ਹਰਜਿੰਦਰ ਸਿੰਘ ਭੱਟੀ
ਚੰਡੀਗੜ੍ਹ, 25 ਨਵੰਬਰ 2020 - ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ 'ਨਿਸ਼ੰਕ' ਨੂੰ ਦੁਨੀਆਂ ਦੀ ਸੱਭ ਤੋਂ ਪੁਰਾਣੀ ਅਤੇ ਸਭ ਤੋਂ ਪ੍ਰਸਿੱਧ ਯੂਨੀਵਰਸਿਟੀਆਂ ਵਿਚੋਂ ਇੱਕ ਕੈਂਬਰਿਜ ਯੂਨੀਵਰਸਿਟੀ ਵੱਲੋਂ ਸਨਮਾਨਿਤ ਕੀਤੇ ਜਾਣ 'ਤੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਮੁਬਾਰਕਬਾਦ ਭੇਂਟ ਕੀਤੀ ਗਈ। ਕੈਂਬਰਿਜ ਯੂਨੀਵਰਸਿਟੀ ਵੱਲੋਂ ਸ਼੍ਰੀ ਰਮੇਸ਼ ਪੋਖਰਿਆਲ ਨੂੰ ਇਹ ਸਨਮਾਨ ਵਰਚੁਅਲ ਰਾਸ਼ਟਰੀ ਕਾਨਫ਼ਰੰਸ ਦੌਰਾਨ ਨਵੀਂ ਦਿੱਲੀ ਸਥਿਤ ਉਨ੍ਹਾਂ ਦੇ ਗ੍ਰਹਿ ਨਿਵਾਸ ਵਿਖੇ ਸੌਂਪਿਆ ਗਿਆ। ਕੈਂਬਰਿਜ ਵੱਲੋਂ ਕੇਂਦਰੀ ਸਿੱਖਿਆ ਮੰਤਰੀ ਵੱਲੋਂ ਤਿਆਰ ਕੀਤੀ ਨਵੀਂ ਸਿੱਖਿਆ ਨੀਤੀ-2020 ਨੂੰ ਲਚਕਦਾਰ ਅਤੇ ਇਕਸਾਰ ਬਣਾਉਣ ਲਈ ਕੀਤੀ ਯੋਗ ਅਗਵਾਈ ਬਦਲੇ ਸਨਮਾਨਿਆ ਗਿਆ ਹੈ। ਇਸ ਮੌਕੇ ਕੈਂਬਰਿਜ ਯੂਨੀਵਰਸਿਟੀ ਦੇ ਐਜੂਕੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਰਾੱਡ ਸਮਿੱਥ ਨੇ ਦਹਾਕਿਆਂ ਬਾਅਦ ਭਾਰਤੀ ਸਿੱਖਿਆ ਪ੍ਰਣਾਲੀ 'ਚ ਆਏ ਸਕਰਾਤਮਕ ਬਦਲਾਵਾਂ ਦੀ ਪ੍ਰਸ਼ੰਸਾ ਕਰਦਿਆਂ ਡਾ. ਨਿਸ਼ੰਕ ਦੀ ਯੋਗ ਅਗਵਾਈ ਨੂੰ ਪਰਿਵਰਤਨਕਾਰੀ ਕਰਾਰ ਦਿੱਤਾ।
ਸਨਮਾਨ ਕਬੂਲਦਿਆਂ ਕੇਂਦਰੀ ਮੰਤਰੀ ਰਮੇਸ਼ ਪੋਖਰਿਆਲ ਨੇ ਨਵੀਂ ਸਿੱਖਿਆ ਨੀਤੀ ਨੂੰ ਮਾਣਯੋਗ ਪ੍ਰਧਾਨਮੰਤਰੀ ਮੋਦੀ ਦੀ ਵਿਕਾਸਵਾਦੀ ਦ੍ਰਿਸ਼ਟੀ ਦਾ ਪ੍ਰਣਾਮ ਦੱਸਿਆ। ਉਨ੍ਹਾਂ ਕਿਹਾ ਕਿ ਇਸ ਨੀਤੀ 'ਚ ਸਾਰੇ ਹਿੱਤਧਾਰਕਾਂ ਦੀ ਭਾਗੀਦਾਰੀ ਦਾ ਨਤੀਜਾ ਇਹ ਹੈ ਕਿ ਹਰ ਕੋਈ ਆਪਣੇ ਆਪ ਨੂੰ ਇਸ ਨੀਤੀ ਨਾਲ ਜੁੜਿਆ ਮਹਿਸੂਸ ਕਰਦਾ ਹੈ। ਭਾਰਤ ਦੀ ਸਿੱਖਿਆ ਪ੍ਰਣਾਲੀ ਵਿੱਚ ਗੁਣਾਤਮਕ ਸੁਧਾਰਾਂ ਦੀ ਜ਼ਰੂਰਤ ਸੀ ਅਤੇ ਸਿੱਖਿਆ ਵਿੱਚ ਸਕਰਾਤਮਕ ਤਬਦੀਲੀਆਂ ਲਿਆਉਣ ਦੇ ਨਾਲ-ਨਾਲ ਅਜੋਕੀ ਪੀੜ੍ਹੀ ਨੂੰ ਭਵਿੱਖ ਲਈ ਤਿਆਰ ਕਰਨ ਦੀ ਲੋੜ ਹੈ, ਜੋ ਨਵੀਂ ਸਿੱਖਿਆ ਨੀਤੀ-2020 ਦੇ ਮਾਧਿਅਮ ਰਾਹੀਂ ਸਹੀ ਦਿਸ਼ਾ ਵੱਲ ਠੋਸ ਕਦਮ ਹੈ।
ਕੇਂਦਰੀ ਮੰਤਰੀ ਜੀ ਦੀ ਯੋਗ ਅਗਵਾਈ 'ਚ ਬਣਾਈ ਨਵੀਂ ਸਿੱਖਿਆ ਨੀਤੀ ਨੇ ਭਾਸ਼ਾ ਅਤੇ ਸੱਭਿਆਚਾਰ ਨੂੰ ਕੇਂਦਰ 'ਚ ਰੱਖਿਆ ਹੈ ਅਤੇ ਬੱਚਿਆਂ ਨੂੰ ਮਾਂ-ਬੋਲੀ ਨਾਲ ਜੋੜਨ ਲਈ ਸਾਰਥਿਕ ਸਿੱਧ ਹੋਵੇਗੀ। ਨਵੀਂ ਸਿੱਖਿਆ ਨੀਤੀ ਭਾਰਤੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿੱਚ ਸਹਾਇਤਾ ਕਰੇਗੀ ਅਤੇ ਉੱਚ ਸਿੱਖਿਆ ਸੰਸਥਾਵਾਂ ਨੂੰ ਸਵੈ-ਨਿਰੰਤਰਤਾ ਪ੍ਰਦਾਨ ਕਰਨ ਵਾਲੇ, ਅਧਿਆਪਕਾਂ ਦੀ ਸਿਖਲਾਈ 'ਤੇ ਜ਼ੋਰ ਦੇਣ, ਖੋਜ ਕਾਰਜਾਂ ਨੂੰ ਉਤਸ਼ਾਹਿਤ ਕਰਨ ਸਬੰਧੀ ਮਹੱਤਵਪੂਰਨ ਮੁੱਦਿਆਂ ਨੂੰ ਹੱਲ ਕਰੇਗੀ। ਨਵੀਂ ਸਿੱਖਿਆ ਨੀਤੀ ਸਬੰਧੀ ਲਏ ਇਤਿਹਾਸਕ ਫ਼ੈਸਲੇ ਨਾਲ ਭਾਰਤ ਵਿਸ਼ਵਵਿਆਪੀ ਪੱਧਰ 'ਤੇ ਸਿੱਖਿਆ ਦੇ ਖੇਤਰ 'ਚ ਆਪਣੇ ਕੱਦ ਉਚਾ ਚੁੱਕਣ 'ਚ ਕਾਮਯਾਬ ਹੋਵੇਗਾ।
ਇਸ ਸਬੰਧੀ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨੂੰ ਮੁਬਾਰਕਬਾਦ ਦਿੰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ 'ਚ ਕੀਤੇ ਇਤਿਹਾਸਕ ਸੁਧਾਰਾਂ ਅਤੇ ਲਿਖਤਾਂ, ਕਵਿਤਾਵਾਂ ਅਤੇ ਹੋਰ ਸਾਹਿਤਕ ਕਾਰਜਾਂ ਲਈ ਰਮੇਸ਼ ਪੋਖਰਿਆਲ ਜੀ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਚਾਂ 'ਤੇ ਮਿਲੇ ਵਕਾਰੀ ਮਾਨ-ਸਨਮਾਨਾਂ ਦੀ ਲੜੀ 'ਚ ਇੱਕ ਹੋਰ ਮਹੱਤਵਪੂਰਨ ਸਨਮਾਨ ਜੁੜਨ 'ਤੇ ਸਮੁੱਚੇ ਸਿੱਖਿਆ ਜਗਤ ਦੇ ਨਾਲ-ਨਾਲ ਦੇਸ਼ ਦੇ ਹਰ ਨਾਗਰਿਕ ਲਈ ਮਾਣ ਵਾਲੀ ਗੱਲ ਹੈ।
ਉਨ੍ਹਾਂ ਕਿਹਾ ਕਿ ਇਸ ਵਕਾਰੀ ਸਨਮਾਨ ਤੋਂ ਪਹਿਲਾਂ 21 ਨਵੰਬਰ ਨੂੰ ਇੰਗਲੈਂਡ ਵਿੱਚ ਹੋਏ ਵਾਤਾਯਨ ਅੰਤਰਾਸ਼ਟੀ ਸਿਖਰ ਸੰਮੇਲਨ 'ਚ ਕੇਂਦਰੀ ਸਿੱਖਿਆ ਮੰਤਰੀ ਜੀ ਨੂੰ 'ਵਾਤਾਯਨ ਲਾਈਫ਼ ਟਾਇਮ ਅਚੀਵਮੈਂਟ' ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ, ਜਿਸ ਲਈ ਸਮੁੱਚਾ ਰਾਸ਼ਟਰ ਉਨ੍ਹਾਂ 'ਤੇ ਮਾਣ ਮਹਿਸੂਸ ਕਰ ਰਿਹਾ ਹੈ। ਇਸ ਮੌਕੇ ਉਨ੍ਹਾਂ ਕੇਂਦਰੀ ਮੰਤਰੀ ਨੂੰ ਕੈਂਬਰਿਜ ਯੂਨੀਵਰਸਿਟੀ ਵੱਲੋਂ ਮਿਲੇ ਸਨਮਾਨ ਲਈ ਮੁਬਾਰਕਬਾਦ ਦਿੰਦਿਆਂ ਉਮੀਦ ਜਤਾਈ ਕਿ ਰਮੇਸ਼ ਪੋਖਰਿਆਲ ਦੀ ਅਗਵਾਈ 'ਚ ਭਾਰਤ ਸਿੱਖਿਆ ਦੇ ਖੇਤਰ 'ਚ ਨਵੀਂਆਂ ਬੁਲੰਦੀਆਂ ਨੂੰ ਛੂਹੇਗਾ।