ਨਾਟਕ ਮੇਲੇ ’ਚ ਤੇਲਗੂ ਰੰਗ, ਮਹਾਂਭਾਰਤ ਅਧਾਰਿਤ ਅਲੀ ਰਾਣੀ ਲੋਕ- ਗਾਥਾ ਦਾ ਮੰਚਨ
ਅਸ਼ੋਕ ਵਰਮਾ, ਬਾਬੂਸ਼ਾਹੀ ਨੈੱਟਵਰਕ
ਬਠਿੰਡਾ,8ਅਕਤੂਬਰ 2021- ਬਠਿੰਡਾ ਦੇ ਬਲਵੰਤ ਗਾਰਗੀ ਓਪਨ ਏਅਰ ਥੀਏਟਰ ਵਿਖੇ ਨਾਟਿਅਮ ਬਠਿੰਡਾ ਵੱਲੋਂ ਕਰਵਾਏ ਜਾ ਰਹੇ 15 ਰੋਜ਼ਾ ਨਾਟਕ ਮੇਲੇ ਦੇ 8ਵੇਂ ਦਿਨ ਦੱਖਣੀ ਭਾਰਤ ਦੇ ਸੂਬੇ ਤੇਲੰਗਾਣਾ ਤੋਂ ਆਈ ਟੀਮ ਨੇ ਆਪਣੇ ਲੋਕ ਰੰਗ ਵਿੱਚੋਂ ਮਹਾਭਾਰਤ ਵਿਚਲੀ ਇੱਕ ਲੋਕ-ਗਾਥਾ ਅਧਾਰਿਤ ਨਾਟਕ ‘ਅਲੀਅਰਜਣਾ ਯਕਸ਼ਗਾਣਮ’ ਦਾ ਮੰਚਨ ਕੀਤਾ । ਸ੍ਰੀ ਲਕਸ਼ਮੀ ਨਰਸਿਮਹਾ ਦੁਆਰਾ ਲਿਖਿਤ ਅਤੇ ਪੀ ਚੰਦਰਾਮੌਲੀ ਦੁਆਰਾ ਨਿਰਦੇਸ਼ਿਤ ਇਹ ਨਾਟ-ਸ਼ੈਲੀ ਸਵਾਮੀ ਨਾਟਿਆ ਕਲਾ ਮੰਡਲ ਦੀ ਟੀਮ ਵੱਲੋਂ ਬਠਿੰਡਾ ਦੇ ਦਰਸ਼ਕਾਂ ਅੱਗੇ ਪਹਿਲੀ ਵਾਰ ਪੇਸ਼ ਹੋਣ ਵਾਲਾ ਤੇਲਗੂ ਨਾਟਕ ਸੀ, ਜਿਸਨੂੰ ਵੇਖ ਕੇ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ।
ਨਾਟਕ ਵਿੱਚ ਦਿਖਾਇਆ ਗਿਆ ਕਿ ਅਰਜੁਨ ਅਤੇ ਸ਼੍ਰੀ ਕਿ੍ਰਸ਼ਨ ਦੱਖਣ ਭਾਰਤ ਦੇ ਇੱਕ ਸੂਬੇ ਵਿੱਚ ਪਹੁੰਚਦੇ ਹਨ, ਜਿੱਥੇ ਕਿ ਅਲੀ ਰਾਣੀ ਨਾਮ ਦੀ ਯੁੱਧ ਕਲਾ ਵਿੱਚ ਮਾਹਿਰ ਔਰਤ ਰਾਜ਼ ਕਰਦੀ ਹੈ । ਅਰਜੁਨ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਅਤੇ ਅੰਤ ਵਿੱਚ ਉਹ ਆਪਣੀ ਇੱਛਾ ਨੂੰ ਪੂਰਾ ਕਰਨ ਵਿੱਚ ਕਾਮਯਾਬ ਹੋ ਜਾਂਦਾ ਹੈ।
ਨਾਟਿਅਮ ਦੇ ਚੇਅਰਮੈਨ ਡਾ. ਕਸ਼ਿਸ਼ ਗੁਪਤਾ ਅਤੇ ਡਾਈਰੈਕਟਰ ਕੀਰਤੀ ਕਿਰਪਾਲ ਨੇ ਦੱਸਿਆ ਕਿ ਮੇਲੇ ਦੇ 8ਵੇਂ ਦਿਨ ਬਠਿੰਡਾ ਨਗਰ ਨਿਗਮ ਦੀ ਮੇਅਰ ਰਮਨ ਗੋਇਲ, ਸਾਬਕਾ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਗੁਰਪ੍ਰੀਤ ਸਿੰਘ ਮਲੂਕਾ, ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਤੋਂ ਰਵਿੰਦਰ ਸ਼ਰਮਾ ਅਤੇ ਕਾਗਰਸੀ ਨੇਤਾ ਸੰਦੀਪ ਗੋਇਲ ਨੇ ਸ਼ਮਾ ਰੌਸ਼ਨ ਕਰਦੇ ਹੋਏ ਸਮਾਗਮ ਦੀ ਸ਼ੁਰੂਆਤ ਕੀਤੀ। ਮੇਅਰ ਰਮਨ ਗੋਇਲ ਨੇ ਅਗਰਸੇਨ ਜੈਅੰਤੀ ਦੇ ਸ਼ੁਭ ਦਿਹਾੜੇ ਦੀਆਂ ਮੁਬਾਰਕਾਂ ਦਿੰਦਿਆਂ ਨਾਟਕ ਮੇਲੇ ਲਈ ਸ਼ੁਭ-ਕਾਮਨਾਵਾਂ ਭੇਂਟ ਕੀਤੀਆਂ। ਨਾਟਿਅਮ ਨੇ ਇਸ ਦੌਰਾਨ ਬਠਿੰਡੇ ਵਿੱਚ ਬਣਨ ਜਾ ਰਹੇ ਆਡੀਟੋਰੀਅਮ ਦਾ ਨਾਮ ਬਲਵੰਤ ਗਾਰਗੀ ਆਡੀਟੋਰੀਅਮ ਤੇ ਉਸ ਨੂੰ ਜਾਣ ਵਾਲੀ ਸੜਕ ਦਾ ਨਾਮ ਟੋਨੀ ਬਾਤਿਸ਼ ਮਾਰਗ ਰੱਖਣ ਲਈ ਅਪੀਲ ਕੀਤੀ।