ਪੰਜਾਬੀ ਯੂਨੀਵਰਸਿਟੀ ਵਿਖੇ ਪੰਜਾਬ ਦੀ ਨ੍ਰਿਤ ਵਿਰਾਸਤ ਦੇ 100 ਸਾਲਾ ਇਤਿਹਾਸ ਦੇ ਹਵਾਲੇ ਨਾਲ਼ ਕਰਵਾਇਆ ਵਿਸ਼ੇਸ਼ ਪ੍ਰੋਗਰਾਮ
- ਪੰਜਾਬ ਦੀ ਨ੍ਰਿਤ ਵਿਰਾਸਤ ਦੇ ਪਿਤਾਮਾ ਵਜੋਂ ਜਾਣੇ ਜਾਂਦੇ ਪ੍ਰੋ. ਮੋਹਨ ਖੋਖਰ ਦੇ ਪੁੱਤਰ ਅਸ਼ੀਸ਼ ਮੋਹਨ ਖੋਖਰ ਨੇ ਕੀਤੀ ਸ਼ਿਰਕਤ
ਪਟਿਆਲਾ, 19 ਸਤੰਬਰ 2024 - ਪੰਜਾਬੀ ਯੂਨੀਵਰਸਿਟੀ ਵਿਖੇ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ.ਐੱਮ.ਆਰ.ਸੀ.), ਪਟਿਆਲਾ ਦੇ ਸਹਿਯੋਗ ਨਾਲ਼ ਯੂਨੀਵਰਸਿਟੀ ਦੇ ਸਮਾਜ ਵਿਗਿਆਨ ਅਤੇ ਸਮਾਜਿਕ ਮਾਨਵ ਵਿਗਿਆਨ ਵਿਭਾਗ, ਇਤਿਹਾਸ ਅਤੇ ਪੰਜਾਬ ਇਤਿਹਾਸਿਕ ਅਧਿਐਨ ਵਿਭਾਗ ਅਤੇ ਨ੍ਰਿਤ ਵਿਭਾਗ ਵੱਲੋਂ ਪੰਜਾਬ ਦੀ ਨ੍ਰਿਤ ਵਿਰਾਸਤ ਦੇ ਪਿਤਾਮਾ ਵਜੋਂ ਜਾਣੇ ਜਾਂਦੇ ਪ੍ਰੋ. ਮੋਹਨ ਖੋਖਰ ਦੇ ਹਵਾਲੇ ਨਾਲ਼ ਨ੍ਰਿਤ ਦੇ 100 ਸਾਲਾ ਇਤਿਹਾਸ ਬਾਰੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਪ੍ਰੋ. ਮੋਹਨ ਖੋਖਰ ਨੇ ਭਾਰਤ ਵਿੱਚ ਨ੍ਰਿਤ ਕਲਾ ਦੇ ਇਤਿਹਾਸਕਾਰ, ਸਮੀਖਿਅਕ ਅਤੇ ਆਲੋਚਕ ਵਜੋਂ ਕਾਰਜ ਕਰਦਿਆਂ ਪਾਏਦਾਰ ਦਸਤਾਵੇਜ਼ੀ ਕੰਮ ਕੀਤਾ ਹੈ।
ਬੰਗਲੌਰ ਤੋਂ ਵਿਸ਼ੇਸ਼ ਤੌਰ ਉੱਤੇ ਪੁੱਜੇ ਪੰਜਾਬੀ ਮੂਲ ਦੇ ਨ੍ਰਿਤਕ ਅਸ਼ੀਸ਼ ਮੋਹਨ ਖੋਖਰ ਜੋ ਕਿ ਪ੍ਰੋ. ਮੋਹਨ ਖੋਖਰ ਦੇ ਪੁੱਤਰ ਹਨ, ਨੇ ਆਪਣੇ ਪਿਤਾ ਦੇ ਹਵਾਲੇ ਨਾਲ਼ ਪੰਜਾਬ ਦੀ ਸਭਿਆਚਾਰਕ ਵਿਰਾਸਤ ਬਾਰੇ ਅਹਿਮ ਟਿੱਪਣੀਆਂ ਕੀਤੀਆਂ। ਪੰਜਾਬੀ ਮੂਲ ਦੇ ਕੱਥਕ ਨ੍ਰਿਤਕ ਨਵਤੇਜ ਜੌਹਰ ਨਾਲ਼ ਰਚਾਏ ਸੰਵਾਦ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਦੇ ਪ੍ਰਸੰਗ ਵਿੱਚ ਇਹ ਮਿੱਥ ਤੋੜੇ ਜਾਣ ਦੀ ਲੋੜ ਹੈ ਕਿ ਇੱਥੇ ਬੰਗਾਲ ਜਾਂ ਤਾਮਿਲਨਾਡੂ ਜਿਹੇ ਸੂਬਿਆਂ ਵਰਗੀ ਸੱਭਿਆਚਾਰਕ ਵਿਰਾਸਤ ਨਹੀਂ ਹੈ। ਉਨ੍ਹਾਂ ਦੱਸਿਆ ਕਿ ਵੰਡ ਤੋਂ ਪਹਿਲਾਂ ਪੰਜਾਬ ਦੇ ਲਾਹੌਰ ਵਿਖੇ ਕੱਥਕ ਦਾ ਪੰਜਾਬ ਘਰਾਣਾ ਵੀ ਪ੍ਰਸਿੱਧ ਸੀ। ਉਨ੍ਹਾਂ ਇਸ ਮੌਕੇ ਸੱਦਾ ਦਿੱਤਾ ਕਿ ਪੰਜਾਬ ਦੇ ਸੱਭਿਆਚਾਰ ਲਈ ਵੱਡਾ ਅਤੇ ਸੂਖਮ ਕੰਮ ਕੀਤੇ ਜਾਣ ਦੀ ਲੋੜ ਹੈ।
ਉਨ੍ਹਾਂ ਆਪਣੇ ਪਿਤਾ ਦੇ ਸੰਘਰਸ਼ ਬਾਰੇ ਦੱਸਿਆ ਕਿ ਕਿਵੇਂ ਉਨ੍ਹਾਂ ਹਰ ਹੱਦ ਤੱਕ ਜਾਂਦਿਆਂ ਭਾਰਤ ਵਿਚਲੀ ਨ੍ਰਿਤ-ਕਲਾ ਦੇ ਇਤਿਹਾਸ ਨੂੰ ਸੰਭਾਲਿLਆ। ਉਨ੍ਹਾਂ ਇਸ ਹਵਾਲੇ ਨਾਲ਼ ਕਲਾਵਾਂ ਦੇ ਕਾਰਜਾਂ ਦੇ ਦਸਤਾਵੇਜੀਕਰਣ ਦੀ ਲੋੜ ਅਤੇ ਮਹੱਤਵ ਬਾਰੇ ਵੀ ਅਹਿਮ ਟਿੱਪਣੀਆਂ ਕੀਤੀਆਂ। ਇਸ ਮੌਕੇ ਉਨ੍ਹਾਂ ਵੱਲੋਂ ਕੀਤੇ ਗਏ ਦਸਤਾਵੇਜ਼ੀਕਰਣ ਦੇ ਕਾਰਜ ਨਾਲ਼ ਸੰਬੰਧਤ ਇੱਕ ਡਾਕੂਮੈਂਟਰੀ ਫ਼ਿਲਮ ਵੀ ਵਿਖਾਈ ਗਈ।
ਨ੍ਰਿਤ ਵਿਭਾਗ ਤੋਂ ਡਾ. ਇੰਦਿਰਾ ਬਾਲੀ ਵੱਲੋਂ ਮੰਚ ਸੰਚਾਲਨ ਦੇ ਨਾਲ਼-ਨਾਲ਼ ਆਪਣੀਆਂ ਟਿੱਪਣੀਆਂ ਸਹਿਤ ਇਸ ਸੰਵਾਦ ਵਿੱਚ ਭਾਗ ਲਿਆ ਗਿਆ। ਇਸ ਮੌਕੇ ਵਿਭਾਗ ਦੇ ਵਿਦਿਆਰਥੀ ਵਿਸ਼ਵਦੀਪ ਸ਼ਰਮਾ ਵੱਲੋਂ ਨ੍ਰਿਤ ਦੀ ਪੇਸ਼ਕਾਰੀ ਵੀ ਦਿੱਤੀ ਗਈ।
ਈ. ਐੱਮ. ਆਰ. ਸੀ. ਡਾਇਰੈਕਟਰ ਦਲਜੀਤ ਅਮੀ ਨੇ ਇਸ ਪ੍ਰੋਗਰਾਮ ਦੇ ਹਵਾਲੇ ਨਾਲ਼ ਕਿਹਾ ਕਿ ਯੂਨੀਵਰਸਿਟੀ ਵਿੱਚ ਅੰਤਰ-ਅਨੁਸ਼ਾਸਨੀ ਮਾਹੌਲ ਦੀ ਉਸਾਰੀ ਲਈ ਅਜਿਹੇ ਪ੍ਰੋਗਰਾਮਾਂ ਦੀ ਵਿਸ਼ੇਸ਼ ਲੋੜ ਹੈ। ਉਨ੍ਹਾਂ ਕਿਹਾ ਕਿ ਪ੍ਰੋ. ਮੋਹਨ ਖੋਖਰ ਦੀਆਂ ਪ੍ਰਾਪਤੀਆਂ ਪੰਜਾਬੀ ਮੂਲ ਦੇ ਬੰਦੇ ਦੀਆਂ ਪ੍ਰਾਪਤੀਆਂ ਹਨ ਜਿਨ੍ਹਾਂ ਬਾਰੇ ਗੱਲ ਕਰਨਾ ਪੰਜਾਬੀ ਯੂਨੀਵਰਸਿਟੀ ਦੇ ਘੇਰੇ ਵਿੱਚ ਆਉਂਦਾ ਹੈ। ਉਨ੍ਹਾਂ ਦਾ ਕਾਰਜ ਪੰਜਾਬੀ ਯੂਨੀਵਰਸਿਟੀ ਦੇ ਮੂਲ ਮੰਤਵ ਨਾਲ਼ ਮੇਲ ਖਾਂਦਾ ਹੈ। ਇਸ ਕਾਰਜ ਨੂੰ ਅੱਗੇ ਤੋਰਨ ਦੀ ਲੋੜ ਹੈ।