ਪੰਜਾਬੀ ਸੱਭਿਆਚਾਰ ਦੇ ਹੋਏ ਮੁਰੀਦ ਬਾਹਰੀ ਰਾਜਾਂ ਦੇ ਬੱਚੇ, ਗਲਵੱਕੜੀਆਂ ਪਾ ਆਪਣੇ ਸਾਥੀਆਂ ਤੋਂ ਲਈ ਵਿਦਾਇਗੀ
- ਭਾਵੁਕਤਾ ਭਰੇ ਮਾਹੌਲ 'ਚ ਵਿਦਾ ਹੋਏ ਬਾਹਰੀ ਰਾਜਾਂ ਦੇ ਬੱਚੇ
ਦਲਜੀਤ ਕੌਰ
ਲਹਿਰਾਗਾਗਾ, 3 ਦਸੰਬਰ, 2023 : ਰਾਸ਼ਟਰੀ ਬਾਲ ਆਨੰਦ ਮਹਾਂਉਤਸਵ-2023 ਦੀ ਸਮਾਪਤੀ ਉਪਰੰਤ ਵੱਖ-ਵੱਖ ਰਾਜਾਂ ਤੋਂ ਆਏ ਬੱਚੇ ਪੰਜਾਬੀ ਬੱਚਿਆਂ ਦੇ ਘਰਾਂ ਤੋਂ ਭਾਵੁਕਤਾ ਭਰੇ ਮਾਹੌਲ 'ਚ ਵਿਦਾ ਹੋ ਗਏ। ਨਮ ਅੱਖਾਂ ਨਾਲ ਗੱਲਵੱਕੜੀ ਪਾਈਂ ਬੱਚਿਆਂ ਨਾਲ ਪਰਿਵਾਰਕ ਮੈਂਬਰ ਵੀ ਭਾਵੁਕ ਹੋ ਗਏ। ਪਿਛਲੇ ਦਿਨਾਂ ਦੌਰਾਨ ਪੰਜਾਬੀ ਬੱਚਿਆਂ ਦੇ ਘਰਾਂ 'ਚ ਰਹਿੰਦਿਆਂ ਇਹ ਬੱਚੇ ਪੰਜਾਬੀ ਸੱਭਿਆਚਾਰ ਦੇ ਮੁਰੀਦ ਹੋ ਗਏ।
ਭਾਵੇਂ ਕਿ ਕੁੱਝ ਬੱਚਿਆਂ ਨੂੰ ਭਾਸ਼ਾ ਸਮਝਣ 'ਚ ਦਿੱਕਤ ਆਈ, ਪ੍ਰੰਤੂ ਪਿਆਰ ਅਤੇ ਭਾਈਚਾਰੇ ਦੇ ਮੁਕਾਬਲੇ ਇਹ ਛੋਟੀ ਸੀ। ਮੈਡਮ ਅਮਨ ਢੀਂਡਸਾ ਨੇ ਵੱਖ-ਵੱਖ ਸੂਬਿਆਂ ਦੇ ਟੀਮਾਂ ਦੀ ਪ੍ਰਤੀਨਿਧਤਾ ਕਰਨ ਵਾਲੀਆਂ ਔਰਤਾਂ ਨੂੰ ਪੰਜਾਬੀ ਸੱਭਿਆਚਾਰ ਦਾ ਪ੍ਰਤੀਕ ਫੁਲਕਾਰੀ ਯਾਦਗਾਰੀ ਨਿਸ਼ਾਨੀ ਦਿੱਤੀ।
ਪੰਜਾਬੀ ਬੱਚਿਆਂ ਦੇ ਪਰਿਵਾਰਾਂ ਵਿੱਚੋਂ ਵੀ ਮਾਪਿਆਂ ਨੇ ਉਹਨਾਂ ਦੇ ਨਵੇਂ ਦੋਸਤਾਂ ਨੂੰ ਯਾਦਗਾਰੀ ਤੋਹਫੇ ਦਿੱਤੇ, ਜਦੋਂਕਿ ਬਾਹਰਲੇ ਰਾਜਾਂ ਦੇ ਬੱਚਿਆਂ ਨੇ ਵੀ ਨਿਸ਼ਾਨੀ ਵਜੋਂ ਕੁੱਝ ਨਾ ਕੁੱਝ ਭੇਂਟ ਕਰਦਿਆਂ ਆਪਣੀ ਅਪਣੱਤ ਜਾਹਰ ਕੀਤੀ। ਕੇਰਲਾ, ਮੱਧ ਪ੍ਰਦੇਸ਼ ਅਤੇ ਗੋਆ ਦੀ ਟੀਮਾਂ ਨੇ ਗੁਰਦੁਆਰਾ ਹਰਿਮੰਦਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਵੀ ਕੀਤੇ।
ਬੱਚਿਆਂ ਨਾਲ ਆਏ ਅਧਿਆਪਕ ਵੀ ਲਹਿਰਾਗਾਗਾ ਦੇ ਬਜ਼ਾਰਾਂ 'ਚ ਪੰਜਾਬੀ ਕੁੜਤਾ ਪਜਾਮੇ ਅਤੇ ਜੁੱਤੀਆਂ ਦੀ ਖਰੀਦਦਾਰੀ ਕਰਕੇ ਗਏ। ਕੇਰਲਾ ਦੀ ਟੀਮ ਅਪਣੱਤ ਜਤਾਉਂਦਿਆਂ ਪੰਜਾਬ ਦੀ ਮਿੱਟੀ ਨਿਸ਼ਾਨੀ ਵਜੋਂ ਆਪਣੇ ਨਾਲ ਲੈ ਕੇ ਗਈ। ਫਿਰ ਮਿਲਾਂਗੇ ਦੇ ਇਕਰਾਰ ਨਾਲ ਇਹ ਸਾਰੇ ਬੱਚੇ ਵਿਦਾ ਹੋਏ।