ਪੰਜਾਬੀ ਯੂਨੀਵਰਸਿਟੀ ਵਿੱਚ ਨਵੇਂ ਸੈਸ਼ਨ ਤੋਂ ਚਾਰ ਸਾਲਾ ਇੰਟੀਗਰੇਟਿਡ ਟੀਚਰ ਐਜੂਕੇਸ਼ਨ ਪ੍ਰੋਗਰਾਮ ਬੀ. ਏ. ਬੀ. ਐੱਡ. (ਸੈਕੰਡਰੀ ਸਟੇਜ) ਸ਼ੁਰੂ
ਪਟਿਆਲਾ, 15 ਅਪ੍ਰੈਲ 2024 - ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਨਵੇਂ ਸੈਸ਼ਨ 2024-25 ਤੋਂ ਚਾਰ ਸਾਲਾ ਇੰਟੀਗਰੇਟਿਡ ਟੀਚਰ ਐਜੂਕੇਸ਼ਨ ਪ੍ਰੋਗਰਾਮ (ਆਈ. ਟੀ. ਈ. ਪੀ.) ਬੀ. ਏ. ਬੀ. ਐੱਡ. (ਸੈਕੰਡਰੀ ਸਟੇਜ) ਸ਼ੁਰੂ ਹੋ ਰਿਹਾ ਹੈ।
ਯੂਨੀਵਰਸਿਟੀ ਦੇ ਸਿੱਖਿਆ ਅਤੇ ਸੁਮਦਾਇ ਸੇਵਾਵਾਂ ਵਿਭਾਗ ਨੂੰ 50 ਵਿਦਿਆਰਥੀਆਂ ਦੇ ਦਾਖਲੇ ਨਾਲ਼ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਲਈ ਨੈਸ਼ਨਲ ਕੌਂਸਲ ਆਫ਼ ਟੀਚਰ ਐਜੂਕੇਸ਼ਨ (ਐੱਨ. ਸੀ. ਟੀ. ਈ.), ਨਵੀਂ ਦਿੱਲੀ ਤੋਂ ਲੋੜੀਂਦੀ ਪ੍ਰਵਾਨਗੀ ਪ੍ਰਾਪਤ ਹੋ ਚੁੱਕੀ ਹੈ। ਜਿ਼ਕਰਯੋਗ ਹੈ ਕਿ ਆਈ.ਟੀ.ਈ.ਪੀ. ਰਾਸ਼ਟਰੀ ਸਿੱਖਿਆ ਨੀਤੀ, 2020 ਦੇ ਤਹਿਤ ਐੱਨ. ਸੀ. ਟੀ. ਈ. ਦਾ ਫਲੈਗਸਿ਼ਪ ਪ੍ਰੋਗਰਾਮ ਹੈ।
ਉਪ-ਕੁਲਪਤੀ ਪ੍ਰੋ. ਅਰਵਿੰਦ ਨੇ ਕਿਹਾ ਕਿ ਇਹ ਕੋਰਸ ਵਿਦਿਆਰਥੀਆਂ ਨੂੰ ਲਾਭ ਪਹੁੰਚਾਏਗਾ। ਵਿਦਿਆਰਥੀ ਇਸ ਵਿੱਚ ਦਾਖਲਾ ਲੈ ਕੇ ਇੱਕ ਸਾਲ ਦੀ ਬੱਚਤ ਕਰ ਸਕਣਗੇ ਕਿਉਂਕਿ ਉਹ ਕੋਰਸ ਨੂੰ ਚਾਰ ਸਾਲਾਂ ਵਿੱਚ ਪੂਰਾ ਕਰ ਲੈਣਗੇ। ਮੌਜੂਦਾ ਬੀ.ਐੱਡ ਅਨੁਸਾਰ ਪੰਜ ਸਾਲ ਦੇ ਸਮੇਂ ਦੀ ਲੋੜ ਹੈ।
ਵਿਭਾਗ ਮੁਖੀ ਡਾ. ਜਗਪ੍ਰੀਤ ਕੌਰ ਨੇ ਦੱਸਿਆ ਕਿ ਸੈਸ਼ਨ 2024-25 ਵਿੱਚ ਇਸ ਕੋਰਸ ਲਈ ਦਾਖਲਾ ਨੈਸ਼ਨਲ ਟੈਸਟਿੰਗ ਏਜੰਸੀ (ਐੱਨ.ਟੀ.ਏ.) ਵੱਲੋਂ 12 ਜੂਨ ਨੂੰ ਕਰਵਾਏ ਜਾਣ ਵਾਲ਼ੇ ਨੈਸ਼ਨਲ ਕਾਮਨ ਐਂਟਰੈਂਸ ਟੈਸਟ (ਐੱਨ.ਸੀ.ਈ.ਟੀ.) 2024 ਰਾਹੀਂ ਕੀਤਾ ਜਾਵੇਗਾ। ਦਿਲਚਸਪੀ ਰੱਖਣ ਵਾਲੇ ਉਮੀਦਵਾਰ 13 ਅਪ੍ਰੈਲ, 2024 ਤੋਂ 30 ਅਪ੍ਰੈਲ, 2024 ਤੱਕ (11.30 ਵਜੇ ਰਾਤ ਤੱਕ) ਇਸ ਕੋਰਸ ਲਈ ਆਨਲਾਈਨ ਅਰਜ਼ੀ ਫਾਰਮ ਜਮ੍ਹਾਂ ਕਰਵਾ ਸਕਦੇ ਹਨ।
ਇਹ ਦਾਖਲਾ ਪ੍ਰੀਖਿਆ ਪੂਰੇ ਭਾਰਤ ਵਿੱਚ 13 ਭਾਸ਼ਾਵਾਂ (ਪੰਜਾਬੀ ਸਮੇਤ) ਵਿੱਚ ਕੰਪਿਊਟਰ ਆਧਾਰਿਤ ਟੈਸਟ (ਸੀ.ਬੀ.ਟੀ.) ਦੇ ਰੂਪ ਵਿੱਚ ਲਈ ਜਾਵੇਗੀ। ਜਿਨ੍ਹਾਂ ਉਮੀਦਵਾਰਾਂ ਨੇ 12ਵੀਂ ਜਮਾਤ ਜਾਂ ਇਸ ਦੇ ਬਰਾਬਰ ਦੀ ਪ੍ਰੀਖਿਆ ਪਾਸ ਕੀਤੀ ਹੈ, ਉਹ ਨੈਸ਼ਨਲ ਕਾਮਨ ਐਂਟਰੈਂਸ ਟੈਸਟ, 2024 ਵਿੱਚ ਹਾਜ਼ਰ ਹੋ ਸਕਦੇ ਹਨ। ਇਸ ਕੋਰਸ ਵਿੱਚ ਦਾਖ਼ਲੇ ਸਬੰਧੀ ਵੇਰਵੇ www.nta.ac.in, ncet.samarth.ac.in ਅਤੇ ਪੰਜਾਬੀ ਯੂਨੀਵਰਸਿਟੀ ਦੀ ਅਧਿਕ੍ਰਿਤ ਵੈੱਬਸਾਈਟ www.pupadmissions.ac.in ਅਤੇ ਉੱਤੇ ਉਪਲਬਧ ਹਨ।