ਰਜਨੀਸ਼ ਸਰੀਨ
- ਸੰਗਰੂਰ ਅਤੇ ਲੁਧਿਆਣਾ ਜ਼ਿਲ੍ਹੇ 'ਚ ਇੰਪਰਸੋਨੇਸ਼ਨ ਦਾ ਇੱਕ-ਇੱਕ ਕੇਸ ਫੜ੍ਹਿਆ ਗਿਆ
- 8 ਜ਼ਿਲ੍ਹਿਆਂ 'ਚ ਬਣੇ 116 ਕੇਂਦਰ ਬਣਾਏ ਗਏ
ਐਸ.ਏ.ਐਸ. ਨਗਰ 29 ਨਵੰਬਰ 2020 - ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਸਿੱਖਿਆ ਵਿਭਾਗ ਦੇ ਸਿੱਖਿਆ ਭਰਤੀ ਡਾਇਰੈਕਟੋਰੇਟ ਵੱਲੋਂ ਈਟੀਟੀ ਭਰਤੀ ਪ੍ਰੀਖਿਆ ਨੂੰ 8 ਜ਼ਿਲ੍ਹਿਆਂ ਦੇ 116 ਪ੍ਰੀਖਿਆ ਕੇਂਦਰਾਂ 'ਤੇ ਯੋਗ ਅਤੇ ਪੁਖਤਾ ਪ੍ਰਬੰਧਾਂ ਨਾਲ ਸਫ਼ਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਜਰਨੈਲ ਸਿੰਘ ਸਹਾਇਕ ਡਾਇਰੈਕਟਰ ਭਰਤੀ ਬੋਰਡ ਨੇ ਜਾਣਕਾਰੀ ਦਿੱਤੀ ਕਿ ਸਮੂਹ ਸਿੱਖਿਆ ਕੇਂਦਰਾਂ 'ਤੇ ਸਿਹਤ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਵੱਲੋਂ ਕੋਵਿਡ ਸਬੰਧੀ ਜਾਰੀ ਹਦਾਇਤਾਂ ਅਨੁਸਾਰ ਕੀਤੇ ਗਏ ਪੁਖਤਾਂ ਪ੍ਰਬੰਧਾਂ ਨਾਲ ਪ੍ਰੀਖਿਆ ਪ੍ਰਕਿਰਿਆ ਦਾ ਸਫ਼ਲ ਆਯੋਜਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸੰਗਰੂਰ ਅਤੇ ਲੁਧਿਆਣਾ ਜ਼ਿਲ੍ਹੇ ਵਿੱਚ ਇੱਕ-ਇੱਕ ਇੰਮਪਰਸੋਨੇਸ਼ਨ ਦਾ ਕੇਸ ਸਾਹਮਣੇ ਆਇਆ ਹੈ ਜਿਹਨਾਂ ਵਿਰੁੱਧ ਬਣਦੀ ਕਾਰਵਾਈ ਕਰ ਦਿੱਤੀ ਗਈ ਹੈ।
ਸਕੱਤਰ ਸਕੂਲ ਸਿੱਖਿਆ ਨੇ ਸਮੂਹ ਸਿੱਖਿਆ ਅਧਿਕਾਰੀਆਂ, ਕਰਮਚਾਰੀਆਂ ਨੂੰ ਈਟੀਟੀ ਭਰਤੀ ਪ੍ਰੀਖਿਆ ਦੇ ਸਫ਼ਲ ਆਯੋਜਨ 'ਤੇ ਵਧਾਈ ਦਿੰਦਿਆਂ ਕਿਹਾ ਕਿ ਵਿਭਾਗ ਵੱਲੋਂ ਪਹਿਲਾਂ ਵੀ ਅਜਿਹੀਆਂ ਸਫ਼ਲ ਪ੍ਰੀਖਿਆਵਾਂ ਦਾ ਆਯੋਜਨ ਕੀਤਾ ਗਿਆ ਹੈ ਅਤੇ ਇਹ ਇੱਕ ਹੌਰ ਮੌਕਾ ਹੈ ਜਿੱਥੇ ਸਿੱਖਿਆ ਵਿਭਾਗ ਦੇ ਹਰ ਅਧਿਕਾਰੀ ਅਤੇ ਕਰਮਚਾਰੀ ਨੇ ਬਹੁਤ ਹੀ ਜ਼ਿੰਮੇਵਾਰੀ ਨਾਲ ਆਪਣੀ ਭੂਮਿਕਾ ਨਿਭਾਈ ਹੈ। ਉਹਨਾਂ ਕਿਹਾ ਕਿ ਜਿਹੜੇ ਇਮਪਰਸੋਨੇਸ਼ਨ ਦੇ ਕੇਸ ਸਾਹਮਣੇ ਆਏ ਹਨ ਉਹਨਾਂ ਦੀ ਪਾਤਰਤਾ ਸਬੰਧਿਤ ਪੋਸਟਾਂ ਲਈ ਤਾਂ ਰੱਦ ਕੀਤੀ ਹੀ ਜਾਵੇਗੀ ਨਾਲ ਹੀ ਭਵਿੱਖੀ ਅਸਰ ਵਿੱਚ ਉਹਨਾਂ ਨੂੰ ਵਿਭਾਗ ਦੀ ਪੋਸਟਾਂ ਲਈ ਵੀ ਬਲੈਕ ਲਿਸਟ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਨਕਲ ਅਤੇ ਇਮਪਰਸੋਨੇਸ਼ਨ ਜਿਹੇ ਕੇਸਾਂ ਵਿੱਚ ਸਿੱਖਿਆ ਵਿਭਾਗ ਨੇ ਪਹਿਲਾਂ ਵੀ ਸਖ਼ਤੀ ਵਰਤੀ ਹੈ ਅਤੇ ਭਵਿੱਖ ਵਿੱਚ ਵੀ ਵਰਤਦਾ ਰਹੇਗਾ। ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਵੱਖ ਵੱਖ ਕੇਂਦਰਾਂ ਵਿੱਚ ਉਡਣ ਦਸਤਿਆਂ ਨੇ ਵਿਜ਼ਿਟ ਕੀਤੀ।
ਇਸ ਮੌਕੇ ਸੰਗਰੂਰ ਦੇ ਮਾਤਾ ਗੁਜ਼ਰੀ ਕਾਲਜ ਆਫ਼ ਐਜੂਕੇਸ਼ਨ ਬਡਰੁੱਖਾਂ (ਸੰਗਰੂਰ) ਵਿੱਚ ਇੱਕ ਇਮਪਰਸੋਨੇਸ਼ਨ ਅਤੇ ਲੁਧਿਆਣਾ ਵਿੱਚ ਮੈਰੀਟੋਰੀਅਸ ਸਕੂਲ ਵਿੱਚ ਵੀ ਇੱਕ ਇਮਪਰਸੋਨੇਸ਼ਨ ਕੇਸ ਕਾਬੂ ਕਰਕੇ ਸਬੰਧਿਤ ਵਿਰੱਧ ਕਾਰਵਾਈ ਕਰ ਦਿੱਤੀ ਗਈ ਹੈ।