25 ਅਤੇ 26 ਨਵੰਬਰ ਨੂੰ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਹੋਣ ਜਾ ਰਹੇ ਹਨ ਐਫਏਪੀ ਨੈਸ਼ਨਲ ਅਵਾਰਡ 2023
ਹਰਜਿੰਦਰ ਸਿੰਘ ਭੱਟੀ
- ਐਫਏਪੀ ਨੈਸ਼ਨਲ ਅਵਾਰਡ 2023; ਪ੍ਰਾਈਵੇਟ ਸਕੂਲਾਂ, ਅਧਿਆਪਕਾਂ, ਪ੍ਰਿੰਸੀਪਲਾਂ, ਹੋਣਹਾਰ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ ਕੁੱਲ 1831 ਪੁਰਸਕਾਰ
- “ਭਾਰਤੀ ਸਿੱਖਿਆ ਪ੍ਰਣਾਲੀ ਦੇ ਵਿਕਾਸ ਵਿੱਚ ਪ੍ਰਾਈਵੇਟ ਸਕੂਲ ਅਥਾਹ ਯੋਗਦਾਨ ਪਾਉਂਦੇ ਹਨ” - ਐਫਏਪੀ ਦੇ ਪ੍ਰਧਾਨ ਡਾ: ਜਗਜੀਤ ਸਿੰਘ ਧੂਰੀ
ਮੋਹਾਲੀ, 18 ਨਵੰਬਰ 2023 - ਸਿੱਖਿਆ ਦੇ ਕੱਦ ਨੂੰ ਉੱਚਾ ਚੁੱਕਣ ਅਤੇ ਨੌਜਵਾਨਾਂ ਦੀ ਸੋਚ ਨੂੰ ਆਕਾਰ ਦੇਣ ਵਿੱਚ ਭਾਰਤ ਭਰ ਦੇ ਪ੍ਰਾਈਵੇਟ ਸਕੂਲਾਂ ਦੁਆਰਾ ਕੀਤੇ ਗਏ ਯਤਨਾਂ ਅਤੇ ਯੋਗਦਾਨ ਨੂੰ ਸਵਿਕਾਰ ਅਤੇ ਹਾਈਲਾਈਟ ਕਰਨ ਲਈ, ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ ਪੰਜਾਬ (ਐਫਏਪੀ) ਵੱਲੋਂ 25 ਅਤੇ 26 ਨਵੰਬਰ ਨੂੰ ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ ਦੇ ਕੈਂਪਸ ਵਿਖੇ ਐਫਏਪੀ ਨੈਸ਼ਨਲ ਐਵਾਰਡਜ਼ ਦੇ ਤੀਜੇ ਐਡੀਸ਼ਨ ਦਾ ਆਯੋਜਨ ਕੀਤਾ ਜਾਵੇਗਾ।
ਐਫਏਪੀ ਨੈਸ਼ਨਲ ਅਵਾਰਡ 2023 ਦੇ ਦੌਰਾਨ, ਦੇਸ਼ ਭਰ ਦੇ ਯੋਗ ਉਮੀਦਵਾਰਾਂ ਨੂੰ ਸਰਵੋਤਮ ਅਧਿਆਪਕ ਅਵਾਰਡ, ਸਰਵੋਤਮ ਸਕੂਲ ਅਵਾਰਡ, ਸਰਵੋਤਮ ਪ੍ਰਿੰਸੀਪਲ ਅਵਾਰਡ, ਅਤੇ ਵਿਦਿਆਰਥੀਆਂ ਲਈ ਪ੍ਰਾਈਡ ਆਫ਼ ਇੰਡੀਆ ਅਵਾਰਡ ਦਿੱਤੇ ਜਾਣਗੇ। ਇਸ ਬਾਬਤ ਜਾਣਕਾਰੀ ਐਫਏਪੀ ਦੇ ਪ੍ਰਧਾਨ ਡਾ: ਜਗਜੀਤ ਸਿੰਘ ਧੂਰੀ ਵੱਲੋਂ ਦਿੱਤੀ ਗਈ ਹੈ।
ਐਫਏਪੀ ਅਵਾਰਡਾਂ ਦਾ ਉਦੇਸ਼ ਪ੍ਰਾਪਤੀਆਂ ਵਿੱਚ ਸੰਸਥਾਗਤ ਮਾਣ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਅਤੇ ਸਕੂਲ ਸਿੱਖਿਆ ਦੇ ਖੇਤਰ ਵਿੱਚ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦੁਆਰਾ ਪਾਏ ਗਏ ਸ਼ਾਨਦਾਰ ਯੋਗਦਾਨ ਨੂੰ ਮਾਨਤਾ ਦੇਣਾ ਹੈ।
ਜਿੱਥੇ ਇਹ ਅਵਾਰਡ ਹੋਣਹਾਰ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਸਕੂਲਾਂ ਅਤੇ ਕਮਿਊਨਿਟੀ ਵਿੱਚ ਪਾਏ ਯੋਗਦਾਨ ਲਈ ਮਾਨਤਾ ਦੇਣਗੇ, ਉੱਥੇ ਹੀ ਇਹ ਅਕਾਦਮਿਕ, ਖੇਡਾਂ ਅਤੇ ਸੱਭਿਆਚਾਰਕ ਖੇਤਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਕੂਲਾਂ ਨੂੰ ਵੀ ਮਾਨਤਾ ਦੇਣਗੇ। ਇਸ ਤੋਂ ਇਲਾਵਾ, ਵਿਦਿਆਰਥੀਆਂ ਨੂੰ ਵੀ ਅਕਾਦਮਿਕ ਉੱਤਮਤਾ ਲਈ ਪੁਰਸਕਾਰ ਦਿੱਤੇ ਜਾਣਗੇ।
ਐਫਏਪੀ ਨੈਸ਼ਨਲ ਅਵਾਰਡ 2023 ਬਾਰੇ ਬੋਲਦਿਆਂ, ਐਫਏਪੀ ਦੇ ਪ੍ਰਧਾਨ ਡਾ: ਜਗਜੀਤ ਸਿੰਘ ਧੂਰੀ ਨੇ ਕਿਹਾ, “ਨਿੱਜੀ ਸਕੂਲ ਸਿੱਖਿਆ ਪ੍ਰਣਾਲੀ ਵਿੱਚ ਇੱਕ ਮੁੱਖ ਥੰਮ੍ਹ ਹਨ, ਉਹ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਕੇ ਸਮਾਜਿਕ ਪ੍ਰਭਾਵ ਅਤੇ ਰਾਸ਼ਟਰ ਨਿਰਮਾਣ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਐਫਏਪੀ ਅਵਾਰਡ 2023 ਦਾ ਆਯੋਜਨ ਉਹਨਾਂ ਦੇ ਅਥਾਹ ਯੋਗਦਾਨ ਨੂੰ ਮਾਨਤਾ ਦੇਣ ਲਈ ਹੀ ਕੀਤਾ ਗਿਆ ਹੈ।
ਐਫਏਪੀ ਅਵਾਰਡਾਂ ਦੇ ਪਹਿਲੇ ਐਡੀਸ਼ਨ ਵਿੱਚ, ਇਹ ਪੁਰਸਕਾਰ ਸਿਰਫ਼ ਪੰਜਾਬ ਰਾਜ ਦੇ ਪ੍ਰਾਈਵੇਟ ਸਰਵੋਤਮ ਸਕੂਲਾਂ, ਸਰਵੋਤਮ ਅਧਿਆਪਕਾਂ ਅਤੇ ਸਰਵੋਤਮ ਪ੍ਰਿੰਸੀਪਲਾਂ ਨੂੰ ਦਿੱਤੇ ਗਏ ਸਨ। ਪਰ ਪਿਛਲੇ ਸਾਲ ਐਫਏਪੀ ਦੇ ਦੂਜੇ ਐਡੀਸ਼ਨ ਤੋਂ ਬਾਅਦ, ਪੂਰੇ ਭਾਰਤ ਤੋਂ ਅਵਾਰਡਾਂ ਦੇ ਬਿਨੈਕਾਰਾਂ ਦੇ ਨਾਲ ਅਵਾਰਡਾਂ ਦਾ ਘੇਰਾ ਵਿਸ਼ਾਲ ਕੀਤਾ ਗਿਆ ਹੈ।"
ਉਨ੍ਹਾਂ ਅੱਗੇ ਕਿਹਾ, “ਸਕੂਲਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਲਈ, ਪੁਰਸਕਾਰ ਚਾਰ ਸ਼੍ਰੇਣੀਆਂ ਵਿੱਚ ਦਿੱਤੇ ਜਾਣਗੇ, ਜਦੋਂ ਕਿ ਪ੍ਰਿੰਸੀਪਲਾਂ ਨੂੰ ਛੇ ਸ਼੍ਰੇਣੀਆਂ ਵਿੱਚ ਪੁਰਸਕਾਰ ਦਿੱਤੇ ਜਾਣਗੇ। ਜਿਨ੍ਹਾਂ ਸ਼੍ਰੇਣੀਆਂ ਦੇ ਤਹਿਤ ਅਵਾਰਡ ਦਿੱਤੇ ਜਾਣਗੇ ਉਹ ਹਨ ਅਕਾਦਮਿਕ ਅਚੀਵਮੈਂਟ ਅਵਾਰਡ, ਸਪੋਰਟਸ ਅਚੀਵਮੈਂਟ ਅਵਾਰਡ, ਕਲਚਰਲ ਅਚੀਵਮੈਂਟ ਅਵਾਰਡ (ਸੰਗੀਤ, ਡਾਂਸ, ਆਰਟ, ਥੀਏਟਰ), ਯੂਨੀਕ ਪ੍ਰੈਕਟਿਸ ਅਵਾਰਡ, ਲਾਈਫਟਾਈਮ ਅਚੀਵਮੈਂਟ ਅਵਾਰਡ, ਅਤੇ ਪ੍ਰਿੰਸੀਪਲ ਲਈ ਵੱਕਾਰੀ ਅਵਾਰਡ।
ਡਾ. ਧੂਰੀ ਨੇ ਅੱਗੇ ਕਿਹਾ, “ਇਨ੍ਹਾਂ ਤੋਂ ਇਲਾਵਾ, ਇਸ ਸਾਲ ਐਫਏਪੀ ਅਕਾਦਮਿਕ, ਖੇਡਾਂ ਅਤੇ ਸੱਭਿਆਚਾਰ ਵਿੱਚ ਉੱਤਮਤਾ ਵਾਲੇ ਵਿਦਿਆਰਥੀਆਂ ਨੂੰ ਮਾਨਤਾ ਦੇਣ ਲਈ ਪ੍ਰਾਈਡ ਆਫ਼ ਇੰਡੀਆ ਅਵਾਰਡਾਂ ਦੀ ਸ਼ੁਰੂਆਤ ਕਰ ਰਿਹਾ ਹੈ। ਪੰਜਾਬ ਦੇ 50 ਹੋਣਹਾਰ ਵਿਦਿਆਰਥੀ ਅਤੇ ਹੋਰ ਭਾਰਤੀ ਰਾਜਾਂ ਦੇ 50 ਵਿਦਿਆਰਥੀ ਜਿਨ੍ਹਾਂ ਨੇ CBSE, CISCE, IB ਜਾਂ PSEB ਬੋਰਡ ਦੀਆਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ (2022-23) ਵਿੱਚ 98% ਅਤੇ ਇਸ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ, ਨੂੰ ਇਹ ਪੁਰਸਕਾਰ ਦਿੱਤਾ ਜਾਵੇਗਾ।
ਸੱਭਿਆਚਾਰ ਸ਼੍ਰੇਣੀ ਪੁਰਸਕਾਰ ਉਹਨਾਂ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ ਜਿਨ੍ਹਾਂ ਨੇ ਐੱਫਏਪੀ ਦੁਆਰਾ ਕਰਵਾਏ ਗਏ ਸੱਭਿਆਚਾਰਕ ਸਮਾਗਮਾਂ ਵਿੱਚ ਪੁਜ਼ੀਸ਼ਨਾਂ ਜਿੱਤੀਆਂ ਹਨ, ਇਸਤੋਂ ਇਲਾਵਾ ਰਾਸ਼ਟਰੀ ਪੱਧਰ ਦੀਆਂ ਗਰੇਡਾਂ ਵਾਲੀਆਂ ਖੇਡਾਂ ਅਤੇ ਸਮਾਗਮਾਂ ਵਿੱਚ ਰੈਂਕ ਵਾਲੇ ਵਿਦਿਆਰਥੀਆਂ ਨੂੰ ਸਪੋਰਟਸ ਅਵਾਰਡ ਦਿੱਤੇ ਜਾਣਗੇ।"