ਨਾਈਲਿਟ ਯੂ.ਜੀ.ਸੀ ਐਕਟ ਦੇ ਸੈਕਸ਼ਨ-3 ਦੇ ਅਧੀਨ ਡੀਮਡ ਯੂਨੀਵਰਸਿਟੀ ਬਣੀ
- ਨਾਈਲਿਟ ਦੇ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਨਾਲ ਸਾਂਝੀ ਮੀਟਿੰਗ ਕੀਤੀ
ਰੂਪਨਗਰ, 5 ਸਤੰਬਰ 2024: ਨੈਸ਼ਨਲ ਇੰਸਟੀਚਿਊਟ ਆਫ਼ ਇਲੈਕਟ੍ਰੋਨਿਕ ਐਂਡ ਇਨਫੋਰਮੇਸ਼ਨ ਟੈਕਨੋਲੋਜੀ (ਨਾਈਲਿਟ) ਦੇ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਡਾਇਰੈਕਟਰ ਸ੍ਰੀ ਸੰਜੀਵ ਕੁਮਾਰ, ਜੁਆਇੰਟ ਡਾਇਰੈਕਟਰ ਸ੍ਰੀ ਜਸਬੀਰ ਸਿੰਘ, ਜੁਆਇੰਟ ਡਾਇਰੈਕਟਰ ਸ੍ਰੀ ਸਚਿਨ ਚਾਂਦਲਾ ਅਤੇ ਸਾਇੰਟਿਸਟ-ਐਫ ਡਾ. ਮਨੀਸ਼ ਅਰੋੜਾ ਮੌਜੂਦ ਸਨ।
ਇਸ ਮੌਕੇ ਨਾਈਲਿਟ ਡਾਇਰੈਕਟਰ ਸ੍ਰੀ ਸੰਜੀਵ ਕੁਮਾਰ ਵਲੋਂ ਡਿਪਟੀ ਕਮਿਸ਼ਨਰ ਨੂੰ ਦੱਸਿਆ ਗਿਆ ਕਿ ਰੂਪਨਗਰ, ਨਾਇਲਿਟ ਕੈਂਪਸ ਨੂੰ ਹੁਣ ਭਾਰਤ ਸਰਕਾਰ ਸਿੱਖਿਆ ਮੰਤਰਾਲੇ ਵੱਲੋਂ ਯੂ.ਜੀ.ਸੀ ਐਕਟ ਦੇ ਸੈਕਸ਼ਨ-3 ਦੇ ਅਧੀਨ ਡੀਮਡ ਯੂਨੀਵਰਸਿਟੀ ਬਣਾ ਦਿੱਤਾ ਗਿਆ ਹੈ। ਉਨ੍ਹਾਂ ਵੱਲੋਂ ਇਸ ਪ੍ਰਾਪਤੀ ਨੂੰ ਅਮਲੀ ਜਾਮਾ ਪਹਿਨਾਉਣ ਲਈ ਪ੍ਰਸ਼ਾਸਨ ਦੇ ਸਹਿਯੋਗ ਦੀ ਮੰਗ ਕੀਤੀ ਗਈ।
ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਰੂਪਨਗਰ ਕੈਂਪਸ ਦੇ ਹੇਠ ਹੁਣ ਪੂਰੇ ਭਾਰਤ ਵਿੱਚ ਐਇਜ਼ਵਾਲ, ਅਗਰਤਲਾ, ਔਰੰਗਾਬਾਦ, ਕੈਲੀਕਟ, ਗੋਰਖਪੁਰ, ਇੰਮਫਾਲ, ਇਟਾਨਗਰ, ਕੇਕਰੀ, ਕੋਹਿਮਾ, ਪਟਨਾ ਅਤੇ ਸ਼੍ਰੀਨਗਰ ਨਾਇਲਟ ਦੇ 11 ਵੱਖ-ਵੱਖ ਇੰਸਟੀਚਿਊਟ/ਕੈਂਪਸ ਕੰਮ ਕਰਨਗੇ।
ਸੰਜੀਵ ਕੁਮਾਰ ਨੇ ਦੱਸਿਆ ਕਿ ਇਸ ਰੂਪਨਗਰ ਵਿਖੇ ਬਣੀ ਇਸ ਡੀਮਡ ਯੂਨੀਵਸਿਟੀ ਦੇ ਪਹਿਲੇ ਸੈਸ਼ਨ ਸਾਲ 2024-25 ਵਿੱਚ ਵੱਖ-ਵੱਖ ਕੋਰਸਾਂ ਦੀ ਸ਼ੁਰੂਆਤ ਕੀਤੀ ਜਾਵੇਗੀ ਜਿਸ ਵਿੱਚ ਤਿੰਨ ਖੇਤਰਾਂ ਵਿੱਚ ਪੀ.ਐਚ.ਡੀ., ਪੰਜ ਖੇਤਰਾਂ ਵਿੱਚ ਐਮ.ਟੈਕ, ਇੰਜਨੀਅਰਿੰਗ, (ਬੀ.ਟੈਕ) ਏ.ਆਈ/ਐਮ.ਐਲ ਅਤੇ ਤਿੰਨ ਸਾਲਾ ਡਿਪਲੋਮਾ ਕੋਰਸ, ਕੰਪਿਊਟਰ ਸਾਇੰਸ ਸ਼ਾਮਲ ਕੀਤੇ ਜਾਣੇ ਹਨ ਅਤੇ ਆਉਣ ਵਾਲੇ ਸਾਲਾਂ ਵਿੱਚ ਰਿਸਰਚ ਦੇ ਖੇਤਰ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਕੋਰਸ ਸ਼ੁਰੂ ਕੀਤੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਇਸ ਪ੍ਰਾਜੈਕਟ ਸਬੰਧੀ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਪ੍ਰਾਪਤੀ ਜ਼ਿਲ੍ਹੇ ਦੇ ਵਿਕਾਸ ਲਈ ਬਹੁਤ ਮਹੱਤਵਪੂਰਨ ਸਿੱਧ ਹੋਵੇਗੀ, ਇਸ ਨਾਲ ਜ਼ਿਲ੍ਹੇ ਵਿੱਚ ਸਿੱਖਿਆ, ਨਵੀਨਤਮ ਖੋਜਾ, ਰਿਸਰਚ ਨੂੰ ਹੁਲਾਰਾ ਮਿਲੇਗਾ ਅਤੇ ਸਥਾਨਕ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।
ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਭਰੋਸਾ ਦਿੱਤਾ ਗਿਆ ਕਿ ਇਸ ਪ੍ਰਾਜੈਕਟ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਾਈਲਿਟ ਨੂੰ ਪੂਰਨ ਸਹਿਯੋਗ ਦੇਵੇਗਾ ਅਤੇ ਭਵਿੱਖ ਵਿੱਚ ਵੀ ਅਜਿਹੇ ਉਪਰਾਲਿਆਂ ਲਈ ਪ੍ਰਸ਼ਾਸਨ ਹਰ ਸੰਭਵ ਮੱਦਦ ਪ੍ਰਦਾਨ ਕਰਦਾ ਰਹੇਗਾ।