ਕੁਲਵੰਤ ਸਿੰਘ ਬੱਬੂ
- ਕਈ ਸਾਲਾਂ ਦੇ ਦੇਣੋਂ ਰਹਿੰਦੇ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਵੀ ਜਲਦ ਪ੍ਰਦਾਨ ਕੀਤੇ ਜਾਣਗੇ-ਭਾਸ਼ਾ ਮੰਤਰੀ
- ਪੰਜਾਬੀ ਨੂੰ ਬਚਾਉਣ ਤੇ ਸੰਭਾਲਣ ਲਈ ਪੰਜਾਬੀਆਂ ਨੂੰ ਆਪਣਾ ਫ਼ਰਜ਼ ਪਛਾਣਨ ਦਾ ਸੱਦਾ
- ਪੰਜਾਬੀ ਭਾਸ਼ਾ ਸਪਤਾਹ-2020 ਦੇ ਵਿਦਾਇਗੀ ਸਮਾਰੋਹ 'ਚ ਸ਼ਿਰਕਤ, ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ ਵੰਡੇ
ਪਟਿਆਲਾ, 27 ਨਵੰਬਰ 2020 - ਪੰਜਾਬ ਦੇ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਐਲਾਨ ਕੀਤਾ ਹੈ ਕਿ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਸਥਾਪਤ ਅਦਾਰਿਆਂ, ਭਾਸ਼ਾ ਵਿਭਾਗ, ਪੰਜਾਬੀ ਯੂਨੀਵਰਸਿਟੀ ਅਤੇ ਪਟਿਆਲਾ ਦੀ ਸੈਂਟਰਲ ਸਟੇਟ ਲਾਇਬ੍ਰੇਰੀ ਨੂੰ ਮੁੜ ਪੱਕੇ ਪੈਰੀਂ ਕੀਤਾ ਜਾਵੇਗਾ।
ਅੱਜ ਇੱਥੇ ਭਾਸ਼ਾ ਵਿਭਾਗ, ਪੰਜਾਬ ਦੇ ਮੁੱਖ ਦਫ਼ਤਰ ਵਿਖੇ ਪੰਜਾਬੀ ਭਾਸ਼ਾ ਸਪਤਾਹ-2020 ਦੇ ਵਿਦਾਇਗੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ. ਬਾਜਵਾ ਨੇ ਕਿਹਾ ਕਿ ਕਈ ਸਾਲਾਂ ਤੋਂ ਨਾ ਦਿੱਤੇ ਜਾ ਸਕਣ ਵਾਲੇ ਸ਼੍ਰੋਮਣੀ ਸਾਹਿਤਕਾਰ ਪੁਰਸਕਾਰਾਂ ਦਾ ਫੈਸਲਾ ਵੀ ਅਗਲੇ ਕੁਝ ਦਿਨਾਂ 'ਚ ਕਰ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨੇ ਸਮੂਹ ਪੰਜਾਬੀਆਂ ਨੂੰ ਪੁਰਜ਼ੋਰ ਸੱਦਾ ਵੀ ਦਿੱਤਾ ਕਿ ਉਹ ਪੰਜਾਬੀ ਨੂੰ ਬਚਾਉਣ ਲਈ ਆਪਣਾ ਫ਼ਰਜ਼ ਪਛਾਣਦੇ ਹੋਏ ਆਪਣੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ, ਆਪਣੇ ਅਮੀਰ ਵਿਰਸੇ, ਸੱਭਿਆਚਾਰ ਅਤੇ ਵਡਮੁੱਲੇ ਇਤਿਹਾਸ ਨਾਲ ਜਰੂਰ ਜੋੜਨ।
ਪੇਂਡੂ ਵਿਕਾਸ ਤੇ ਪੰਚਾਇਤ, ਪਸ਼ੂ ਪਾਲਣ ਅਤੇ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਪੰਜਾਬੀ ਭਾਸ਼ਾ ਦੇ ਪ੍ਰਚਾਰ, ਪ੍ਰਸਾਰ ਤੇ ਪ੍ਰਫੁੱਲਤਾ ਲਈ ਸਥਾਪਤ ਤਿੰਨੇ ਅਦਾਰਿਆਂ ਨੂੰ ਹਰ ਹੀਲੇ ਕਾਮਯਾਬ ਕਰਨ ਦੀ ਆਪਣੀ ਵਚਨਬੱਧਤਾ ਪੂਰੀ ਤਰ੍ਹਾਂ ਨਿਭਾਏਗੀ। ਉਨ੍ਹਾਂ ਦੱਸਿਆ ਕਿ ਇਹ ਤਿੰਨੇ ਅਦਾਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਵੱਲੋਂ ਸਥਾਪਤ ਕੀਤੇ ਗਏ ਸਨ ਅਤੇ ਹੁਣ ਇਨ੍ਹਾਂ ਨੂੰ ਪੱਕੇ ਪੈਰੀਂ ਵੀ ਕੈਪਟਨ ਸਰਕਾਰ ਹੀ ਕਰੇਗੀ।
ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸਾਹਿਤਕਾਰਾਂ ਅੱਗੇ ਉਨ੍ਹਾਂ ਦਾ ਸਿਰ ਝੁਕਦਾ ਹੈ, ਕਿਉਂਕਿ ਇਨ੍ਹਾਂ ਨੇ ਪੰਜਾਬੀ ਨੂੰ ਅੱਗੇ ਵਧਾਉਣ 'ਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ, ਇਸ ਲਈ ਪੰਜਾਬ ਸਰਕਾਰ ਪਿਛਲੇ ਕਰੀਬ 5 ਸਾਲਾਂ ਤੋਂ ਬਕਾਇਆ ਪਏ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਵੀ ਜਲਦ ਪ੍ਰਦਾਨ ਕਰੇਗੀ ਅਤੇ ਇਸ ਬਾਬਤ ਫੈਸਲਾ ਅਗਲੇ ਕੁਝ ਦਿਨਾਂ 'ਚ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਕਰਮਜੀਤ ਕੌਰ ਵੱਲੋਂ ਰੱਖੀਆਂ ਮੰਗਾਂ ਨੂੰ ਵੀ ਪੂਰਾ ਕਰਨ ਦਾ ਭਰੋਸਾ ਦਿੱਤਾ।
ਸ. ਬਾਜਵਾ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਸਾਨੂੰ ਇੱਕ ਤੋਂ ਵਧੇਰੇ ਭਾਸ਼ਾਵਾਂ ਦਾ ਗਿਆਨ ਹੋਣਾ ਚਾਹੀਦਾ ਹੈ ਪ੍ਰੰਤੂ ਉਨ੍ਹਾਂ ਨੇ ਇਸ ਗੱਲੋਂ ਚਿੰਤਾ ਵੀ ਜਤਾਈ ਕਿ ਅਸੀਂ ਆਪਣੀ ਮਾਂ ਬੋਲੀ ਦੀ ਕੀਮਤ 'ਤੇ ਹੋਰਨਾਂ ਭਾਸ਼ਾਵਾਂ ਨੂੰ ਸਿਰ 'ਤੇ ਬਿਠਾ ਰਹੇ ਹਾਂ ਅਤੇ ਖਾਸ ਕਰਕੇ ਅੰਗਰੇਜ਼ੀ ਨੂੰ ਪਹਿਲ ਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਪ੍ਰੰਤੂ ਸਾਡਾ ਇਹ ਮੁਢਲਾ ਫ਼ਰਜ਼ ਬਣਦਾ ਹੈ ਕਿ ਅਸੀਂ ਪੰਜਾਬੀ ਬੋਲੀ ਬੋਲਣ ਵਾਲੇ ਹੀ ਪੰਜਾਬੀ ਦੇ ਰਾਖੇ ਬਣੀਏ।
ਸਮਾਗਮ ਮੌਕੇ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਭਾਸ਼ਾ ਵਿਭਾਗ, ਪੰਜਾਬ ਵੱਲੋਂ ਸਾਲ 2015 ਅਤੇ 2016 ਲਈ 'ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ' ਵੀ ਤਕਸੀਮ ਕੀਤੇ, ਜਿਨ੍ਹਾਂ 'ਚ ਪੰਜਾਬੀ, ਹਿੰਦੀ ਅਤੇ ਉਰਦੂ ਦੀਆਂ ਦੋ ਦਰਜਨ ਤੋਂ ਵਧੇਰੇ ਪੁਸਤਕਾਂ ਸ਼ਾਮਲ ਸਨ। ਇਸ ਸਨਮਾਨ 'ਚ ਸ਼ਾਲ, ਸਨਮਾਨ ਚਿੰਨ ਅਤੇ 21ਹਜ਼ਾਰ ਰੁਪਏ ਨਗ਼ਦ ਸ਼ਾਮਲ ਸੀ। ਇਸ ਮੌਕੇ ਭਾਸ਼ਾ ਵਿਭਾਗ ਵੱਲੋਂ ਕਈ ਪੁਸਤਕਾਂ ਵੀ ਜਾਰੀ ਕਰਵਾਈਆਂ ਗਈਆਂ ਅਤੇ ਸ. ਬਾਜਵਾ ਨੂੰ ਸਨਮਾਨਤ ਵੀ ਕੀਤਾ ਗਿਆ।
ਇਸ ਤੋਂ ਪਹਿਲਾਂ ਕੂੰਜੀਵਤ ਭਾਸ਼ਣ ਦਿੰਦਿਆਂ ਸ਼੍ਰੋਮਣੀ ਪੰਜਾਬੀ ਅਲੋਚਕ ਡਾ. ਸੁਰਜੀਤ ਸਿੰਘ ਭੱਟੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪੰਜਾਬੀ ਭਾਸ਼ਾ ਦੀ ਬਿਹਤਰੀ ਲਈ ਕੰਮ ਰਹੇ ਭਾਸ਼ਾ ਵਿਭਾਗ ਤੇ ਪੰਜਾਬੀ ਯੂਨੀਵਰਸਿਟੀ ਤੋਂ ਇਲਾਵਾ ਹੋਰ ਯੂਨੀਵਰਸਿਟੀਆਂ ਤੇ ਸੰਸਥਾਵਾਂ ਦੇ ਆਪਸੀ ਤਾਲਮੇਲ ਨਾਲ ਇੱਕ ਕੇਂਦਰ ਬਣਾਇਆ ਜਾਵੇ। ਇਸ ਤੋਂ ਬਿਨ੍ਹਾਂ ਨਵੀ ਪੀੜ੍ਹੀ ਨੂੰ ਪੰਜਾਬੀ ਨਾਲ ਜੋੜਨ ਅਤੇ ਪੰਜਾਬੀ ਦੀ ਅਲੋਪ ਹੋ ਰਹੀ ਸ਼ਬਦਾਵਲੀ ਨੂੰ ਸੰਭਾਲਣ ਹਿੱਤ ਕੰਪਿਊਟਰ ਤੇ ਆਧੁਨਿਕ ਢੰਗ ਤਕਨੀਕਾਂ ਦੀ ਵਰਤੋਂ ਕੀਤੀ ਜਾਵੇ।
ਜਦੋਂਕਿ ਭਾਸ਼ਾ ਵਿਭਾਗ ਦੀ ਡਾਇਰੈਕਟਰ ਕਰਮਜੀਤ ਕੌਰ ਨੇ ਦੱਸਿਆ ਕਿ ਭਾਸ਼ਾ ਵਿਭਾਗ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਹਿਲਕਦਮੀ ਅਤੇ ਭਾਸ਼ਾ ਮੰਤਰੀ ਸ. ਤ੍ਰਿਪਤ ਰਾਜਿੰਦਰ ਸਿੰਘ ਦੀ ਸਰਪ੍ਰਸਤੀ ਹੇਠਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਨਮੁੱਖ ਹੋਏ ਸਮਾਗਮਾਂ ਦੌਰਾਨ ਪੁਸਤਕਾਂ ਪ੍ਰਕਾਸ਼ਤ ਕਰਨ ਸਮੇਤ ਹੋਰ ਵੀ ਵਿਸ਼ੇਸ਼ ਸਮਾਗਮ ਕੀਤੇ। ਜਦੋਂਕਿ ਵਿਸ਼ਵ ਕਲਾਸਕੀ ਸਾਹਿਤ ਨੂੰ ਅਨੁਵਾਦ ਕਰਨ ਸਮੇਤ ਪੰਜਾਬੀ ਵਿਸ਼ਵ ਕੋਸ਼ ਦੀਆਂ 20 ਜਿਲਦਾਂ ਪੂਰੀਆਂ ਕਰਨ, 60 ਸਰਵੇਖਣ ਪੁਸਤਕਾਂ ਛਪਵਾਈਆਂ ਹਨ। ਜਦੋਂਕਿ 30 ਪੁਸਤਕਾਂ ਦੀ ਛਪਾਈ ਦਾ ਕੰਮ ਜਾਰੀ ਹੈ ਤੇ 50 ਕਿਤਾਬਾਂ ਹੋਰ ਛਪਵਾਈਆਂ ਜਾਣਗੀਆਂ।
ਇਸ ਮੌਕੇ ਜਗਤ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਕਰਮਜੀਤ ਸਿੰਘ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਸ੍ਰੀ ਗੁਰੁ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸ਼ਤਾਬਦੀ ਜਸ਼ਨਾਂ ਵਜੋਂ ਗੁਰੂ ਸਾਹਿਬ ਦੇ ਨਾਮ 'ਤੇ ਹੋਂਦ 'ਚ ਆਈ ਇਹ ਓਪਨ ਯੂਨੀਵਰਸਿਟੀ, ਆਪਣਾ ਮੰਤਵ ਪੂਰਾ ਕਰਨ ਦੇ ਨਾਲ-ਨਾਲ ਗੁਰੂ ਨਾਨਕ ਦੇਵ ਜੀ ਦੇ ਫ਼ਲਫ਼ਸੇ ਅਤੇ ਸਿਧਾਂਤਾਂ ਸਮੇਤ ਕਿਰਤ ਅਤੇ ਵਾਤਾਵਰਣ ਦੀ ਸੰਭਾਂਲ ਸਬੰਧੀ ਕਾਰਜ ਕਰਨ ਤੋਂ ਇਲਾਵਾ ਵਪਾਰ, ਆਈ.ਟੀ. ਨਾਲ ਸਬੰਧਤ ਕੋਰਸਾਂ ਨੂੰ ਪੰਜਾਬੀ 'ਚ ਸ਼ੁਰੂ ਕਰੇਗੀ।
ਇਸ ਤੋਂ ਪਹਿਲਾਂ ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ ਦੇ ਵਿਸ਼ੇਸ਼ ਸਕੱਤਰ ਪਰਮਜੀਤ ਸਿੰਘ ਨੇ ਸਵਾਗਤ ਕਰਦਿਆਂ ਕਿਹਾ ਕਿ ਭਾਸ਼ਾ ਵਿਭਾਗ ਇਕੱਲੀ ਮਾਂ ਬੋਲੀ ਪੰਜਾਬੀ ਦੀ ਹੀ ਸੇਵਾ ਨਹੀਂ ਕਰ ਰਿਹਾ ਸਗੋਂ ਇਸਦੇ ਨਾਲ ਹਿੰਦੀ, ਸੰਸਕ੍ਰਿਤ ਤੇ ਉਰਦੂ ਦੀ ਵੀ ਸੇਵਾ ਕਰ ਰਿਹਾ ਹੈ। ਮੰਚ ਸੰਚਾਲਨ ਸਹਾਇਕ ਡਾਇਰੈਕਟਰ ਤੇਜਿੰਦਰ ਸਿੰਘ ਗਿੱਲ ਨੇ ਕੀਤਾ।
ਸਮਾਗਮ ਦੌਰਾਨ ਆਈ.ਜੀ. ਪੀਏਪੀ ਐਮ.ਐਫ. ਫਾਰੂਕੀ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਐਸ.ਐਸ.ਪੀ. ਵਿਕਰਮਜੀਤ ਦੁੱਗਲ, ਏਡੀਸੀ (ਡੀ) ਡਾ. ਪ੍ਰੀਤੀ ਯਾਦਵ, ਸ. ਬਾਜਵਾ ਦੇ ਓ.ਐਸ.ਡੀ. ਗੁਰਦਰਸ਼ਨ ਸਿੰਘ ਬਾਹੀਆ, ਡਾ. ਦੀਪਕ ਮਨਮੋਹਨ ਸਿੰਘ, ਪੰਮੀ ਬਾਈ, ਡਾ. ਤੇਜਵੰਤ ਮਾਨ, ਡਾ. ਕੁਲਵੰਤ ਗਰੇਵਾਲ, ਡਾ. ਦਰਸ਼ਨ ਸਿੰਘ ਆਸ਼ਟ, ਨਿੰਦਰ ਘੁਗਿਆਣਵੀ, ਸਾਬਕਾ ਡਾਇਰੈਕਟਰ ਡਾ. ਮਦਨ ਲਾਲ ਹਸੀਜਾ, ਚੇਤੰਨ ਸਿੰਘ, ਪੰਜਾਬ ਰਾਜ ਭਾਸ਼ਾ ਸਲਾਹਕਾਰ ਬੋਰਡ ਦੇ ਮੈਂਬਰ, ਡਿਪਟੀ ਡਾਇਰੈਕਟਰ ਵੀਰਪਾਲ ਕੌਰ, ਸਹਾਇਕ ਡਾਇਰੈਕਟਰ ਕਮਲਜੀਤ ਸਿੰਘ, ਸਤਨਾਮ ਸਿੰਘ, ਪ੍ਰਿਤਪਾਲ ਕੌਰ, ਪ੍ਰਵੀਨ ਕੁਮਾਰ, ਹਰਭਜਨ ਕੌਰ ਸਣੇ ਵੱਡੀ ਗਿਣਤੀ ਹੋਰ ਸਾਹਿਤਕਾਰ ਮੌਜੂਦ ਸਨ