ਚੰਡੀਗੜ੍ਹ, 24 ਫਰਵਰੀ 2021 - ਪ੍ਰਸਿੱਧ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੇ ਅਕਾਲ ਚਲਾਣੇ ’ਤੇ ਉੱਘੇ ਸਿੱਖ ਕਿਸਾਨ ਆਗੂ ਤੇ ਆਲ ਇੰਡੀਆ ਜੱਟ ਮਹਾਂਸਭਾ ਦੇ ਚੰਡੀਗੜ੍ਹ ਸਟੇਟ ਪ੍ਰਧਾਨ ਅਤੇ ਮਹਾਂਸਭਾ ਦੇ ਰਾਸ਼ਟਰੀ ਡੈਲੀਗੇਟ ਸ. ਰਾਜਿੰਦਰ ਸਿੰਘ ਬਡਹੇੜੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਸਰਦੂਲ ਸਿਕੰਦਰ ਦੀ ਪਤਨੀ ਅਮਰ ਨੂਰੀ ਦੇ ਪਰਿਵਾਰ ਨਾਲ ਉਨ੍ਹਾਂ ਦੇ ਵਿਆਹ ਤੋਂ ਪਹਿਲਾਂ ਦੇ ਪਰਿਵਾਰਕ ਸਬੰਧ ਰਹੇ ਹਨ। ‘ਪਰਮਾਤਮਾ ਉਨ੍ਹਾਂ ਨੂੰ ਇਹ ਭਾਣਾ ਮੰਨਣ ਦਾ ਬਲ ਬਖ਼ਸ਼ੇ।’ ਸ. ਬਡਹੇੜੀ ਨੇ ਸਰਦੂਲ ਸਿਕੰਦਰ ਦੇ ਵਿਛੋੜੇ ਨੂੰ ਕਦੇ ਵੀ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਪੰਜਾਬੀ ਮਾਂ–ਬੋਲੀ, ਪੰਜਾਬੀਅਤ ਤੇ ਪੰਜਾਬੀ ਸਭਿਆਚਾਰ ਵਿੱਚ ਮਹਾਨ ਦੇਣ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ‘ਅੱਜ ਹਰ ਅੱਖ ਗ਼ਮਗ਼ੀਨ ਹੈ, ਹਰ ਹਿਰਦਾ ਅੰਤਾਂ ਦਾ ਦੁਖੀ ਹੈ।’
ਬਡਹੇੜੀ ਨੇ ਕਿਹਾ ਕਿ ਸਰਦੂਲ ਸਿਕੰਦਰ ਦਾ ਦੇਹਾਂਤ ਸਾਡੇ ਸਭਨਾਂ ਲਈ ਅਸਹਿ ਦੁੱਖ ਹੈ। ਉਹ ਬੀਤੇ ਦਿਨੀਂ ਕੋਵਿਡ–19 ਪਾਜ਼ਿਟਿਵ ਪਾਏ ਗਏ ਸਨ ਤੇ ਮੋਹਾਲੀ ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ। ਪੰਜਾਬੀ ਸੰਗੀਤ ਨੂੰ ਉਨ੍ਹਾਂ ਦੀ ਬਹੁਤ ਵੱਡੀ ਦੇਣ ਹੈ, ਜੋ ਸਦਾ ਕਈ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ‘ਮੇਰੀਆਂ ਅਰਦਾਸਾਂ ਸਿਕੰਦਰ ਜੀ ਦੇ ਪਰਿਵਾਰ ਨਾਲ ਹਨ। ਵਾਹਿਗੁਰੂ ਜੀ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਥਾਨ ਦੇਣ।’
ਬਡਹੇੜੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਚੇਤਿਆਂ ਦੀ ਚੰਗੇਰ ਫਰੋਲਦਿਆਂ ਦੱਸਿਆ ਕਿ ਉਨ੍ਹਾਂ ਸਰਦੂਲ ਸਿਕੰਦਰ ਨੂੰ ਆਪਣੇ ਦੋਸਤ ਪ੍ਰੋਫ਼ੈਸਰ ਡਾ. ਨਾਹਰ ਸਿੰਘ ਰਾਹੀਂ 28 ਫ਼ਰਵਰੀ, 1982 ਨੂੰ ਆਪਣੇ ਪਿੰਡ ਬਡਹੇੜੀ ਸੱਦਿਆ ਸੀ। ਉੱਥੇ ਟੂਰਨਾਮੈਂਟ ਦੌਰਾਨ ਉਨ੍ਹਾਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਨਾ ਸੀ। ਡਾ. ਨਾਹਰ ਸਿੰਘ ਉਨ੍ਹਾਂ ਨਾਲ ਖੰਨਾ ਦੇ ਏ.ਐੱਸ. ਕਾਲਜ ਵਿੱਚ ਪੜ੍ਹਦੇ ਸਨ।
ਬਡਹੇੜੀ ਨੇ ਅੱਗੇ ਦੱਸਿਆ ਕਿ ਸਰਦੂਲ ਸਿਕੰਦਰ ਦੀ ਪਤਨੀ ਅਮਰ ਨੂਰੀ ਦੇ ਪਿਤਾ ਸਵਰਗਵਾਸੀ ਰੌਸ਼ਨ ਸਿੰਘ ਸਾਗਰ ਦੀ ਧੀ ਹੈ, ਜੋ ਮੇਰੇ ਸਵਰਗਵਾਸੀ ਪਿਤਾ ਜੱਥੇਦਾਰ ਅਜਾਇਬ ਸਿੰਘ ਬਡਹੇੜੀ ਦੇ ਬਹੁਤ ਨੇੜਲੇ ਦੋਸਤਾਂ ’ਚੋਂ ਸਨ।
ਉਨ੍ਹਾਂ ਇਹ ਵੀ ਦੱਸਿਆ ਕਿ ਰੌਸ਼ਨ ਸਾਗਰ ਮੋਹਾਲੀ ਜ਼ਿਲ੍ਹੇ ਦੇ ਪਿੰਡ ਮੌਲ਼ੀ ਬੈਦਵਾਨ ਦੇ ਵਸਨੀਕ ਸਨ। ਪਹਿਲਾਂ ਉਹ ਰੌਸ਼ਨ ਲਾਲ ਹੁੰਦੇ ਸਨ ਪਰ ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਜੀ ਦੇ 300ਵੇਂ ਪ੍ਰਕਾਸ਼ ਉਤਸਵ ਮੌਕੇ ਰੌਸ਼ਨ ਸਿੰਘ ਬਣ ਗਏ ਸਨ।