ਰਾਜਸਥਾਨੀ ਕਲਾਕਾਰਾਂ ਨੇਂ ਪੇਸ਼ ਕੀਤੀ ਰਵਾਇਤੀ ਨਾਟਕ ਸ਼ੈਲੀ ਨੌਟੰਕੀ
ਅਸ਼ੋਕ ਵਰਮਾ
ਬਠਿੰਡਾ,9ਅਕਤੂਬਰ2021:ਬਠਿੰਡਾ ਦੇ ਬਲਵੰਤ ਗਾਰਗੀ ਓਪਨ ਏਅਰ ਥਿਏਟਰ ਵਿਖੇ ਚੱਲ੍ਹ ਰਹੇ ਨਾਟਿਅਮ ਦੇ 15 ਦਿਨਾਂ 10ਵੇਂ ਕੌਮੀ ਰੰਗ ਮੰਚ ਮੇਲੇ ਦੇ 9ਵੇਂ ਦਿਨ ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ ਰਾਜਸਥਾਨ ਦੇ ਜੈਪੁਰ ਤੋਂ ਆਈ ਰਸ ਰੰਗ ਮੰਚ ਸੰਸਥਾ ਨੇ ਆਪਣੀ ਰਵਾਇਤੀ ਨਾਟ ਸ਼ੈਲੀ ‘ਨੌਟੰਕੀ’ ਦੀ ਪੇਸ਼ਕਾਰੀ ਦਿੰਦਿਆਂ ‘ਆਲ੍ਹਾ ਅਫਸਰ’ ਨਾਟਕ ਖੇਡਿਆ । ਦੋ ਦਰਜਨ ਦੇ ਕਰੀਬ ਕਲਾਕਾਰਾਂ ਵਾਲੀ ਇਸ ਪੇਸ਼ਕਸ ਵਿੱਚ ਸਾਰਿਆਂ ਨੇ ਗਾਉਂਦੇ ਹੋਏ ਆਪਣੇ ਡਾਇਲਾਗ ਬੋਲੇ ਅਤੇ ਵਿਵਸਥਾ ਵਿੱਚ ਫੈਲੇ ਭਿ੍ਰਸ਼ਟਾਚਾਰ ‘ਤੇ ਤੰਜ ਕੱਸਿਆ। ਮੁਦਰਾ ਰਾਕਸ਼ਸ ਦੇ ਲਿਖੇ ਅਤੇ ਮੁਕੇਸ਼ ਵਰਮਾ ਦੇ ਨਿਰਦੇਸ਼ਿਤ ਇਸ ਨਾਟਕ ਵਿੱਚ ਇੱਕ ਪਿੰਡ ਦੀ ਕਹਾਣੀ ਦਿਖਾਈ ਗਈ।
ਇਸ ਵਿੱਚ ਸਾਰੇ ਇੱਕ ਅਫਸਰ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਹਨ ਪਰ ਉਸਦੇ ਭੁਲੇਖੇ ਇੱਕ ਠੱਗ ਦੀ ਸੇਵਾ ਕਰਦੇ ਰਹਿੰਦੇ ਹਨ, ਜਦੋਂਕਿ ਅਸਲੀ ਅਫਸਰ ਨੇ ਅਜੇ ਆਉਣਾ ਹੁੰਦਾ ਹੈ। ਨਾਟਿਅਮ ਦੇ ਚੇਅਰਮੈਨ ਡਾ. ਕਸ਼ਿਸ਼ ਗੁਪਤਾ, ਪ੍ਰਧਾਨ ਸੁਧਰਸ਼ਨ ਗੁਪਤਾ, ਅਤੇ ਡਾਇਰੈਕਟਰ ਕੀਰਤੀ ਕਿਰਪਾਲ ਨੇ ਦੱਸਿਆ ਕਿ ਨਾਟ ਮੇਲੇ ਦੌਰਾਨ ਸਮਾਜਸੇਵੀ ਅਮਰਜੀਤ ਮਹਿਤਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾਇਰੈਕਟਰ ਯੂਥ ਵੈਲਫੇਅਰ ਡਾ. ਗੁਰਸੇਵਕ ਲੰਬੀ, ਐਨਜ਼ੈਡਸੀਸੀ ਤੋਂ ਰਵਿੰਦਰ ਸ਼ਰਮਾ ਤੇ ਭੁਪਿੰਦਰ ਸਿੰਘ, ਸੁਨੀਲ ਗੁਪਤਾ ਅਤੇ ਸ਼ਸ਼ੀ ਗੁਪਤਾ ਮਹਿਮਾਨਾਂ ਵਜੋਂ ਹਾਜ਼ਰ ਸਨ। ਅਮਰਜੀਤ ਮਹਿਤਾ ਨੇ ਇਸ ਨਾਟਕ ਮੇਲੇ ਨੂੰ ਕੌਮਾਂਤਰੀ ਪੱਧਰ ਤੇ ਲਿਜਾਣ ਲਈ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।