ਸੁਰਖੀ: ਸਿੱਖ ਇਤਿਹਾਸ ਅਤੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿਚ ਜੈਤੋ ਦੇ ਮੋਰਚੇ ਦਾ ਹੈ ਅਹਿਮ ਮੁਕਾਮ
ਦੀਦਾਰ ਗੁਰਨਾ
ਫਤਿਹਗੜ੍ਹ ਸਾਹਿਬ, 23 ਫਰਵਰੀ 2024 - ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਵਿਖੇ "ਜੈਤੋ ਦਾ ਮੋਰਚਾ: ਬਹੁਪੱਖੀ ਮਹੱਤਵ" ਵਿਸ਼ੇ ਤੇ ਇਕ ਰੋਜਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਧਰਮ ਅਧਿਐਨ ਵਿਭਾਗ ਵੱਲੋਂ ਕਰਵਾਏ ਗਏ ਇਸ ਸੈਮੀਨਾਰ ਦੀ ਪ੍ਰਧਾਨਗੀ ਵਾਈਸ ਚਾਂਸਲਰ ਪ੍ਰੋਫੈਸਰ ਪਰਿਤ ਪਾਲ ਸਿੰਘ ਨੇ ਕੀਤੀ। ਉਹਨਾਂ ਆਖਿਆ ਕਿ ਜੈਤੋ ਦਾ ਮੋਰਚਾ ਨਾ ਸਿਰਫ ਸਿੱਖ ਇਤਿਹਾਸ ਅੰਦਰ ਸਗੋਂ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਵੀ ਬੇਹਦ ਅਹਿਮ ਥਾਂ ਰੱਖਦਾ ਹੈ। ਉਹਨਾਂ ਦੱਸਿਆ ਕਿ ਅੱਜ ਦੇ ਇਸ ਸੈਮੀਨਾਰ ਵਿੱਚ ਪੰਜਾਬ ਦੀਆਂ ਵੱਖ ਵੱਖ ਖੇਤਰਾਂ ਦੀਆਂ ਵਿਦਵਾਨ ਸ਼ਖਸੀਅਤਾਂ ਸ਼ਾਮਲ ਹੋਈਆਂ ਹਨ। ਉਹਨਾਂ ਕਿਹਾ ਕਿ ਜੈਤੋ ਦੇ ਮੋਰਚੇ ਬਾਰੇ ਅਧਿਐਨ ਖੋਜ ਅਤੇ ਪ੍ਰਕਾਸ਼ਨ ਦੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਧਰਮ ਅਧਿਐਨ ਵਿਭਾਗ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੀ ਖੋਜ ਪੱਤਰਕਾ ਜਨਰਲ ਆਫ ਰਿਲੀਜਨ ਐਂਡ ਸਿਖਸ ਸਟਡੀਜ ਦੇ ਆਉਣ ਵਾਲੇ ਵਿਸ਼ੇਸ਼ ਅੰਕ ਵਿੱਚ ਖੋਜ ਭਰਪੂਰ ਪਰਚਿਆਂ ਨੂੰ ਥਾਂ ਦਿੱਤੀ ਜਾਵੇਗੀ।
ਸੈਮੀਨਾਰ ਦੇ ਉਦਘਾਟਨੀ ਸੈਸ਼ਨ ਵਿੱਚ ਬਤੌਰ ਮੁੱਖ ਵਕਤਾ ਸ਼ਾਮਿਲ ਹੋਏ ਇਤਿਹਾਸ ਦੇ ਨਾਮਵਰ ਵਿਦਵਾਨ ਪ੍ਰੋਫੈਸਰ ਇੰਦੂ ਬਾਂਗਾ, ਸੇਵਾ ਮੁਕਤ ਪ੍ਰੋਫੈਸਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਜੈਤੋ ਦੇ ਮੋਰਚੇ ਦੇ ਪਿਛੋਕੜ ਤੋਂ ਲੈ ਕੇ ਇਸ ਦੇ ਰਾਜਨੀਤਿਕ ਧਾਰਮਿਕ ਅਤੇ ਸਮਾਜਿਕ ਮਹੱਤਵ ਉੱਪਰ ਵੇਰਵੇ ਸਹਿਤ ਚਾਨਣਾ ਪਾਇਆ। ਉਹਨਾਂ ਆਖਿਆ ਕਿ ਮਹਾਤਮਾ ਗਾਂਧੀ ਸਮੇਤ ਹੋਰ ਰਾਸ਼ਟਰਵਾਦੀ ਆਗੂ ਲਹਿਰ ਦਾ ਅਸਲੀ ਮਹੱਤਵ ਸਮਝਣ ਵਿੱਚ ਅਸਮਰੱਥ ਰਹੇ ਹਨ। ਇਸ ਕਰਕੇ ਦੇਸ਼ ਦੀ ਆਜ਼ਾਦੀ ਲਈ ਲੜੇ ਗਏ ਸੰਘਰਸ਼ ਦੇ ਇਤਿਹਾਸ ਵਿੱਚ ਇਸ ਮੋਰਚੇ ਨੂੰ ਬਣਦੀ ਥਾਂ ਨਹੀਂ ਦਿੱਤੀ ਜਾ ਰਹੀ। ਸੈਮੀਨਾਰ ਦੇ ਤਕਨੀਕੀ ਸੈਸ਼ਨ ਵਿੱਚ ਡਾ ਸਿਮਰਨ ਕੌਰ, ਸਿੱਖ ਇਤਿਹਾਸ ਰਿਸਰਚ ਬੋਰਡ, ਅੰਮ੍ਰਿਤਸਰ ਨੇ ਜੈਤੋ ਦੇ ਮੋਰਚੇ ਸਮੇਂ ਕੈਦਖਾਨਿਆਂ ਅੰਦਰਲੇ ਹਾਲਾਤ ਸਬੰਧੀ ਪਰਚਾ ਪੇਸ਼ ਕੀਤਾ। ਡਾ ਸਿਕੰਦਰ ਸਿੰਘ, ਮੁਖੀ, ਪੰਜਾਬੀ ਵਿਭਾਗ ਨੇ ਮੋਰਚੇ ਦੇ ਰਾਜਨੀਤਿਕ ਮਹੱਤਵ ਅਤੇ ਅੰਗਰੇਜ਼ਾਂ ਵੱਲੋਂ ਇਸ ਦੇ ਖਿਲਾਫ ਕੀਤੇ ਗਏ ਗੈਰ-ਇਖਲਾਕੀ ਪ੍ਰਾਪੇਗੰਡੇ ਨੂੰ ਆਪਣੇ ਭਾਸ਼ਣ ਦਾ ਵਿਸ਼ਾ ਬਣਾਇਆ।
ਤਕਨੀਕੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਪ੍ਰੋਫੈਸਰ ਪਰਮਵੀਰ ਸਿੰਘ, ਮੁਖੀ, ਸਿੱਖ ਵਿਸ਼ਵ ਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਖਿਆ ਕਿ ਜੈਤੋ ਦੇ ਮੋਰਚੇ ਦੇ ਇਤਿਹਾਸਿਕ ਤੱਥਾਂ ਨੂੰ ਖੋਜਣ ਲਈ ਉਸ ਸਮੇਂ ਦੀਆਂ ਅਖਬਾਰਾਂ, ਨਿੱਜੀ ਡਾਇਰੀਆਂ ਅਤੇ ਇਤਿਹਾਸਿਕ ਸਥਾਨਾਂ ਦਾ ਨਵੇਂ ਸਿਰ ਤੋਂ ਅਧਿਐਨ ਕੀਤਾ ਜਾਣਾ ਚਾਹੀਦਾ ਹੈ। ਡੀਨ ਅਕਾਦਮਿਕ ਮਾਮਲੇ, ਪ੍ਰੋਫੈਸਰ ਸੁਖਵਿੰਦਰ ਸਿੰਘ ਬਲਿੰਗ ਨੇ ਆਖਿਆ ਕਿ ਸ਼ਹੀਦਾਂ ਦੀ ਵਿਰਾਸਤ ਅਤੇ ਪ੍ਰੇਰਨਾ ਸਾਡੇ ਲਈ ਹਮੇਸ਼ਾ ਹੀ ਚਾਨਣ ਮੁਨਾਰੇ ਦਾ ਕੰਮ ਕਰਦੀ ਹੈ। ਸੈਮੀਨਾਰ ਦੌਰਾਨ ਸੁਆਗਤੀ ਸ਼ਬਦ ਧਰਮ ਅਧਿਐਨ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਡਾ ਜਸਪਾਲ ਕੌਰ ਕਾਂਗ ਵੱਲੋਂ ਆਖੇ ਗਏ।
ਉਹਨਾਂ ਦੱਸਿਆ ਕਿ ਅੱਜ ਦੇ ਸੈਮੀਨਾਰ ਵਿੱਚ ਸ਼ਾਮਿਲ ਹੋਏ ਵਿਦਵਾਨਾਂ ਦੀ ਚੋਣ ਉਹਨਾਂ ਦੀ ਇਸ ਖੇਤਰ ਵਿੱਚ ਖਾਸ ਮੁਹਾਰਤ ਅਤੇ ਦਿਲਚਸਪੀ ਕਰਕੇ ਕੀਤੀ ਗਈ ਹੈ। ਧਰਮ ਅਧਿਐਨ ਵਿਭਾਗ ਦੇ ਮੁਖੀ, ਡਾ ਹਰਦੇਵ ਸਿੰਘ ਨੇ ਧੰਨਵਾਦੀ ਸ਼ਬਦ ਆਖਦਿਆਂ ਵੱਖ ਵੱਖ ਬੁਲਾਰਿਆਂ ਵੱਲੋਂ ਪੇਸ਼ ਕੀਤੇ ਗਏ ਖੋਜ ਪਰਚਿਆਂ ਦੀ ਸ਼ਲਾਘਾ ਕੀਤੀ ਅਤੇ ਆਖਿਆ ਕਿ ਵਿਭਾਗ ਇਸ ਮੋਰਚੇ ਸਬੰਧੀ ਸੈਮੀਨਾਰ, ਵਿਚਾਰ ਗੋਸ਼ਟੀਆਂ ਅਤੇ ਪ੍ਰਕਾਸ਼ਨ ਦੇ ਕਾਰਜ ਨੂੰ ਅੱਗੇ ਜਾਰੀ ਰੱਖੇਗਾ। ਸੈਮੀਨਾਰ ਦੌਰਾਨ ਸਟੇਜ ਸੰਚਾਲਕ ਦੀ ਭੂਮਿਕਾ ਡਾ ਪਲਵਿੰਦਰ ਕੌਰ ਨੇ ਨਿਭਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਜਿਸਟਰਾਰ, ਪ੍ਰੋਫੈਸਰ ਤੇਜਬੀਰ ਸਿੰਘ, ਸਮਾਜ ਸ਼ਾਸਤਰ ਵਿਭਾਗ ਦੇ ਮੁਖੀ ਡਾ ਨਵ ਸ਼ਗਨਦੀਪ ਕੌਰ, ਰਾਜਨੀਤੀ ਵਿਭਾਗ ਦੇ ਇੰਚਾਰਜ ਰਮਨਦੀਪ ਕੌਰ, ਧਰਮ ਅਧਿਐਨ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ ਅਜੈਪਾਲ ਸਿੰਘ ਅਤੇ ਜਸਬੀਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।