ਸਰਕਾਰੀ ਪੌਲੀਟੈਕਨਿਕ ਕਾਲਜ, ਬਠਿੰਡਾ ਵਿਖੇ ਵਾਤਾਵਰਨ ਜਾਗਰੂਕਤਾ ਸੈਮੀਨਾਰ
ਅਸ਼ੋਕ ਵਰਮਾ
ਬਠਿੰਡਾ ,18 ਸਤੰਬਰ 2023: ਸਰਕਾਰੀ ਪੌਲੀਟੈਕਨਿਕ ਕਾਲਜ, ਬਠਿੰਡਾ ਵਿਖੇ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ,ਪੰਜਾਬ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਵਾਤਾਵਰਨ ਸਬੰਧੀ ਜਾਗਰੂਕ ਕਰਨ ਲਈ ਇੱਕ ਸੈਮੀਨਰ ਕਰਵਾਇਆ ਗਿਆ। ਇਸ ਸੈਮੀਨਰ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਵਣ ਅਤੇ ਜੰਗਲੀ ਜੀਵ ਸੁਰੱਖਿਆ ਪ੍ਰਤੀ ਜਾਗਰੂਕ ਕਰਨਾ ਸੀ। ਕਾਲਜ ਦੇ ਪ੍ਰਿੰਸੀਪਲ ਅਨੁਜਾ ਪੁਪਨੇਜਾ ਨੇ ਵਣ ਵਿਭਾਗ ਦੀ ਟੀਮ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਕੁਦਰਤ ਦਾ ਸੰਤੁਲਨ ਬਣਾਈ ਰੱਖਣ ਲਈ ਵੱਧ ਤੋਂ ਵੱਧ ਪੌਦੇ ਲਗਾਉਣ। ਉਹਨਾਂ ਦੱਸਿਆ ਕਿ ਕਾਲਜ ਵੱਲੋਂ ਹਰ ਸਾਲ ਵਿਸ਼ੇਸ਼ ਮਹਿੰਮ ਅਧੀਨ ਰੁੱਖ ਲਗਾਏ ਜਾਂਦੇ ਹਨ। ਉਹਨਾਂ ਇਹ ਵੀ ਦੱਸਿਆ ਕਿ ਕਾਲਜ ਵੱਲੋਂ ਨਾਨਕ ਬਗੀਚੀ ਬਣਾਈ ਗਈ ਹੈ ਜਿਸ ਵਿੱਚ ਵੱਖੋਂ-ਵੱਖਰੀਆਂ ਕਿਸਮਾਂ ਦੇ ਹਰਬਲ ਪੌਦੇ ਲਗਾਏ ਗਏ ਹਨ।
ਵਣ ਵਿਭਾਗ ਵੱਲੋਂ ਸ੍ਰੀ ਗੁਰਦੀਪ ਸਿੰਘ ਸਿੱਧੂ ਅਤੇ ਸ੍ਰੀਮਤੀ ਖੁਸ਼ਦੀਪ ਕੌਰ ਨੇ ਵਿਦਿਆਰਥੀਆਂ ਨੂੰ ਜਾਗਰੂਕ ਕਰਦਿਆਂ ਆਪਣੇ ਆਲੇ-ਦੁਆਲੇ ਵੱਧ ਤੋਂ ਵੱਧ ਰੁੱਖ ਲਗਾ ਕੇ ਉਨ੍ਹਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ। ਉਹਨਾਂ ਵਿਦਿਆਰਥੀਆਂ ਨੂੰ ਹਰਬਲ ਪੌਦਿਆਂ ਦੀ ਮਹੱਤਤਾ ਬਾਰੇ ਜਾਣੂ ਕਰਵਾਉਂਦਿਆਂ ਦੱਸਿਆ ਕਿ ਵਣ ਵਿਭਾਗ ਦੀਆਂ ਨਰਸੀਆਂ ਵਿੱਚੋਂ ਵੱਖ-ਵੱਖਰੀਆਂ ਕਿਸਮਾਂ ਦੇ ਪੌਦੇ ਅਤੇ ਰੁੱਖ ਮੁਫ਼ਤ ਪ੍ਰਾਪਤ ਕੀਤੇ ਜਾ ਸਕਦੇ ਹਨ। ਉਹਨਾਂ ਵੀ ਦੱਸਿਆ ਕਿ ਬਾਰਵੀਂ ਪਾਸ ਵਿਦਿਅਰਥੀ ਵਣ ਰੱਖਿਆਕ ਦੇ ਤੌਰ ਤੇ ਭਰਤੀ ਹੋ ਕੇ ਵਾਤਾਵਰਨ ਦੀ ਸਾਂਭ-ਸੰਭਾਲ ਵਿੱਚ ਆਪਣਾ ਬਣਦਾ ਯੋਗਦਾਨ ਪਾ ਸਕਦੇ ਹਨ। ਅੰਤ ਵਿੱਚ ਡਾ. ਸੁਸ਼ੀਲ ਕੁਮਾਰ ਸਿੰਗਲਾ ਨੇ ਬੁਲਰਿਆਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।