ਪੀ ਏ ਯੂ ਦੇ ਵਿਦਿਆਰਥੀ ਨੇ ਵਿਸ਼ਵ ਹੁਨਰ ਮੁਕਾਬਲੇ ਵਿਚ ਇਨਾਮ ਜਿੱਤਿਆ
ਲੁਧਿਆਣਾ 21 ਮਈ 2024 - ਸਕਿੱਲ ਇੰਡੀਆ ਵੱਲੋਂ ਕਰਵਾਏ ਗਏ ਵਿਸ਼ਵ ਹੁਨਰ ਮੁਕਾਬਲੇ– 2024 ਵਿਚ ਪੀ ਏ ਯੂ ਲੁਧਿਆਣਾ ਦੇ ਕਾਲਜ ਆਫ ਹਾਰਟੀਕਲਚਰ ਦੇ ਵਿਦਿਆਰਥੀ ਮੁਹੰਮਦ ਸਾਕਿਵ (ਬੀ.ਐਸ.ਸੀ ਹੌਰਟੀਕਲਚਰ) ਨੇ ਫਲੋਰਿਸਟਰੀ ਸਕਿੱਲ ਦੇ ਦੇਸ਼ ਪੱਧਰੀ ਮੁਕਾਬਲੇ ਵਿੱਚ ਨਾ ਸਿਰਫ਼ ਭਾਗ ਲਿਆ ਬਲਕਿ ਮੈਡਲ ਆਫ਼ ਐਕਸੀਲੈਂਸ ਵੀ ਪ੍ਰਾਪਤ ਕੀਤਾ ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਰੁਪਿੰਦਰ ਕੌਰ,ਐਸੋਸੀਏਟ ਡਾਇਰੈਕਟਰ (ਸਕਿੱਲਡਿਵੈਲਪਮੈਂਟ) ਨੇ ਦੱਸਿਆ ਕਿ ਰਾਜ ਪੱਧਰੀ ਮੁਕਾਬਲੇ ਵਿੱਚੋਂ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਮੁਹੰਮਦ ਸਾਕਿਵ ਨੇ ਦੇਸ਼ ਪੱਧਰ ਤੇ ਇਹ ਤਮਗਾ ਜਿੱਤ ਕੇ ਇੱਕ ਵੱਡੀ ਪ੍ਰਾਪਤੀ ਹਾਸਿਲ ਕੀਤੀ ਹੈ। ਉਹਨਾਂ ਦੱਸਿਆ ਕਿ ਇਸ ਸਫ਼ਲਤਾ ਦੇ ਪਿੱਛੇ ਮੁਹੰਮਦ ਸਾਕਿਵ ਦੇ ਨਿਗਰਾਨ ਡਾ. ਸਿਮਰਤ ਸਿੰਘ ਅਤੇ ਡਾ. ਪਰਮਿੰਦਰ ਸਿੰਘ, ਮੁਖੀ ਫਲੋਰੀਕਲਚਰਲ ਦਾ ਭਰਪੂਰ ਯੋਗਦਾਨ ਹੈ । ਇਸ ਸਫ਼ਲਤਾ ਵਿੱਚ ਸਕਿੱਲ ਡਿਵੈਲਪਮੈਂਟ ਸੈਂਟਰ ਦੀ ਸਮੂਹ ਟੀਮ ਦਾ ਯੋਗਦਾਨ ਵੀ ਹੈ ਜਿਨ੍ਹਾਂ ਸਦਕਾ ਮੁਹੰਮਦ ਸਾਕਿਵ ਅਤੇ ਹੋਰਨਾਂ ਪ੍ਰਤੀਯੋਗੀਆਂ ਨੂੰ ਇਸ ਤਰ੍ਹਾਂ ਦੇ ਹੁਨਰ ਮੁਕਾਬਲਿਆਂ ਵਿੱਚ ਭਾਗ ਲੈਣ ਦਾ ਮੌਕਾ ਪ੍ਰਾਪਤ ਹੋਇਆ।
ਨਿਰਦੇਸ਼ਕ ਪਸਾਰ ਸਿੱਖਿਆ, ਡਾ. ਮੱਖਣ ਸਿੰਘ ਭੁੱਲਰ ਜੀ ਨੇ ਵਿਸ਼ੇਸ਼ ਤੌਰ ਤੇ ਮੁਹੰਮਦ ਸਾਕਿਵ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਉਚਾਈਆਂ ਪ੍ਰਾਪਤ ਕਰਨ ਬਾਰੇ ਕਿਹਾ। ਡਾ. ਪ੍ਰੇਰਨਾ ਕਪਿਲਾ ਨੇ ਦੱਸਿਆ ਕਿ ਮੁਹੰਮਦ ਸਾਕਿਵ ਨੇ ਬਖੂਬੀ ਤਰੀਕੇ ਨਾਲ ਗੁਲਦਸਤੇ ਅਤੇ ਹੋਰ ਸਜਾਵਟੀ ਸਮਾਨ ਤਿਆਰ ਕਰਕੇ ਸਾਰਿਆਂ ਦਾ ਦਿਲ ਜਿੱਤ ਲਿਆ।
ਅੰਤ ਵਿੱਚ ਡਾ. ਲਵਲੀਸ਼ ਗਰਗ ਨੇ ਮੁਹੰਮਦ ਸਾਕਿਵ ਨੂੰ ਵਧਾਈ ਦਿੰਦੇ ਹੋਏ ਹੋਰ ਉਚਾਈਆਂ ਛੂਹਣ ਲਈ ਪ੍ਰੇਰਿਆ।