ਚੰਡੀਗਡ਼੍ਹ , 20 ਨਵੰਬਰ 2020 : ਪੰਜਾਬ ਯੂਨੀਵਰਸਿਟੀ ਚੰਡੀਗਡ਼੍ਹ ਦੇ ਵਿਦਿਆਰਥੀਆਂ ਨੇ ਸ਼ਾਮ ਵੇਲੇ ਕੈਂਪਸ ਵਿਚ ਸਾਬਕਾ ਸੀਨੀਅਰ ਵਿਦਿਆਰਥੀ ਆਗੂਆਂ ਦੀ ਅਗਵਾਈ ਹੇਠ "ਪੰਜਾਬ ਯੂਨੀਵਰਸਿਟੀ ਬਚਾਓ" ਮਾਰਚ ਕੱਢਦਿਆਂ ਤੁਰੰਤ ਸੈਨੇਟ ਚੋਣਾਂ ਕਰਾਉਣ ਦੀ ਮੰਗ ਕੀਤੀ । ਵਿਦਿਆਰਥੀ ਆਗੂਆਂ ਨੇ ਵੀਸੀ ਦਫ਼ਤਰ ਬਾਹਰ ਮੋਮਬੱਤੀਆਂ ਵੀ ਜਗਾਈਆਂ। ਜਿਸ ਤੋਂ ਬਾਅਦ ਯੂਨੀਵਰਸਿਟੀ ਦੇ ਵੀਸੀ ਨੇ ਵਿਦਿਆਰਥੀ ਆਗੂਆਂ ਨਾਲ ਮੁਲਾਕਾਤ ਕੀਤੀ ਅਤੇ ਬੁੱਧਵਾਰ ਨੂੰ ਇਸ ਮਸਲੇ ਤੇ ਮੀਟਿੰਗ ਦਾ ਸੱਦਾ ਦਿੱਤਾ ।
ਜਾਣਕਾਰੀ ਦਿੰਦਿਆਂ ਸੀਨੀਅਰ ਵਿਦਿਆਰਥੀ ਨੇਤਾ ਅਤੇ ਐੱਨਐੱਸਯੂਆਈ ਸੋਸ਼ਲ ਮੀਡੀਆ ਚੇਅਰਪਰਸਨ ਮੌਜੀ ਲੁਬਾਣਾ ਨੇ ਦੱਸਿਆ ਕਿ ਇਸ ਮਾਰਚ ਵਿਚ ਵਿਧਾਇਕ ਕੁਲਜੀਤ ਨਾਗਰਾ, ਸਾਬਕਾ ਯੂਨੀਵਰਸਿਟੀ ਪ੍ਰਧਾਨ ਰਾਜਿੰਦਰ ਦੀਪਾ, ਵਿਧਾਇਕ ਜੈ ਸਿੰਘ ਰੋੜੀ, ਸਾਬਕਾ ਯੂਨੀਵਰਸਿਟੀ ਪ੍ਰਧਾਨ ਸੰਤੋਖਬਿੰਦਰ ਨਾਭਾ, ਵਿਧਾਇਕ ਦਲਵੀਰ ਸਿੰਘ ਗੋਲਡੀ, ਸਾਬਕਾ ਯੂਨੀਵਰਸਿਟੀ ਪ੍ਰਧਾਨ ਅਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ, ਸਾਬਕਾ ਸੋਪੂ ਪ੍ਰਧਾਨ ਹਰਪਰੀਤ ਮੁਲਤਾਨੀ, ਸਾਬਕਾ ਸੋਪੂ ਪ੍ਰਧਾਨ ਰਸ਼ਪਾਲ ਹਾਕੂਵਾਲਾ, ਚੇਤਨ ਚੌਧਰੀ, ਸੀਆ ਮਨੋਚਾ, ਐਡਵੋਕੇਟ ਸਿਮਰਨਜੀਤ ਕੌਰ ਗਿੱਲ, ਐਡਵੋਕੇਟ ਪਰਮਿੰਦਰ ਸਿੰਘ, ਰੁਪਿੰਦਰ ਮੌੜ ਆਦਿ ਮੌਜੂਦ ਸਨ।