ਬਾਬਾ ਫ਼ਰੀਦ ਪਬਲਿਕ ਸਕੂਲ ਵਿਖੇ ਆਜ਼ਾਦੀ ਦਿਹਾੜੀ ਮੌਕੇ ਸ਼ਹੀਦਾਂ ਨੂੰ ਯਾਦ ਅਤੇ ਸਿਜਦਾ ਕੀਤਾ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ 13 ਅਗਸਤ 2024 - ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਬਾਬਾ ਫ਼ਰੀਦ ਪਬਲਿਕ ਸਕੂਲ, ਫ਼ਰੀਦਕੋਟ ਵਿਖੇ ਦੇਸ਼ ਦੇ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ੇਸ਼ ਅਤੇ ਪ੍ਰਭਾਵਸ਼ਾਲੀ ਸਮਾਗਮ ਰਚਾਇਆ ਗਿਆ । ਸਕੂਲ ਦੇ ਅਧਿਕਾਰੀਆਂ ਦੀ ਅਗਵਾਈ ਹੇਠ ਆਯੋਜਿਤ ਕੀਤੇ ਗਏ ਇਸ ਸਮਾਗਮ ਦੌਰਾਨ ਵੱਖ-ਵੱਖ ਵਿਦਿਆਰਥੀਆਂ ਨੇ ਗੀਤਾਂ, ਨਾਟਕਾਂ, ਕੋਰੀਓਗਰਾਫੀਆਂ, ਕਵਿਤਾਵਾਂ ਅਤੇ ਭਾਸ਼ਣਾਂ ਰਾਹੀਂ ਸ਼ਹੀਦਾਂ ਨੂੰ ਯਾਦ ਕੀਤਾ ਅਤੇ ਉਹਨਾਂ ਦੇ ਦਰਸਾਏ ਹੋਏ ਰਾਹਾਂ 'ਤੇ ਚੱਲਣ ਦਾ ਸੁਨੇਹਾ ਦਿੱਤਾ । ਸਮਾਗਮ ਦੀ ਸ਼ੁਰੂਆਤ ਜੀਆ ਅਤੇ ਰਿਤਿਕਾ ਦੁਆਰਾ ਗਾਏ ਗਏ ਗੀਤ "ਐ ਮੇਰੇ ਵਤਨ ਕੇ ਲੋਗੋ, ਜ਼ਰਾ ਆਂਖ ਮੇ ਭਰਲੋ ਪਾਣੀ" ਨਾਲ ਹੋਈ । ਉਪਰੰਤ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਨੇ 'ਮੇਰਾ ਰੰਗ ਦੇ ਬਸੰਤੀ ਚੋਲਾ' ਗਰੁੱਪ ਗੀਤ ਗਾ ਕੇ ਸ਼ਹੀਦਾਂ ਨੂੰ ਸਿਜਦਾ ਕੀਤਾ ।
ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਵੱਖ-ਵੱਖ ਦੇਸ਼ ਭਗਤੀ ਦੇ ਗੀਤਾਂ ਉੱਪਰ ਕੋਰੀਓਗਰਾਫੀਆਂ, ਨਾਟਕ ਅਤੇ ਕਵਿਤਾਵਾਂ ਪੇਸ਼ ਕਰਕੇ ਆਜ਼ਾਦੀ ਦੀ ਮਹੱਤਤਾ, ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਅਤੇ ਵਿਦਿਆਰਥੀਆਂ ਨੂੰ ਦੇਸ਼ ਦੀ ਅਣਖ ਅਤੇ ਗ਼ੈਰਤ ਨੂੰ ਕਾਇਮ ਰੱਖਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਸਕੂਲ ਦੇ ਅਧਿਕਾਰੀਆਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਆਜ਼ਾਦੀ ਦਿਹਾੜੇ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸਾਨੂੰ ਆਜ਼ਾਦੀ ਲਈ ਜਾਨਾਂ ਕੁਰਬਾਨ ਕਰਨ ਵਾਲੇ ਅਨੇਕਾਂ ਸਿਰਲੱਥ ਸੂਰਮਿਆਂ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ ਅਤੇ ਉਹਨਾਂ ਦੀ ਸੋਚ ਅਤੇ ਸੁਪਨਿਆਂ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ । ਇਸ ਮੌਕੇ ਸਕੂਲ ਦੇ ਅਧਿਕਾਰੀਆਂ ਨੇ ਵੀ ਸਮੂਹ ਵਿਦਿਆਰਥੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ । ਸਮਾਗਮ ਦੌਰਾਨ ਸਮੂਹ ਵਿਦਿਆਰਥੀ, ਅਧਿਆਪਕ ਅਤੇ ਕੋਆਰਡੀਨੇਟਰ ਵੀ ਹਾਜ਼ਰ ਸਨ।