ਅੰਤਰਰਾਸ਼ਟਰੀ ਖੇਤੀ ਵਿਦਵਾਨਾਂ ਨੇ ਪੀ.ਏ.ਯੂ. ਦੇ ਵਾਈਸ ਚਾਂਸਲਰ ਨਾਲ ਮੁਲਾਕਾਤ ਕੀਤੀ
- ਸਕਲਾਰਾਂ ਨੇ ਖੇਤੀ ਖੇਤਰ ਵਿੱਚ ਪਾਏ ਯੋਗਦਾਨ ਲਈ ਪੀ.ਏ.ਯੂ. ਦੀ ਸ਼ਲਾਘਾ ਕੀਤੀ
ਲੁਧਿਆਣਾ 2 ਜੂਨ 2023 - ਬੀਤੇ ਦਿਨੀਂ 12 ਨਫੀਲਡ ਅੰਤਰਰਾਸ਼ਟਰੀ ਖੇਤੀ ਵਿਦਵਾਨਾਂ ਦੀ ਇੱਕ ਟੀਮ ਨੇ ਗਲੋਬਲ ਫੋਕਸ ਪ੍ਰੋਗਰਾਮ ਦੀ ਅਗਵਾਈ ਹੇਠ ਪੀਏਯੂ ਦਾ ਦੌਰਾ ਕੀਤਾ | ਜ਼ਿਕਰਯੋਗ ਹੈ ਕਿ ਇਹ ਦੌਰਾ ਨਫੀਲਡ ਸਕਾਲਰਸ਼ਿਪ ਪ੍ਰੋਗਰਾਮ ਦਾ ਅਨਿੱਖੜਵਾਂ ਅੰਗ ਹੈ | ਇਸ ਰਾਹੀਂ ਵਿਦਵਾਨਾਂ ਨੂੰ ਖੇਤੀਬਾੜੀ ਦਾ ਅਧਿਐਨ ਕਰਨ, ਖੇਤੀਬਾੜੀ ਮੰਡੀਕਰਨ ਦੀ ਖੋਜ ਕਰਨ, ਆਪਸ ਵਿੱਚ ਵਪਾਰ ਅਤੇ ਵਾਤਾਵਰਣ ਦੇ ਮੁੱਦੇ ਵਿਚਾਰਨ ਦਾ ਮੌਕਾ ਦਿੰਦਾ ਹੈ | ਨਫੀਲਡ ਆਸਟ੍ਰੇਲੀਆ ਤੋਂ ਸ੍ਰੀ ਮੈਥਿਊ ਵੇਸਲੇ ਦੀ ਅਗਵਾਈ ਵਾਲੀ ਟੀਮ ਵਿੱਚ ਆਸਟ੍ਰੇਲੀਆ, ਨਿਊਜੀਲੈਂਡ, ਜਾਪਾਨ, ਕੈਨੇਡਾ, ਜ਼ਿੰਬਾਬਵੇ, ਬਰਤਾਨੀਆਂ ਅਤੇ ਆਇਰਲੈਂਡ ਦੇ ਵਿਦਵਾਨਾਂ ਨੇ ਪੀਏਯੂ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨਾਲ ਗੱਲਬਾਤ ਕੀਤੀ|
ਇਸ ਟੀਮ ਦੇ ਵਿਦਵਾਨਾਂ ਵਿੱਚ ਲੂਸੀ ਡੋਮਾ, ਨਿਕੋਲ ਲੋਗ, ਸੈਮੀ ਮੈਕਲਨਟਾਇਰ, ਜੋਆਨਾ ਫਰੇਰਾ ਮੈਂਡੇਜ, ਸ਼ਿਨਿਆ ਓਕਾਜਾਕੀ, ਲੌਰੇਨ ਪਾਰਕ, ਪਾਉਲਾ-ਲੀ ਪਾਉਨਲ, ਸੈਂਡੀ ਰੌਬਰਟਸ, ਐਮੀ ਸਨੋਡੇਨ, ਐਲੇਸਟੇਅਰ ਟ੍ਰਿਕੇਟ ਅਤੇ ਲਾਂਸ ਵੁੱਡਸ ਸਾਮਲ ਸਨ | ਉਹਨਾਂ ਨੇ ਇਸ ਮੌਕੇ ਸ੍ਰੀ ਪਵਿਤਰ ਪਾਲ ਸਿੰਘ ਪ੍ਰਧਾਨ, ਦੱਖਣੀ ਏਸੀਆ ਬੋਰਲੌਗ ਕਿਸਾਨ ਐਸੋਸੀਏਸਨ, ਸ੍ਰੀ ਮਲਵਿੰਦਰ ਸਿੰਘ ਮੱਲ੍ਹੀ ਅਤੇ ਡਾ. ਬਲਦੇਵ ਸਿੰਘ ਨਾਲ ਵੀ ਗੱਲਬਾਤ ਕੀਤੀ |
ਆਪਣੀ ਗੱਲਬਾਤ ਵਿੱਚ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਹਾਜਰ ਵਿਦਵਾਨਾਂ ਨੂੰ ਯੂਨੀਵਰਸਿਟੀ ਦੀਆਂ ਸਾਨਦਾਰ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ | ਉਹਨਾਂ ਕਿਹਾ ਇ ਸੰਸਥਾ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਵਿੱਚ ਖੋਜ, ਪਸਾਰ ਅਤੇ ਸਿੱਖਿਆ ਲਈ ਵਚਨਬੱਧ ਹੈ| ਉਹਨਾਂ ਨੇ ਦੱਸਿਆ ਕਿ ਪੀ.ਏ.ਯੂ. ਦਾ ਦੇਸ਼ ਨੂੰ ਅਨਾਜ ਪੱਖੋਂ ਸਵੈ-ਨਿਰਭਰ ਬਨਾਉਣ ਦੇ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਹੈ ਅਤੇ ਇਸਨੇ ਪੰਜਾਬ ਖੇਤਰ ਦੇ ਕਿਸਾਨਾਂ ਨਾਲ ਸਹਿਯੋਗ ਕਰਕੇ ਇਸ ਖਿੱਤੇ ਨੂੰ ਵਿਕਸਿਤ ਖੇਤੀਬਾੜੀ ਦਾ ਕੇਂਦਰ ਸਥਾਪਿਤ ਕੀਤਾ ਹੈ | ਇਸੇ ਕਰਕੇ ਇਹ ਸੰਸਥਾ ਭਾਰਤ ਦੀਆਂ ਹੀ ਨਹੀਂ ਬਲਕਿ ਸੰਸਾਰ ਦੀਆਂ ਸਿਖਰਲੀਆਂ ਖੇਤੀ ਸੰਸਥਾਵਾਂ ਵਿੱਚ ਸ਼ੁਮਾਰ ਹੁੰਦੀ ਹੈ |
ਡਾ. ਗੋਸਲ ਨੇ ਪੀ.ਏ.ਯੂ. ਦੀਆਂ ਖੋਜ ਪ੍ਰਾਪਤੀਆਂ ਦੀ ਰੂਪ ਰੇਖਾ ਦੱਸਦੇ ਹੋਏ ਕਿਹਾ ਕਿ ਪੀ.ਏ.ਯੂ. ਦਾ ਮੁੱਖ ਧਿਆਨ ਉਤਪਾਦਨ ਦੇ ਨਾਲ-ਨਾਲ ਪੌਸਟਿਕਤਾ ਅਤੇ ਵਾਤਾਵਰਨ ਅਨੁਕੂਲ ਤਕਨਾਲੋਜੀਆਂ, ਖੇਤੀ ਸਥਿਰਤਾ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਪੀਡ ਬ੍ਰੀਡਿੰਗ, ਸੁਰੱਖਿਅਤ ਖੇਤੀਬਾੜੀ ਅਤੇ ਖੇਤੀ ਵਿੱਚ ਰਸਾਇਣਕ ਵਰਤੋਂ ਨੂੰ ਘਟਾ ਕੇ ਮਿੱਟੀ ਦੀ ਸਿਹਤ ਨੂੰ ਸੁਧਾਰਨ, ਖੇਤੀ ਵਿੱਚ ਨਵੀਨ ਮਸੀਨੀਕਰਨ ਦਾ ਵਿਕਾਸ ਕਰਨਾ ਆਦਿ ਹੈ| ਉਨ੍ਹਾਂ ਨੇ ਪੀ.ਏ.ਯੂ. ਵੱਲੋਂ ਵਿਕਸਿਤ ਕਣਕ ਦੀਆਂ ਉਹਨਾਂ ਕਿਸਮਾਂ ਦਾ ਜ਼ਿਕਰ ਕੀਤਾ ਜੋ ਪੌਸ਼ਟਿਕਤਾ ਦੇ ਨਜ਼ਰੀਏ ਤੋਂ ਜਾਰੀ ਕੀਤੀਆਂ ਗਈਆਂ ਹਨ | ਨਾਲ ਹੀ ਡਾ. ਗੋਸਲ ਨੇ ਦੱਸਿਆ ਕਿ ਖੇਤੀ ਵਿਭਿੰਨਤਾ ਲਈ ਪੀ.ਏ.ਯੂ. ਕੁਝ ਵਿਸ਼ੇਸ਼ ਖਿੱਤਿਆਂ ਦੀ ਨਿਸ਼ਾਨਦੇਹੀ ਅਤੇ ਉਹਨਾਂ ਖਿੱਤਿਆਂ ਵਿੱਚ ਵਿਸ਼ੇਸ਼ ਫਸਲਾ ਦੀ ਕਾਸ਼ਤ ਲਈ ਖੋਜ ਕਰ ਰਹੀ ਹੈ|
ਪੰਜਾਬ ਦੀ ਖੇਤੀ ਵਿੱਚ ਸਮਕਾਲੀ ਚੁਣੌਤੀਆਂ ਬਾਰੇ ਚਰਚਾ ਕਰਦਿਆਂ ਡਾ. ਗੋਸਲ ਨੇ ਪਾਣੀ ਦੇ ਡਿੱਗਦੇ ਪੱਧਰ, ਮਿੱਟੀ ਦੀ ਸਿਹਤ ਅਤੇ ਜਮੀਨੀ ਪਾਣੀ ਦੀ ਗੁਣਵੱਤਾ ਵਿੱਚ ਵਿਗਾੜ, ਜਲਵਾਯੂ ਤਬਦੀਲੀ, ਫਸਲਾਂ ਦੀ ਰਹਿੰਦ-ਖੂੰਹਦ, ਖੇਤਾਂ ਦੇ ਘਟਦੇ ਆਕਾਰ, ਲਾਗਤ ਕੀਮਤਾਂ ਵਿੱਚ ਲਗਾਤਾਰ ਵਾਧਾ ਆਦਿ ਦਾ ਜ਼ਿਕਰ ਕੀਤਾ | ਉਹਨਾਂ ਕਿਹਾ ਕਿ ਇਹਨਾਂ ਸਮੱਸਿਆਵਾਂ ਦੇ ਟਾਕਰੇ ਲਈ ਸੰਸਥਾ ਲਗਾਤਾਰ ਬਦਲਵੀਆਂ ਤਕਨਾਲੋਜੀਆਂ ਦੀ ਖੋਜ ਕਰ ਰਹੀ ਹੈ | ਪੌਦਾ ਵਿਗਿਆਨੀ ਡਾ. ਬਲਦੇਵ ਸਿੰਘ ਨੇ ਟਿਕਾਊ ਖੇਤੀ, ਮਿੱਟੀ ਦੀ ਸਿਹਤ ਅਤੇ ਮਿੱਟੀ ਦੇ ਸੁਧਾਰ ’ਤੇ ਚਾਨਣਾ ਪਾਇਆ|
ਡਾ. ਵਿਸਾਲ ਬੈਕਟਰ ਨੇ ਪੀ.ਏ.ਯੂ. ਦੇ ਪਸਾਰ ਢਾਂਚੇ ਬਾਰੇ ਵਿਸਥਾਰ ਨਾਲ ਦੱਸਿਆ ਜੋ ਕਿ ਕ੍ਰਿਸੀ ਵਿਗਿਆਨ ਕੇਂਦਰਾਂ ਅਤੇ ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਨਾਲ ਸੰਬੰਧਤ ਹੈ | ਉਨ੍ਹਾਂ ਨੇ ਵਫਦ ਨੂੰ ਕਿਸਾਨ ਮੇਲਿਆਂ ਦੀ ਜਾਣਕਾਰੀ ਦਿੱਤੀ | ਨਾਲ ਹੀ ਯੂਨੀਵਰਸਿਟੀ ਦੇ ਵੱਖ-ਵੱਖ ਗ੍ਰੈਜੂਏਟ, ਪੋਸਟ ਗ੍ਰੈਜੂਏਟ ਅਤੇ ਡਾਕਟਰੇਟ ਅਧਿਆਪਨ ਪ੍ਰੋਗਰਾਮਾਂ, ਵਿਦਿਆਰਥੀ ਅਤੇ ਫੈਕਲਟੀ ਐਕਸਚੇਂਜ ਪ੍ਰੋਗਰਾਮਾਂ, ਉਦਯੋਗਿਕ ਅਤੇ ਅੰਤਰਰਾਸ਼ਟਰੀ ਸਬੰਧਾਂ ਦੀ ਸੰਖੇਪ ਜਾਣਕਾਰੀ ਦਿੱਤੀ |
ਨਫੀਲਡ ਸਕਾਲਰਾਂ ਦੀ ਟੀਮ ਨੇ ਸਕੂਲ ਆਫ ਬਿਜਨਸ ਸਟੱਡੀਜ ਪੀ.ਏ.ਯੂ. ਦਾ ਦੌਰਾ ਵੀ ਕੀਤਾ ਅਤੇ ਸਕੂਲ ਦੇ ਨਿਰਦੇਸ਼ਕ ਡਾ. ਰਮਨਦੀਪ ਸਿੰਘ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਮਹਿਮਾਨਾਂ ਨੂੰ ਕਿਸਾਨ ਭਾਈਚਾਰੇ ਲਈ ਪੰਜਾਬ ਐਗਰੀ-ਬਿਜਨਸ ਇਨਕਿਊਬੇਟਰ ਬਾਰੇ ਜਾਣਕਾਰੀ ਦਿੱਤੀ|
ਡਾ. ਆਸ਼ੂ ਤੂਰ, ਸਹਾਇਕ ਪ੍ਰੋਫੈਸਰ, ਸੰਚਾਰ ਕੇਂਦਰ, ਨੇ ਯੂਨੀਵਰਸਿਟੀ ਦੁਆਰਾ ਕੱਢੇ ਜਾਂਦੇ ਡਿਜੀਟਲ ਅਖਬਾਰ, ਹਫਤਾਵਾਰੀ ਫੇਸਬੁੱਕ ਲਾਈਵ ਪ੍ਰੋਗਰਾਮ, ਪੀ.ਏ.ਯੂ. ਕਿਸਾਨ ਐਪ, ਵਟਸਐਪ ਗਰੁੱਪਾਂ, ਕਿਸਾਨ ਦੂਤਾਂ ਤੋਂ ਇਲਾਵਾ 280 ਤੋਂ ਵੱਧ ਖੇਤੀ ਪ੍ਰਕਾਸ਼ਨਾਵਾਂ ਅਤੇ ਪੀ.ਏ.ਯੂ. ਦੁਆਰਾ ਆਯੋਜਿਤ ਸਿਖਲਾਈ ਪ੍ਰੋਗਰਾਮਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ|
ਵਫਦ ਨੂੰ ਪੀ.ਏ.ਯੂ. ਪ੍ਰਕਾਸਨ ਅਤੇ ਯੂਨੀਵਰਸਿਟੀ ਦੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ| ਟੀਮ ਦੇ ਆਗੂ ਮਿਸਟਰ ਮੈਥਿਊ ਵੇਸਲੇ ਨੇ ਆਪਣੇ ਸਹਿਯੋਗੀਆਂ ਨੂੰ ਗਿਆਨ ਉਪਜਾਉਣ ਅਤੇ ਉਸਦੇ ਪਸਾਰ ਪੀ.ਏ.ਯੂ. ਦੀ ਊਰਜਾ ਅਤੇ ਸ਼ਿੱਦਤ ਤੋਂ ਸਿੱਖਣ ਦੀ ਸਲਾਹ ਦਿੱਤੀ | ਵਫ਼ਦ ਦੇ ਮੈਂਬਰਾਂ ਨੇ ਵਾਈਸ-ਚਾਂਸਲਰ ਅਤੇ ਯੂਨੀਵਰਸਿਟੀ ਦੇ ਅਧਿਕਾਰੀਆਂ ਵੱਲੋਂ ਇਸ ਗਿਆਨਵਰਧਕ ਗੱਲਬਾਤ ਦੇ ਆਯੋਜਨ ਲਈ ਧੰਨਵਾਦ ਕੀਤਾ|
ਵਫਦ ਨੂੰ ਸਮਾਗਮ ਦੌਰਾਨ ਬੋਰਲੌਗ ਫਾਰਮਰਜ ਐਸੋਸੀਏਸਨ ਵੱਲੋਂ ਸਰਟੀਫਿਕੇਟ ਪ੍ਰਦਾਨ ਕੀਤੇ ਗਏ|