ਪੰਜਾਬੀ ਯੂਨੀਵਰਸਿਟੀ ਵਿਖੇ 'ਐਂਟੀ ਰੈਗਿੰਗ' ਵਿਸ਼ੇ ਉੱਤੇ ਜਾਗਰੂਕਤਾ ਫੈਲਾਉਣ ਲਈ ਪੋਸਟਰ ਸਿਰਜਣਾ ਮੁਕਾਬਲੇ ਕਰਵਾਏ
- ਹੋਸਟਲਾਂ ਦੀਆਂ ਵੱਖ-ਵੱਖ ਪ੍ਰਮੁੱਖ ਥਾਵਾਂ 'ਤੇ ਪ੍ਰਦਰਸ਼ਿਤ ਕੀਤੇ ਗਏ 70 ਪੋਸਟਰ
ਪਟਿਆਲਾ, 18 ਸਤੰਬਰ 2024 - ਪੰਜਾਬੀ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਵਿੱਚ 'ਐਂਟੀ ਰੈਗਿੰਗ' ਵਿਸ਼ੇ ਉੱਤੇ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ਼ ਡੀਨ ਵਿਦਿਆਰਥੀ ਭਲਾਈ ਦਫ਼ਤਰ ਵੱਲੋਂ ਹੋਸਟਲਾਂ ਵਿੱਚ ਪੋਸਟਰ ਸਿਰਜਣਾ ਮੁਕਾਬਲੇ ਕਰਵਾਏ ਗਏ।
ਇਨ੍ਹਾਂ ਮੁਕਾਬਲਿਆਂ ਵਿੱਚ ਸਰਵੋਤਮ 22 ਪੋਸਟਰਾਂ ਦੇ ਜੇਤੂ ਵਿਦਿਆਰਥੀਆਂ ਨੂੰ ਸਿਲਵਰ ਜੁਬਲੀ ਹੋਸਟਲ ਵਿਖੇ ਆਯੋਜਿਤ ਸਮਾਰੋਹ ਦੌਰਾਨ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਡੀਨ ਵਿਦਿਆਰਥੀ ਭਲਾਈ ਪ੍ਰੋ. ਮੋਨਿਕਾ ਚਾਵਲਾ ਵੱਲੋਂ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਰੌਚਿਕ ਢੰਗ ਨਾਲ਼ ਵਿਦਿਆਰਥੀਆਂ ਅੰਦਰ 'ਐਂਟੀ ਰੈਗਿੰਗ' ਜਿਹੇ ਸੰਵੇਦਨਸ਼ੀਲ ਵਿਸ਼ੇ ਉੱਤੇ ਜਾਗਰੂਕਤਾ ਫੈਲਾਉਣ ਦੇ ਉਦੇਸ਼ ਦੀ ਪੂਰਤੀ ਬਿਹਤਰ ਢੰਗ ਨਾਲ਼ ਹੁੰਦੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਕਦਮ ਜਾਰੀ ਰੱਖੇ ਜਾਣਗੇ।
ਜ਼ਿਕਰਯੋਗ ਹੈ ਕਿ ਪ੍ਰੋਵੋਸਟ ਡਾ. ਇੰਦਰਜੀਤ ਚਾਹਲ ਅਤੇ ਕੌਂਸਲਰ ਡਾ. ਰੂਬੀ ਗੁਪਤਾ ਵੱਲੋਂ ਵਾਰਡਨਾਂ ਅਤੇ ਸੀਨੀਅਰ ਵਾਰਡਨਾਂ ਦੇ ਸਹਿਯੋਗ ਨਾਲ਼ ਇਸ ਸਮੁੱਚੀ ਗਤੀਵਿਧੀ ਦਾ ਆਯੋਜਨ ਕਰਵਾਇਆ ਗਿਆ ਸੀ।
ਹੋਸਟਲਾਂ ਦੀਆਂ ਵੱਖ-ਵੱਖ ਪ੍ਰਮੁੱਖ ਥਾਵਾਂ 'ਤੇ ਪ੍ਰਦਰਸ਼ਿਤ ਕੀਤੇ ਗਏ 70 ਪੋਸਟਰਾਂ ਨਾਲ਼ ਇਸ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ। ਇਸ ਮੁਕਾਬਲੇ ਦੀ ਜੱਜਮੈਂਟ ਮਨੋਵਿਗਿਆਨ ਵਿਭਾਗ ਤੋਂ ਪ੍ਰੋ. ਨਲਿਨੀ ਮਲਹੋਤਰਾ, ਕੌਂਸਲਰ ਡਾ. ਰੂਬੀ ਗੁਪਤਾ ਅਤੇ ਸੀਨੀਅਰ ਵਾਰਡਨ ਹਰਪ੍ਰੀਤ ਕੌਰ ਅਤੇ ਸ਼੍ਰੀਮਤੀ ਲਾਭ ਕੌਰ ਵੱਲੋਂ ਕੀਤੀ ਗਈ।
ਪ੍ਰੋਗਰਾਮ ਦੌਰਾਨ ਸਿਰਫ਼ ਜੇਤੂਆਂ ਨੂੰ ਨਹੀਂ ਬਲਕਿ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲ਼ੇ ਬਾਕੀ 70 ਵਿਦਿਆਰਥੀਆਂ ਨੂੰ ਵੀ ਭਾਗੀਦਾਰੀ ਸੰਬੰਧੀ ਸਰਟੀਫ਼ਿਕੇਟ ਦਿੱਤਾ ਗਿਆ।
ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ 'ਐਂਟੀ ਰੈਗਿੰਗ' ਵਿਸ਼ੇ ਨਾਲ਼ ਸੰਬੰਧਤ ਯੂ. ਜੀ. ਸੀ. ਦੇ ਨੇਮਾਂ ਅਤੇ ਦਿਸ਼ਾ-ਨਿਰਦੇਸ਼ਾਂ ਬਾਰੇ ਵੀ ਜਾਣਕਾਰੀ ਮੁਹਈਆ ਕਰਵਾਈ ਗਈ।