਕੇ ਮੈਰਿਟ ’ਚ ਸਥਾਨ ਪ੍ਰਾਪਤ ਕੀਤਾ ਹੈ। ਸਵੇਰ ਦੀ ਸਭਾ ’ਚ ਸਕੂਲ ਪਿ੍ਰੰਸੀਪਲ ਗੋਪਾਲ ਕਿ੍ਰਸ਼ਨ ਨੇ ਦੋਹਾਂ ਵਿਦਿਆਰਥਣਾਂ ਨੂੰ 1100-1100 ਰੁਪਏ ਦੇ ਨਗਦ ਇਨਾਮ, ਹਾਰ ਪਹਿਨਾ ਕੇ ਯਾਦਗਰੀ ਚਿੰਨ ਭੇਟ ਕਰਦਿਆਂ ਸਟਾਫ਼ ਨਾਲ ਮਿਲ ਕੇ ਸਨਮਾਨਿਤ ਕੀਤਾ। ਸਟਾਫ਼ ਨੇ ਆਪਣੇ ਵੱਲੋਂ ਦੋਹਾਂ ਵਿਦਿਆਰਥਣਾਂ ਨੂੰ 2100-2100 ਦਾ ਨਗਦ ਇਨਾਮ ਦਿੱਤਾ। ਇਸ ਮੌਕੇ ਪਿ੍ਰੰਸੀਪਲ ਨੇ ਦੋਹਾਂ ਵਿਦਿਆਰਥਣਾਂ, ਸਟਾਫ਼, ਤੇ ਬੇਟੀਆਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ, ਜਿੱਤ ਦਾ ਸਿਲਸਿਲਾ ਜਾਰੀ ਰੱਖਣ ਵਾਸਤੇ ਨਿਰੰਤਰ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ।