ਪੀ.ਏ.ਯੂ. ਵਿਚ ਅੰਤਰਰਾਸ਼ਟਰੀ ਯੁਵਕ ਦਿਹਾੜੇ ਮੌਕੇ ਵਿੱਦਿਅਕ ਮੁਕਾਬਲੇ ਹੋਏ
ਲੁਧਿਆਣਾ 14 ਅਗਸਤ 2024 - ਪੀ.ਏ.ਯੂ. ਦੇ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਨੇ ਕੌਮਾਂਤਰੀ ਯੁਵਕ ਦਿਹਾੜੇ ਦੇ ਪ੍ਰਸੰਗ ਵਿਚ ਇਕ ਵਿਸ਼ੇਸ਼ ਸਮਾਰੋਹ ਵਿਦਿਆਰਥੀ ਭਵਨ ਵਿਚ ਕਰਵਾਇਆ। ਇਸ ਪ੍ਰੋਗਰਾਮ ਵਿਚ ਪੀ.ਏ.ਯੂ. ਨਾਲ ਸੰਬੰਧਿਤ ਕਾਲਜਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਹਨਾਂ ਨਾਲ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ, ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਵੀ ਮੌਜੂਦ ਸਨ।
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਸੇ ਕੌਮ ਦੇ ਨਿਰਮਾਣ ਵਿਚ ਨੌਜਵਾਨਾਂ ਦੀ ਭੂਮਿਕਾ ਅਤੇ ਮਹੱਤਵ ਦੀ ਗੱਲ ਕੀਤੀ। ਉਹਨਾਂ ਕਿਹਾ ਕਿ ਨੌਜਵਾਨਾਂ ਦੇ ਮੋਢਿਆਂ ਤੇ ਭਵਿੱਖ ਦੀ ਜ਼ਿੰਮੇਵਾਰੀ ਟਿਕੀ ਹੁੰਦੀ ਹੈ। ਡਾ. ਗੋਸਲ ਨੇ ਵਿਦਿਆਰਥੀਆਂ ਨੂੰ ਖੇਡਾਂ, ਕਲਾਵਾਂ ਅਤੇ ਸਿਰਜਣਾਤਮਕ ਗਤੀਵਿਧੀਆਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਉਹਨਾਂ ਪੀ.ਏ.ਯੂ. ਦੇ ਖੇਡਾਂ ਅਤੇ ਸੱਭਿਆਚਾਰ ਦੇ ਇਤਿਹਾਸ ਦੀ ਗੱਲ ਕਰਦਿਆਂ ਉਸ ਤੋਂ ਪ੍ਰੇਰਨਾ ਲੈਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਵੀ ਕੀਤਾ। ਡਾ. ਗੋਸਲ ਨੇ ਕਿਹਾ ਕਿ ਨੌਜਵਾਨਾਂ ਦੀ ਚੰਗੀ ਸਰੀਰਕ ਅਤੇ ਮਾਨਸਿਕ ਸਿਹਤ ਇਸ ਗੱਲ ਦਾ ਪ੍ਰਮਾਣ ਹੁੰਦੀ ਹੈ ਕਿ ਮਨੁੱਖਤਾ ਸਹੀ ਦਿਸ਼ਾ ਵਿਚ ਅੱਗੇ ਵਧ ਰਹੀ ਹੈ।
ਡਾ. ਨਿਰਮਲ ਜੌੜਾ ਨੇ ਸਵਾਗਤ ਦੇ ਸ਼ਬਦ ਬੋਲਦਿਆਂ ਸੁਤੰਤਰਤਾ ਦਿਵਸ ਦੀ ਰਾਸ਼ਟਰੀ ਪਰੇਡ ਵਿਚ ਸ਼ਾਮਿਲ ਹੋਣ ਵਾਲੇ ਵਿਦਿਆਰਥੀਆਂ ਬਾਰੇ ਦੱਸਿਆ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਕਿਸੇ ਵੀ ਸੰਸਥਾ ਨੂੰ ਵਿਕਾਸ ਵੱਲ ਲਿਜਾਣਾ ਹੁੰਦਾ ਹੈ। ਇਸ ਮੌਕੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਦਿੱਤੇ ਗਏ। ਪੋਸਟਰ ਬਨਾਉਣ ਦੇ ਮੁਕਾਬਲੇ ਵਿਚ ਖੇਤੀ ਇੰਜਨੀਅਰਿੰਗ ਕਾਲਜ ਦੇ ਅਸ਼ਮਿਤ ਮਲਿਕ ਅਤੇ ਕਮਿਊਨਟੀ ਸਾਇੰਸ ਕਾਲਜ ਦੀ ਹਰਸਿਮਰ ਕੌਰ ਨੇ ਪਹਿਲਾ, ਬੇਸਿਕ ਸਾਇੰਸਜ਼ ਕਾਲਜ ਦੀ ਸ਼ਰੀਜਾ ਜੈਨ ਨੇ ਦੂਜਾ ਅਤੇ ਬੇਸਿਕ ਸਾਇੰਸਜ਼ ਕਾਲਜ ਦੀ ਤਰਨਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਜੇਤੂਆਂ ਵਿਦਿਅਰਥੀਆਂ ਨੂੰ ਵਾਈਸ ਚਾਂਸਲਰ ਨੇ ਆਪਣੇ ਕਰ-ਕਮਲਾਂ ਨਾਲ ਇਨਾਮ ਵੰਡੇ। ਸਵਾਗਤ ਦੇ ਸ਼ਬਦ ਡਾ. ਰੁਪਿੰਦਰ ਕੌਰ ਨੇ ਕਹੇ ਜਦਕਿ ਮੰਚ ਸੰਚਾਲਨ ਡਾ. ਵਿਸ਼ਾਲ ਬੈਕਟਰ ਨੇ ਕੀਤਾ।