ਲਹਿੰਬਰ ਹੁਸੈਨਪੁਰੀ ਨੇ ਘਰਵਾਲੀ ਤੇ ਬੱਚਿਆਂ ਨੂੰ ਪਾਈ ਜੱਫੀ, ਵੱਖ ਹੋਈ ਜੋੜੀ ਨੂੰ ਮਨੀਸ਼ਾ ਗੁਲਾਟੀ ਨੇ ਕੀਤਾ ਇੱਕ
ਚੰਡੀਗੜ੍ਹ, 7 ਜੂਨ 2021 - ਪਿਛਲੇ ਦਿਨੀਂ ਬਾਲੀਵੁੱਡ ਦੇ ਮਸ਼ਹੂਰ ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਦਾ ਆਪਣੀ ਪਤਨੀ ਨਾਲ ਹੋਇਆ ਝਗੜਾ ਆਖਰ ਸੁਲਝ ਹੀ ਗਿਆ। ਵੁਮੈਨ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਲਹਿੰਬਰ ਤੇ ਉਸਦੀ ਘਰਵਾਲੀ ਸਣੇ ਬੱਚਿਆਂ ਨੂੰ ਮੁੜ ਇੱਕ ਕਰਾ ਦਿੱਤਾ ਹੈ। ਇਸ ਮੌਕੇ ਲਹਿੰਬਰ ਦਾ ਪਰਿਵਾਰ ਇੱਕ ਦੂਜੇ ਨੂੰ ਮਿਲ ਕੇ ਭੁੱਬਾਂ ਮਾਰ ਰੋਇਆ।
ਵੁਮੈਨ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਗੁਲਾਟੀ ਨੇ ਆਪਣੀ ਫੇਸਬੁੱਕ 'ਤੇ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਅਤੇ ਲਿਖਿਆ, "ਅੱਜ ਮੇਰਾ ਦਿਲ ਬਹੁਤ ਖੁਸ਼ ਹੈ। ਜਦੋਂ ਵੀ ਰਿਸ਼ਤਿਆਂ ਨੂੰ ਜੋੜਨ ਦੀ ਗੱਲ ਹੁੰਦੀ ਹੈ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਮੈਂ ਰਿਸ਼ਤਿਆਂ ਨੂੰ ਜੋੜਨ ਦਾ ਇੱਕ ਚੰਗਾ ਜ਼ਰੀਆ ਬਣੀ ਹੈ। ਮੈਨੂੰ ਤੁਹਾਡੇ ਸਾਰਿਆਂ ਨਾਲ ਇਹ ਗੱਲ ਸਾਂਝੀ ਕਰਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਲਹਿੰਬਰ ਅਤੇ ਉਨ੍ਹਾਂ ਦੀ ਪਤਨੀ ਦੀ ਅੱਜ ਕਮਿਸ਼ਨ ਵਲੋਂ ਸੁਲ੍ਹਾ-ਸਫਾਈ ਕਰਵਾ ਦਿੱਤੀ ਹੈ। ਇਸ ਦੇ ਨਾਲ ਹੀ ਇਨ੍ਹਾਂ ਦੇ ਪਰਿਵਾਰ 'ਚ ਰਿਸ਼ਤੇਦਾਰਾਂ ਦੀ ਦਖਲ ਨੂੰ ਦੇਖਦੇ ਹੋਏ ਦੋਵਾਂ ਨੂੰ ਰਿਸ਼ਤੇਦਾਰਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਵਾਹਿਗੁਰੂ ਹਰ ਇਹ ਪਰਿਵਾਰ ਨੂੰ ਹੱਸਦਾ-ਖੇਡਦਾ ਰੱਖੇ। ਮੇਰੀਆਂ ਦੁਆਵਾਂ ਤੁਹਾਡੇ ਦੋਵਾਂ ਨਾਲ ਹਨ।"