ਲੇਡੀ ਸਬ ਇੰਸਪੈਕਟਰ ਨੇ ਸਿੱਧੂ ਮੂਸੇਵਾਲੇ ਦੇ ਗਾਣੇ ਵਿੱਚ ਕੀਤੀ ਅਦਾਕਾਰੀ ਪੇਸ਼, ਪੰਡਿਤ ਰਾਉ ਧਰੇਨਵਰ ਨੇ ਕਾਰਵਾਈ ਲਈ ਦਿੱਤਾ ਮੰਗ ਪੱਤਰ
ਜੀ ਐਸ ਪੰਨੂ
ਪਟਿਆਲਾ, 9 ਜੁਲਾਈ 2021 - ਲੱਚਰ, ਸ਼ਰਾਬੀ ਅਤੇ ਹਥਿਆਰੀ ਗਾਣੇ ਦੇ ਖਿਲਾਫ ਅਵਾਜ਼਼ ਉਠਾਉਣ ਵਾਲੇ ਪੰਡਿਤ ਰਾਉ ਧਰੇਨਵਰ ਨੇ ਪੰਜਾਬ ਪੁਲਿਸ ਵਿੱਚ ਬਤੌਰ ਸਬ ਇੰਸਪੈਕਟਰ ਦੇ ਅਹੁਦੇ ਤੇ ਕੰਮ ਕਰਨ ਵਾਲੀ ਹਰਸ਼ਜੋਤ ਕੌਰ ਦੇ ਖਿਲਾਫ ਕਾਰਵਾਈ ਕਰਨ ਲਈ ਮੰਗ ਪੱਤਰ ਡੀ.ਆਈ.ਜੀ. ਪਟਿਆਲਾ ਰੇਂਜ ਨੂੰ ਦਿੱਤਾ ਹੈ। ਪੰਡਿਤਰਾਉ ਧਰੇਨਵਰ ਦਾ ਆਰੋਪ ਹੈ ਕਿ ਹਰਸ਼ਜੋਤ ਕੌਰ ਨੇ ਪੰਜਾਬ ਪੁਲਿਸ ਵਿੱਚ ਜ਼ਿੰਮੇਵਾਰ ਅਫ਼ਸਰ ਹੋਣ ਦੇ ਬਾਵਜੂਦ ਸਿੱਧੂ ਮੂਸੇਵਾਲੇ ਦੇ ਗਾਣੇ ਵਿੱਚ ਅਦਾਕਾਰੀ ਪੇਸ਼ ਕੀਤੀ ਹੈ ਜਿਸ ਗਾਣੇ ਵਿੱਚ ਨਾ ਸਿਰਫ਼ “ਸੁਣਿਆ ਕਿ ਤੇਰੇ ਕੋਲ ਅੱਠ ਅਸਲੇ” ਵਰਗੇ ਭੜਕਾਊ ਸ਼ਬਦਾਵਲੀ ਮੌਜੂਦ ਹੈ ਬਲਕਿ ਗਾਣੇ ਦੇ ਟਾਈਟਲ ਵਿੱਚ ਅਣਫੱਕਵਿਦੇਵਲ ਵਰਗੇ ਲੱਚਰ ਭਰੀ ਸ਼ਬਦਾਵਲੀ ਹੈ।
ਇਸ ਲਈ ਪੰਡਿਤਰਾਉ ਨੇ ਮੰਗ ਕੀਤੀ ਹੈ ਕਿ ਇਸ ਗਾਣੇ ਦੇ ਵਿੱਚ ਅਦਾਕਾਰੀ ਪੇਸ਼ ਕਰਨ ਲਈ ਹਰਸ਼ਜੋਤ ਕੌਰ ਨੇ ਪੰਜਾਬ ਪੁਲਿਸ ਵਿਭਾਗ ਤੋਂ ਮਨਜ਼ੂਰੀ ਲਈ ਹੈ ਜਾਂ ਨਹੀਂ। ਇਸ ਤੋਂ ਇਲਾਵਾ ਪੰਡਿਤਰਾਉ ਨੇ ਜਾਣਕਾਰੀ ਮੰਗੀ ਹੈ ਕਿ ਇਹ ਗਾਣਾ ਸੈਂਸਰ ਬੋਰਡ ਆਫ ਇੰਡੀਆ ਤੋਂ ਪਾਸ ਹੋਇਆ ਹੈ ਜਾਂ ਨਹੀਂ। ਫਿਲਮ ਦੇ ਟਾਈਟਲ ਅਣਫੱਕਵਿਦੇਵਲ ਸ਼ਬਦ ਦੇ ਇਤਰਾਜ ਕਰਦੇ ਹੋਏ ਪੰਡਿਤਰਾਉ ਨੇ ਹਰਸ਼ਜੋਤ ਕੌਰ ਤੋਂ ਲਿਖਿਤ ਰੂਪ ਵਿੱਚ ਇਸ ਸ਼ਬਦ ਦਾ ਅਰਥ ਮੰਗਿਆ ਹੈ। ਇਸ ਗਾਣੇ ਵਿੱਚ ਅਵਾਜ਼ ਪ੍ਰਦੂਸ਼ਣ ਨੂੰ ਫੈਲਾਉਣ ਵਾਲੇ ਲਾਊਡ ਸਪੀਕਰ ਦੀ ਵਰਤੋਂ ਹੋਣ ਦੇ ਆਰੋਪ ਵੀ ਪੰਡਿਤਰਾਉ ਨੇ ਲਗਾਏ ਹਨ।
ਪਟਿਆਲਾ ਰੇਂਜ ਦੇ ਡੀ.ਜੀ.ਪੀ. ਬਿਕਰਮਜੀਤ ਸਿੰਘ ਦੁੱਗਲ, ਆਈ.ਪੀ.ਐੱਸ. ਨੂੰ ਮਿਲ ਕੇ ਆਪਣੀ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਪੰਡਿਤਰਾਉ ਨੇ ਕਿਹਾ ਕਿ ਬਿਕਰਮਜੀਤ ਸਿੰਘ ਦੁੱਗਲ, ਆਈ.ਪੀ.ਐੱਸ. ਨੇ ਸਬੰਧਿਤ ਵਿਭਾਗ ਤੋਂ ਰਿਪੋਰਟ ਮੰਗੀ ਹੈ।
ਪੰਡਿਤਰਾਉ ਨੇ ਕਿਹਾ ਹੈ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ 22.7.2019 ਦੇ ਹੁਕਮ ਦੇ ਬਾਵਜੂਦ ਜ਼ਿੰਮੇਵਾਰ ਪੁਲਿਸ ਅਫਸਰ ਗ਼ਲਤ ਗਾਣੇ ਤੇ ਅਦਾਕਾਰੀ ਪੇਸ਼ ਕਰਨਾ ਨਾ ਸਿਰਫ ਪੰਜਾਬ ਪੁਲਿਸ ਦੀ ਬੇਇੱਜ਼ਤੀ ਹੈ ਬਲਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ 22.7.2019 ਦੇ ਹੁਕਮਾਂ ਦੀ ਉਲੰਘਣਾ ਵੀ ਹੈ। ਇਸ ਲਈ ਭਵਿੱਖ ਵਿੱਚ ਕੋਈ ਵੀ ਜ਼ਿੰਮੇਵਾਰ ਅਧਿਕਾਰੀ ਨੂੰ ਗ਼ਲਤ ਗਾਣੇ ਤੇ ਨਾ ਹੀ ਅਦਾਕਾਰੀ ਪੇਸ਼ ਕਰਨਾ ਚਾਹੀਦਾ ਹੈ ਤੇ ਨਾ ਹੀ ਗਾਉਣਾ ਚਾਹੀਦਾ ਹੈ।