ਰਜਨੀਸ਼ ਸਰੀਨ
- ਚੰਦਰਾਯਾਨ-2 ਅਤੇ ਪਾਣੀ ਬਚਾਉਣ ਦੇ ਮਾਡਲਾਂ ਦੀ ਕੀਤੀ ਪੇਸ਼ਕਾਰੀ
- ਸਕੂਲ ਵਿੱਚ ਵਿਦਿਆਰਥੀਆਂ ਨੂੰ ਖੋਜੀ ਕਿਰਿਆਵਾਂ ਕਰਵਾ ਰਹੇ ਹਨ ਅਧਿਆਪਕ – ਜਗਮੀਤ ਸਿੰਘ ਸਕੂਲ ਮੁਖੀ
ਰਾਜਪੁਰਾ 28 ਨਵੰਬਰ 2020 - ਸਰਕਾਰੀ ਸਕੂਲਾਂ ਵਿੱਚ ਗੁਣਾਤਮਿਕ ਸਿੱਖਿਆ ਦਾ ਮਿਆਰ ਉੱਚਾ ਹੋ ਰਿਹਾ ਹੈ ਅਤੇ ਅਧਿਆਪਕ ਵਿਦਿਆਰਥੀਆਂ ਨੂੰ ਖੋਜੀ ਕਿਰਿਆਵਾਂ ਕਰਵਾ ਕੇ ਉਹਨਾਂ ਦੇ ਬੌਧਿਕ ਵਿਕਾਸ ਲਈ ਕਾਰਜਸ਼ੀਲ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਰਕਾਰੀ ਹਾਈ ਸਕੂਲ ਦੇ ਮੁੱਖ ਅਧਿਆਪਕ ਜਗਮੀਤ ਸਿੰਘ ਨੇ ਕੀਤਾ ਜਦੋਂ ਉਨਾਂ ਦੇ ਸਕੂਲ ਦੇ ਵਿਦਿਆਰਥੀਆਂ ਨੇ ਪੁਸ਼ਪਾ ਗੁਜ਼ਰਾਲ ਸਾਇੰਸ ਸਿਟੀ ਦੇ ਆਨ-ਲਾਈਨ ਸਾਇੰਸ ਫੈਸਟ ਵਿੱਚ ਹਿੱਸਾ ਲੈ ਕੇ ਸਕੂਲ ਦੇ ਅਧਿਆਪਕਾਂ ਅਤੇ ਆਪਣੇ ਮਾਪਿਆਂ ਦਾ ਮਾਣ ਵਧਾਇਆ।
ਜਗਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਹਾਈ ਸਕੂਲ ਦੇ ਸਮੂਹ ਸਾਇੰਸ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਵਿਗਿਆਨ ਦੀ ਸੂਝ-ਬੂਝ ਬਣਾਉਣ ਲਈ ਵਰਕਿੰਗ ਮਾਡਲਾਂ ਦੀ ਵਰਤੋਂ ਕਰਕੇ ਪੜ੍ਹਾਉਂਦੇ ਹਨ ਜਿਸ ਨਾਲ ਵਿਦਿਆਰਥੀ ਵੀ ਕੁਝ ਨਵਾਂ ਸਿਰਜਣ ਲਈ ਉਤਸਾਹਿਤ ਹੁੰਦੇ ਰਹਿੰਦੇ ਹਨ। ਉਹਨਾਂ ਦੇ ਸਕੂਲ ਦੇ ਵਿਦਿਆਰਥੀ ਮੰਥਨ ਨੌਵੀ ਬੀ ਨੇ ਚੰਦਰਾਯਾਨ-2 ਦੇ ਪੁਲਾੜ ਵਿੱਚ ਭੇਜੇ ਜਾਣ ਸਬੰਧੀ ਪ੍ਰਕਿਰਿਆ ਨੂੰ ਵਰਕਿੰਗ ਮਾਡਲ ਰਾਹੀਂ ਪ੍ਰਦਰਸ਼ਿਤ ਕੀਤਾ।
ਅੱਠਵੀਂ ਏ ਦੇ ਮੰਥਨ ਨੇ ਬਰਸਾਤੀ ਪਾਣੀ ਨੂੰ ਸਿੰਚਾਈ ਅਤੇ ਪੁਨਰ-ੳਪਯੋਗ ਲਈ ਵਰਤੋਂ ਵਿੱਚ ਲਿਆਉਣ ਸਬੰਧੀ ਵਰਕਿੰਗ ਮਾਡਲ ਪੇਸ਼ ਕੀਤਾ। ਇਸ ਲਈ ਉਹਨਾਂ ਨੂੰ ਸਕੂਲ ਅਧਿਆਪਕਾ ਸ਼ਵੇਤਾ ਅਤੇ ਜਸਵਿੰਦਰ ਕੌਰ ਨੇ ਬਾਖੂਬੀ ਤਿਆਰੀ ਕਰਵਾਈ। ਇਸ ਮੌਕੇ ਸਕੂਲ ਦੇ ਅਧਿਆਪਕ ਨੀਲਮ ਚੌਧਰੀ, ਰਾਜਿੰਦਰ ਸਿੰਘ ਚਾਨੀ ਅਤੇ ਹੋਰ ਅਧਿਆਪਕ ਵੀ ਮੌਜੂਦ ਰਹੇ।