"ਭੂਤ ਅੰਕਲ ਤੁਸੀਂ ਗਰੇਟ ਹੋ" ਦੀ ਸੰਪੂਰਨਤਾ 'ਤੇ ਗੁਰੂ ਨਗਰੀ ਪਹੁੰਚੇ ਡਾਇਰੈਕਟਰ ਕੇ ਸੀ ਬੋਕਾਡੀਆ ਤੇ ਰਾਜ ਬੱਬਰ
ਕੁਲਵਿੰਦਰ ਸਿੰਘ
- ਫਿਲਮ ਦੀ ਕਮਾਈ ਤੋਂ ਬਣਾਉਣਗੇ ਹਸਪਤਾਲ
ਅੰਮ੍ਰਿਤਸਰ 15 ਸਤੰਬਰ ,2021 - "ਪਿਆਰ ਝੁਕਤਾ ਨਹੀਂ"ਤੇਰੀ ਮਿਹਰਬਾਨੀਆਂ"ਫੂਲ ਬਨੇ ਅੰਗਾਰੇ" "ਲਾਲ ਬਾਦਸ਼ਾਹ" "ਆਜ ਕਾ ਅਰਜੁਨ" ਅਤੇ ਇਹੋ ਜਿਹੀਆਂ ਕਈ ਸੁਪਰ ਹਿੱਟ ਫਿਲਮਾਂ ਦੇਣ ਵਾਲੇ ਡਾਇਰੈਕਟਰ ਕੇ ਸੀ ਬੋਕਾਡੀਆ ਅੱਜ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਪੁੱਜੇ। ਉਨ੍ਹਾਂ ਦੇ ਨਾਲ ਫਿਲਮ ਅਭਿਨੇਤਾ ਅਤੇ ਰਾਜਨੇਤਾ ਰਾਜ ਬੱਬਰ ਵੀ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ।
ਕੇ ਸੀ ਬੋਕਾਡੀਆ ਨੇ ਬਾਬੂਸ਼ਾਹੀ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕੀ ਉਨ੍ਹਾਂ ਵੱਲੋਂ ਦੋ ਪੰਜਾਬੀ ਫ਼ਿਲਮਾਂ ਦੇ ਪ੍ਰੋਜੈਕਟ ਤਿਆਰ ਕੀਤੇ ਗਏ ਸਨ ਜਿਨ੍ਹਾਂ ਵਿੱਚੋਂ "ਭੂਤ ਅੰਕਲ ਤੁਸੀਂ ਗਰੇਟ ਹੋ"ਜਿਸ ਵਿੱਚ ਰਾਜ ਬੱਬਰ ਭੂਤ ਅੰਕਲ ਬਣੇ ਹਨ ਅਤੇ ਇਸ ਤੋਂ ਇਲਾਵਾ ਗੁਰਪ੍ਰੀਤ ਘੁੱਗੀ,ਜਸਵਿੰਦਰ ਭੱਲਾ ਅਤੇ ਪੰਜਾਬੀ ਫ਼ਿਲਮ ਵਿੱਚ ਪਹਿਲੀ ਵਾਰ ਜਯਾ ਪਰਦਾ ਵੀ ਰੋਲ ਨਿਭਾਅ ਰਹੇ ਹਨ। ਬੋਕਾਡੀਆ ਨੇ ਦੱਸਿਆ ਕਿ ਇਕ ਦਿਨ ਪਹਿਲਾਂ ਹੀ ਉਨ੍ਹਾਂ ਨੇ ਇਹ ਫ਼ਿਲਮ ਕੰਪਲੀਟ ਕੀਤੀ ਹੈ ਅਤੇ ਅੱਜ ਉਹ ਗੁਰੂ ਨਗਰੀ ਵਿਚ ਨਤਮਸਤਕ ਹੋਣ ਲਈ ਪਹੁੰਚੇ ਹਨ।
ਉਨ੍ਹਾਂ ਕਿਹਾ ਕਿ ਉਹ ਜੈਨ ਸਮਾਜ ਨਾਲ ਸਬੰਧ ਰੱਖਦੇ ਹਨ ਅਤੇ ਟੋਡਰ ਮੱਲ ਜੀ ਜਿਨ੍ਹਾਂ ਨੇ ਗੁਰੂ ਗੋਬਿੰਦ ਮਹਾਰਾਜ ਦੇ ਸਾਹਿਬਜ਼ਾਦਿਆਂ ਲਈ ਅੱਜ ਤੱਕ ਦੀ ਰਿਕਾਰਡ ਸਭ ਤੋਂ ਮਹਿੰਗੀ ਜ਼ਮੀਨ ਮੁਗ਼ਲਾਂ ਕੋਲੋਂ ਖਰੀਦੀ ਸੀ ,ਉਹ ਵੀ ਜੈਨ ਸਮਾਜ ਨਾਲ ਸਬੰਧ ਰੱਖਦੇ ਸਨ ।ਉਨ੍ਹਾਂ ਕਿਹਾ ਕਿ ਜੈਨ ਸਮਾਜ ਅਤੇ ਸਿੱਖ ਸਮਾਜ ਦਾ ਬਹੁਤ ਗਹਿਰਾ ਸਬੰਧ ਰਿਹਾ ਹੈ ਸ਼ਾਇਦ ਇਸ ਕਰਕੇ ਹੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹ ਪੰਜਾਬੀ ਫ਼ਿਲਮ ਬਣਾ ਸਕੇ ਹਨ। ਉਨ੍ਹਾਂ ਨੇ ਆਪਣੀ ਭਾਵਨਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਸ ਫਿਲਮ ਦੀ ਕਮਾਈ ਦੇ ਨਾਲ ਉਹ ਟੋਡਰ ਮੱਲ ਜੀ ਦੇ ਨਾਮ ਤੇ ਹਸਪਤਾਲ ਬਣਾਉਣਗੇ
ਸੋਸ਼ਲ ਮੀਡੀਆ ਅਤੇ ਓਟੀਟੀ ਪਲੇਟਫਾਰਮ ਤੇ ਚੱਲ ਰਹੇ ਟ੍ਰੈਂਡ ਨੂੰ ਦੱਸਿਆ ਗ਼ਲਤ
ਬੋਕਾਡੀਆ ਨੇ ਕਿਹਾ ਕਿ ਅੱਜਕੱਲ੍ਹ ਜਿਸ ਤਰ੍ਹਾਂ ਗਲੈਮਰ ਦੇ ਨਾਮ ਤੇ ਟੀ ਵੀ ਸੀਰੀਅਲ ਅਤੇ ਓ ਟੀ ਟੀ ਦੇ ਰਾਹੀਂ ਜਨਤਾ ਦੇ ਅੱਗੇ ਜੋ ਪਰੋਸਿਆਂ ਜਾ ਰਿਹਾ ਹੈ ਉਹ ਬਹੁਤ ਹੀ ਗਲਤ ਟ੍ਰੈਂਡ ਹੈ lਉਨ੍ਹਾਂ ਕਿਹਾ ਕਿ ਇੱਕ ਫ਼ਿਲਮ ਨਿਰਮਾਤਾ ਅਤੇ ਨਿਰਦੇਸ਼ਕ ਦੀ ਜ਼ਿੰਮੇਵਾਰੀ ਆਮ ਇਨਸਾਨ ਤੋਂ ਵੱਧ ਹੁੰਦੀ ਹੈ ਅਤੇ ਉਸ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਜੋ ਉਹ ਜਨਤਾ ਦੇ ਸਾਹਮਣੇ ਪੇਸ਼ ਕਰ ਰਿਹਾ ਹੈ ਉਸ ਦਾ ਸਮਾਜ ਤੇ ਕੀ ਅਸਰ ਹੋਵੇਗਾ।
ਉਨ੍ਹਾਂ ਕਿਹਾ ਕਿ ਅੱਜ ਉਹ ਗੁਰੂ ਨਗਰੀ ਵਿੱਚ ਆ ਕੇ ਬਹੁਤ ਖੁਸ਼ ਹਨ ਅਤੇ ਆਉਣ ਵਾਲੇ ਸਮੇਂ ਵਿਚ ਸਾਫ਼ ਸੁਥਰੀਆਂ ਹੋਰ ਪੰਜਾਬੀ ਫ਼ਿਲਮਾਂ ਬਣਾਉਣ ਬਾਰੇ ਵਿਚਾਰ ਕਰਨਗੇl