ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ 10 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਹੋਵੇਗਾ ‘ਸੈਂਟਰ ਆਫ ਅਰਬਨ ਪਲਾਨਿੰਗ ਫਾਰ ਕੈਪੇਸਿਟੀ ਬਿਲਡਿੰਗ’
ਅੰਮ੍ਰਿਤਸਰ 08 ਜੂਨ, 2024 - ਗੁਰੂ ਨਾਨਕ ਦੇਵ ਯੂਨੀਵਰਸਿਟੀ ਆਪਣੀ ਉੱਚ ਗੁਣਵੱਤਾ ਵਾਲੀ ਸਿੱਖਿਆ, ਖੋਜ, ਪਾਠਕ੍ਰਮ, ਖੇਡਾਂ ਅਤੇ ਵਧੀਕ ਉਸਾਰੂ ਗਤੀਵਿਧੀਆਂ ਨਾਲ ਵਿਿਦਆਰਥੀਆਂ/ਖੋਜਾਰਥੀਆਂ ਅਤੇ ਉੱਚ ਪੱਧਰੀ ਖੋਜ, ਅਕਾਦਮਿਕਤਾ ਅਤੇ ਹੋਰ ਸੰਸਥਾਵਾਂ ਲਈ ਖਿੱਚ ਦਾ ਕੇਂਦਰ ਰਹੀ ਹੈ ਅਤੇ ਸਮੇਂ ਸਮੇਂ ਯੂਨੀਵਰਸਿਟੀ ਨੂੰ ਵੱਖ ਵੱਖ ਅਹਿਮ ਖੋਜ ਪ੍ਰੋਜੈਕਟ ਅਤੇ ਹੋਰ ਕਿਸਮ ਦੇ ਮਹੱਤਵਪੂਰਨ ਕੇਂਦਰ ਪ੍ਰਦਾਨ ਕੀਤੇ ਜਾਂਦੇ ਰਹੇ ਹਨ।
ਇਸੇ ਲੜੀ ਨੂੰ ਅੱਗੇ ਤੋਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਇਕ ਹੋਰ ਤੋਹਫਾ ਭਾਰਤ ਸਰਕਾਰ ਵੱਲੋਂ ਪ੍ਰਦਾਨ ਕੀਤਾ ਗਿਆ ਹੈ। ਯੂਨੀਵਰਸਿਟੀ ਦੇ ਗੁਰੂ ਰਾਮਦਾਸ ਸਕੂਲ ਆਫ਼ ਪਲੈਨਿੰਗ ਜੋ ਕਿ ਯੂਨੀਵਰਸਿਟੀ ਦਾ ਸਭ ਤੋਂ ਪੁਰਾਣਾ ਵਿਭਾਗ ਹੈ, ਨੂੰ ਭਾਰਤ ਸਰਕਾਰ ਦੀ ਮਨਿਸਟਰੀ ਆਫ ਹਾਊਸਿੰਗ ਐਂਡ ਅਰਬਨ ਅਫੇਅਰਜ਼ ਵੱਲੋਂ ‘ਸੈਂਟਰ ਆਫ ਅਰਬਨ ਪਲਾਨਿੰਗ ਫਾਰ ਕੈਪੇਸਿਟੀ ਬਿਲਡਿੰਗ’ ਪ੍ਰਦਾਨ ਕੀਤਾ ਗਿਆ ਹੈ। ਯੂਨੀਵਰਸਿਟੀ ਵਿਚ ਸਥਾਪਿਤ ਹੋਣ ਵਾਲੇ ਇਸ ਕੇਂਦਰ ਨੂੰ ਖੋਜ ਅਤੇ ਵੱਖ ਵੱਖ ਸਿਖਲਾਈ ਪ੍ਰੋਗਰਾਮਾਂ ਲਈ ਦੋ ਸਾਲਾਂ ਲਈ 10 ਕਰੋੜ ਰੁਪਏ ਪ੍ਰਦਾਨ ਕੀਤੇ ਜਾਣਗੇ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਸ ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਨੂੰ ਸਖਤ ਮਿਹਨਤ ਨਾਲ ਤਿਆਰ ਕੀਤੀਆਂ ਪੇਸ਼ਕਾਰੀਆਂ ਅਤੇ ਹੋਰ ਉਦਮਾਂ ਨੂੰ ਪੇਸ਼ ਕਰਕੇ ਯੋਜਨਾਬੰਦੀ ਦੇ ਲਗਭਗ 70 ਤੋਂ ਵੱਧ ਸਕੂਲਾਂ/ਵਿਭਾਗਾਂ ਨਾਲ ਮੁਕਾਬਲਾ ਕਰਨਾ ਪਿਆ ਤਾਂ ਕਿਤੇ ਜਾ ਕੇ ਇਸ ਕੇਂਦਰ ਦੀ ਪ੍ਰਾਪਤੀ ਹੋਈ ਹੈ। ਉੱਤਰ-ਪੱਛਮੀ ਭਾਰਤ ਵਿੱਚ ਯੂਨੀਵਰਸਿਟੀ ਦਾ ਇਹ ਸਕੂਲ ਉਚ ਪੱਧਰੀ ਅੰਡਰ ਗਰੈਜੂਏਟ ਅਤੇ ਪੋਸਟ ਗਰੈਜੂਏਟ ਅਕਾਦਮਿਕ ਪ੍ਰੋਗਰਾਮਾਂ ਲਈ ਅਹਿਮ ਹੋਣ ਦੇ ਨਾਲ ਨਾਲ ਦੇਸ਼ ਵਿੱਚ ਸਥਾਨਿਕ ਯੋਜਨਾਬੰਦੀ ਦਾ ਇੱਕ ਮਸ਼ਹੂਰ ਪ੍ਰਮੁੱਖ ਸੰਸਥਾਨ ਹੈ।
ਵਰਤਮਾਨ ਸਮੇਂ ਵਿਚ, ਇਹ ਸਕੂਲ ਅੰਡਰਗਰੈਜੂਏਟ ਪੱਧਰ 'ਤੇ ਸ਼ਹਿਰੀ ਅਤੇ ਖੇਤਰੀ ਯੋਜਨਾਬੰਦੀ ਵਿੱਚ ਵਿਸ਼ੇਸ਼ ਪ੍ਰੋਗਰਾਮਾਂ, ਅਤੇ ਪੋਸਟਗਰੈਜੂਏਟ ਪੱਧਰ 'ਤੇ ਸ਼ਹਿਰੀ ਯੋਜਨਾਬੰਦੀ, ਬੁਨਿਆਦੀ ਢਾਂਚਾ ਯੋਜਨਾਬੰਦੀ, ਅਤੇ ਆਵਾਜਾਈ ਯੋਜਨਾ ਵਿੱਚ ਸਿੱਖਿਆ ਪ੍ਰਦਾਨ ਕਰ ਰਿਹਾ ਹੈ। ਇਸ ਸਕੂਲ ਤੋਂ ਸਿਿਖਆ ਪ੍ਰਾਪਤ ਕਰ ਚੱੁਕੇ ਵਿਿਦਆਰਥੀ/ਖੋਜਾਰਥੀ ਜਨਤਕ ਅਤੇ ਕਾਰਪੋਰੇਟ ਜਗਤ ਵਿੱਚ ਉੱਚ ਅਹੁਦਿਆਂ 'ਤੇ ਕੰਮ ਕਰ ਰਹੇ ਹਨ। ਭਾਰਤ ਦੇ ਵੱਖ-ਵੱਖ ਰਾਜਾਂ ਦੇ ਟਾਊਨ ਅਤੇ ਕੰਟਰੀ ਪਲੈਨਿੰਗ ਵਿਭਾਗਾਂ ਵਿੱਚ ਸੀਨੀਅਰ ਟਾਊਨ ਪਲੈਨਰਾਂ ਦੀ ਵੱਡੀ ਗਿਣਤੀ ਤੋਂ ਇਲਾਵਾ ਇਸ ਸਕੂਲ ਦੇ 35 ਗ੍ਰੈਜੂਏਟ ਸੇਵਾਮੁਕਤ ਹੋ ਚੁੱਕੇ ਹਨ ਜਾਂ ਚੀਫ ਟਾਊਨ ਪਲਾਨਰ ਵਜੋਂ ਕੰਮ ਕਰ ਰਹੇ ਹਨ।
ਵਾਈਸ ਚਾਂਸਲਰ ਪ੍ਰੋ.(ਡਾ.) ਜਸਪਾਲ ਸਿੰਘ ਸੰਧੂ ਨੇ ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਦੇ ਅਧਿਆਪਕਾਂ ਅਤੇ ਸਟਾਫ ਮੈਂਬਰਾਂ ਨੂੰ ਵਧਾਈ ਦਿੰਦਿਆਂ ਪਿਛਲੇ ਸਮੇਂ ਦੌਰਾਨ ਹੋਈ ਇਸ ਸਕੂਲ ਦੀ ਉਨਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਉੱਚ ਪੱਧਰੀ ਅਕਾਦਮਿਕ ਅਤੇ ਖੋਜ ਨੇ ਇਸ ਸਕੂਲ ਨੂੰ ਰਾਜ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਉਚਾ ਕੀਤਾ ਹੈ।