ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਕਪੂਰੀ ਵਿੱਚ ਮਨਾਇਆ ਗਿਆ ਦੀਵਾਲੀ ਅਤੇ ਬੰਦੀ ਛੋੜ ਦਿਵਸ
ਗੁਰਪ੍ਰੀਤ ਸਿੰਘ ਜਖਵਾਲੀ
ਦੇਵੀਗੜ੍ਹ 2 ਨਵੰਬਰ 2024:-ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਕਪੂਰੀ ਵਿੱਚ ਦਿਵਾਲੀ ਅਤੇ ਬੰਦੀ ਛੋੜ ਦਿਵਸ ਮਨਾਇਆ ਗਿਆ। ਸਕੂਲ ਇੰਚਾਰਜ ਹਰਪ੍ਰੀਤ ਸਿੰਘ ਉੱਪਲ ਨੇ ਦੱਸਿਆ ਕਿ ਸਵੇਰ ਦੀ ਸਭਾ ਦੀ ਸ਼ੁਰੂਆਤ ਸਤਿਗੁਰੂ ਬੰਦੀ ਛੋੜ ਹੈ ਸ਼ਬਦ ਅਤੇ ਮਾਤਾ ਲਕਸ਼ਮੀ ਜੀ ਦੇ ਪੂਜਨ ਨਾਲ ਕੀਤੀ ਗਈ। ਸਕੂਲ ਅਧਿਆਪਕ ਮੈਡਮ ਸਤਵਿੰਦਰ ਕੌਰ ਨੇ ਸਾਰੇ ਵਿੱਦਿਆਰਥੀਆਂ ਨੂੰ ਬੁਰਾਈ ਤੇ ਅੱਛਾਈ ਦੀ ਜਿੱਤ ਦਾ ਸੰਦੇਸ਼ ਦਿੰਦਿਆਂ ਬੁਰਾਈ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਅਤੇ ਆਪਣੇ ਗੂਰੂਆਂ ਦੁਆਰਾ ਦਿੱਤੀਆਂ ਸਿੱਖਿਆਵਾਂ ਨੂੰ ਜੀਵਣ ਵਿੱਚ ਅਪਣਾਉਣ ਲਈ ਕਿਹਾ। ਉਹਨਾਂ ਬੱਚਿਆਂ ਨੂੰ ਗ੍ਰੀਨ ਦੀਵਾਲੀ ਮਨਾਉਣ, ਦੇਸ਼ ਨੂੰ ਪ੍ਰਦੂਸ਼ਣ ਰਹਿਤ ਬਣਾਉਣ, ਅਤੇ ਸਵਦੇਸ਼ੀ ਚੀਜ਼ਾਂ ਖਰੀਦਣ ਲਈ ਪ੍ਰੇਰਿਤ ਕੀਤਾ। ਇਸ ਸਮੇਂ ਬੱਚਿਆਂ ਨੇ ਰੰਗੋਲੀ, ਕਲਾਸ ਡੈਕੋਰੇਸ਼ਨ ਅਤੇ ਦੀਵੇ ਆਦਿ ਤਿਆਰ ਕੀਤੇ। ਇਸ ਸਮੇਂ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ, ਕੁੱਕ ਵਰਕਰ ਸਾਂਝੀ ਸਿੱਖਿਆ ਤੋਂ ਕਮਲਪ੍ਰੀਤ ਵੀ ਹਾਜ਼ਰ ਰਹੇ।