ਅਸ਼ੋਕ ਵਰਮਾ
ਬਠਿੰਡਾ, 25 ਨਵੰਬਰ 2020 - ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਨੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾੜੀ ਦੀ ਅਗਵਾਈ ਹੇਠ ‘ਬ੍ਰੇਨ ਐਟ ਰਿਸਕ’ ਵਿਸ਼ੇ ਤੇ ਵੈਬੀਨਾਰ ਕਰਵਾਇਆ ਜਿਸ ਦੇ ਮੁੱਖ ਬੁਲਾਰੇ ਕੇ.ਆਈ.ਐੱਮ.ਐੱਸ ਹਸਪਤਾਲ ਹੈਦਰਾਬਾਦ ਦੇ ਸਲਾਹਕਾਰ ਡਾ. ਸੁਭਾਸ਼ ਕੌਲ ਐਮ.ਡੀ., ਡੀ.ਐਮ. (ਨਿਊਰੋਲੋਜੀ) ਸਨ। ਮੁੱਖ ਬੁਲਾਰੇ ਡਾ. ਸੁਭਾਸ਼ ਕੌਲ ਨੇ ਦੱਸਿਆ ਕਿ ਦਿਮਾਗ ਸਾਡੇ ਸਰੀਰ ਦਾ ਸਭ ਤੋਂ ਮਹੱਤਵਪੂਰਣ ਅੰਗ ਹੈ ਜਿਸ ਦੀ ਸੰਭਾਲ ਲਈ ਜਰੂਰੀ ਕਦਮ ਚੁੱਕਣ ਦੀ ਲੋੜ ਹੈ। ਉਹਨਾਂ ਕਿਹਾ ਕਿ ਲਗਭਗ ਹਰ ਵਿਅਕਤੀ ਜਨਮ ਦੇ ਸਮੇਂ ਤੋਂ ਤੰਦਰੁਸਤ ਦਿਮਾਗ ਪ੍ਰਾਪਤ ਕਰਦਾ ਹੈ, ਪਰ ਹੌਲੀ ਹੌਲੀ ਬਾਹਰੀ ਵਾਤਾਵਰਣ ਨਸ਼ਿਆਂ ਅਤੇ ਨਕਾਰਾਤਮਕ ਵਿਚਾਰਾਂ ਕਾਰਨ ਬਿਮਾਰ ਹੋ ਜਾਂਦਾ ਹੈ।
ਉਹਨਾਂ ਹਵਾ ਪ੍ਰਦੂਸ਼ਣ, ਮੱਛਰ, ਖ਼ਰਾਬ ਸਬਜੀਆਂ ਅਤੇ ਅਵਾਰਾ ਕੁੱਤਿਆਂ ਨੂੰ ਦਿਮਾਗ ਲਈ ਖਤਰਾ ਦੱਸਿਆ। ਉਹਨਾਂ ਕਿਹਾ ਕਿ ਇਹ ਵਸਤਾਂ ਨਾ ਸਿਰਫ ਕਈ ਤਰਾਂ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੀਆਂ ਹਨ, ਬਲਕਿ ਨਿਊਰੋਲੋਜੀਕਲ ਸਿਸਟਮ ਨੂੰ ਵੀ ਪ੍ਰਭਾਵਤ ਕਰਦੀਆਂ ਹਨ। ਉਹਨਾਂ ਦੱਸਿਆ ਕਿ ਦਵਾਈਆਂ ਦੀ ਨਿਰਧਾਰਤ ਮਾਤਰਾ ਤੋਂ ਵੱਧ ਵਰਤੋਂ ਦੇ ਵੀ ਮਾੜੇ ਪ੍ਰਭਾਵ ਹਨ। ਸੜਕ ਹਾਦਸ ਅਤੇ ਦਿਮਾਗ ਦੇ ਸਟਰੋਕ ਨੂੰ ਮਹਾਂਮਾਰੀ ਦੱਸਦਿਆਂ ਕਿਹਾ ਕਿ ਹਾਦਸਿਆਂ ਕਾਰਨ ਹਰ ਮਿੰਟ ’ਚ 11 ਵਿਅਕਤੀ ਮਾਰੇ ਜਾਂਦੇ ਹਨ। ਉਹਨਾਂ ਡਰਾਈਵਿੰਗ ਕਰਦੇ ਵਕਤ ਸੀਟ ਬੈਲਟ,ਹੈਲਮਟ, ਮੋਬਾਈਲ ਫੋਨ ਦੀ ਵਰਤੋਂ ਨਾਂ ਕਰਨ ਅਤੇ ਨਸ਼ੇ ਜਾਂ ਨੀਂਦ ਦੀ ਹਾਲਤ ’ਚ ਗੱਡੀ ਨਾ ਚਲਾਉਣ ਦੀ ਸਲਾਹ ਦਿੱਤੀ।
ਉਹਨਾਂ ਦੱਸਿਆ ਕਿ ਐਨ. ਆਈ. ਐਮ.ਐਸ ਹਸਪਤਾਲ ਹੈਦਰਾਬਾਦ ਦੇ ਰਿਕਾਰਡ ਅਨੁਸਾਰ ਹਾਈਪਰਟੈਨਸ਼ਨ, ਸ਼ੂਗਰ , ਸਿਗਰਟਨੋਸ਼ੀ ਅਤੇ ਪੁਰਾਣੀ ਇਨਫੈਕਸ਼ਨ ਨੂੰ ਦਿਮਾਗੀ ਸਟਰੋਕ ਦੇ ਹਾਈ ਰਿਸਕ ਕਾਰਨ ਹਨ। ਉਹਨਾਂ ਅਜਿਹੇ ਹਾਲਾਤਾਂ ’ਚ ਡਾਕਟਰ ਦੀ ਸਲਾਹ ਲੈਣ ਲਈ ਦਾ ਸੁਝਾਅ ਦਿੱਤਾ। ਡਾ ਕੌਲ ਨੇ ਦਿਮਾਗੀ ਸਮੱਸਿਆਵਾਂ ਤੋਂ ਬਚਣ ਲਈ, ਨਿਯਮਤ ਕਸਰਤ ਕਰਨ ਸਿਹਤਮੰਦ ਖੁਰਾਕ ਨਾਲ ਦਿਮਾਗ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰੱਖਣ ਦੀ ਸਲਾਹ ਦਿੱਤਾ ਹੈ। ਇਸ ਤੋਂ ਪਹਿਲਾਂ ਡੀਨ ਰਿਸਰਚ ਪ੍ਰੋ. ਅੰਜਨਾ ਮੁਨਸ਼ੀ ਨੇ ਸਭਨਾਂ ਨੂੰ ਜੀ ਆਇਆਂ ਆਖਿਆ ਜਦੋਂਕਿ ਅੰਤ ’ਚ ਰਜਿਸਟਰਾਰ ਕੰਵਲ ਪਾਲ ਸਿੰਘ ਮੁੰਦਰਾ ਨੇ ਧੰਨਵਾਦ ਕੀਤਾ।