ਜੀ ਐਸ ਪੰਨੂ
ਪਟਿਆਲਾ, 28 ਨਵੰਬਰ 2020 - ਰਵਨੀਤ ਕੌਰ, ਆਈ.ਏ.ਐੱਸ., ਅਡੀਸ਼ਨਲ ਮੁੱਖ ਸਕੱਤਰ, ਜੰਗਲਾਤ ਅਤੇ ਜੰਗਲੀ ਜੀਵ, ਪੰਜਾਬ ਸਰਕਾਰ ਵੱਲੋਂ ਅੱਜ ਸਵੇਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਉਪ ਕੁਲਪਤੀ ਵਜੋਂ ਆਪਣਾ ਕਾਰਜ ਭਾਰ ਸੰਭਾਲ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਰਵਨੀਤ ਕੌਰ 1998 ਬੈਚ ਦੇ ਆਈ.ਏ.ਐੱਸ. ਅਧਿਕਾਰੀ ਹਨ ਜਿਨ੍ਹਾਂ ਨੂੰ ਪ੍ਰਬੰਧਨ ਦੇ ਖੇਤਰ ਵਿਚ ਇਕ ਲੰਬਾ ਤਜ਼ਰਬਾ ਹਾਸਿਲ ਹੈ। ਯੂਕੇ ਦੀ ਯੂਨੀਵਰਸਿਟੀ ਅਫ਼ ਬਰਮਿੰਘਮ ਤੋਂ ਐਮ.ਐੱਸ.ਸੀ. ਪਬਲਿਕ ਇਕਨੌਮਿਕ ਮੈਨੇਜਮੈਂਟ ਅਤੇ ਐਮ.ਏ. ਅਰਥ ਸ਼ਾਸਤਰ ਦੀ ਸਿੱਖਿਆ ਹਾਸਿਲ ਕਰ ਚੁੱਕੇ ਸ੍ਰੀਮਤੀ ਰਵਨੀਤ ਕੌਰ ਵਖ-ਵਖ ਉੱਚ ਅਹੁਦਿਆਂ ਉੱਪਰ ਆਪਣੀਆਂ ਅਹਿਮ ਸੇਵਾਵਾਂ ਨਿਭਾਉਂਦੇ ਆ ਰਹੇ ਹਨ।
ਅਹੁਦਾ ਸੰਭਾਲਣ ਉਪਰੰਤ ਉਨ੍ਹਾਂ ਨੇ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਜਿਸ ਵਿਚ ਯੂਨੀਵਰਸਿਟੀ ਦੇ ਸੁਚਾਰੂ ਪ੍ਰਬੰਧਨ ਹਿਤ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਉਨ੍ਹਾਂ ਨੇ ਯੂਨੀਵਰਸਿਟੀ ਦੇ ਦਾਖਲਿਆਂ ਸੰਬੰਧੀ ਤਾਜ਼ਾ ਸਥਿਤੀ ਅਤੇ ਹੋਰ ਅਹਿਮ ਪੱਖਾਂ ਬਾਰੇ ਜਾਣਕਾਰੀ ਇਕੱਤਰ ਕੀਤੀ।
ਇਸ ਮੀਟਿੰਗ ਵਿਚ ਡੀਨ ਅਕਾਦਮਿਕ ਮਾਮਲੇ ਡਾ. ਅਮ੍ਰਿਤਪਾਲ ਕੌਰ, ਰਜਿਸਟਰਾਰ ਡਾ. ਦਵਿੰਦਰਪਾਲ ਸਿੰਘ ਸਿੱਧੂ, ਡੀਨ ਖੋਜ ਡਾ. ਗੁਰਦੀਪ ਸਿੰਘ ਬਤਰਾ, , ਡਾਇਰੈਕਟਰ ਯੋਜਨਾ ਅਤੇ ਨਿਰੀਖਣ ਡਾ. ਅਸ਼ੋਕ ਮਲਿਕ, ਵਿੱਤ ਅਫ਼ਸਰ ਡਾ. ਰਾਕੇਸ਼ ਕੁਮਾਰ ਖੁਰਾਣਾ, ਕੰਟਰੋਲਰ ਪ੍ਰੀਖਿਆਵਾਂ ਡਾ. ਜੇ.ਆਈ.ਐੱਸ. ਖੱਟੜ, ਡੀਨ ਬਾਹਰੀ ਕੇਂਦਰ ਡਾ. ਪੁਸ਼ਪਿੰਦਰ ਗਿੱਲ, ਮੈਡੀਕਲ ਅਫਸਰ ਡਾ. ਰੇਗੀਨਾ ਮੈਣੀ, ਸੁਰੱਖਿਆ ਅਫਸਰ ਕੈਪਟਨ ਗੁਰਤੇਜ ਸਿੰਘ, ਐਕਸੀਅਨ ਸ੍ਰ. ਮਨਜੀਤ ਸਿੰਘ ਸਿੱਧੂ, ਡਾਇਰੈਕਟਰ ਲੋਕ ਸੰਪਰਕ, ਡਾ. ਹੈਪੀ ਜੇਜੀ, ਡੀਨ ਵਿਦਿਆਰਥੀ ਭਲਾਈ (ਲੜਕੀਆਂ) ਡਾ. ਪਰਮਜੀਤ ਕੌਰ, ਪ੍ਰੋਵੋਸਟ (ਲੜਕੀਆਂ) ਡਾ. ਅਜੀਤਾ, ਹਾਜ਼ਰ ਰਹੇ।