ਦੋ ਅਵਾਜ਼ਾਂ ਵਾਲੀ ਗਾਇਕਾ ਨੂੰ ਸਨਮਾਨ ’ਚ ਦਿੱਤੀ ਜਾਏਗੀ ਆਲਟੋ
ਅਸ਼ੋਕ ਵਰਮਾ
ਭਗਤਾ ਭਾਈ:18ਮਈ2022:ਬੇਗਮਪੁਰਾ ਇੰਟਰਨੈਸ਼ਨਲ ਸੰਗੀਤ ਸੰਸਥਾ, ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਅਤੇ ਐੱਨ ਆਰ ਆਈਜ਼ ਤਰਫੋਂ ਦੋ ਅਵਾਜਾਂ ’ਚ ਗਾਉਣ ਵਾਲੀ ਬਸਪਾ ਦੀ ਮਿਸ਼ਨਰੀ ਗਾਇਕ ਬੀਬਾ ਮਨਦੀਪ ਮਨੀਂ ਮਾਲਵਾ ਨੂੰ ਅਲਟੋ ਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਜਾਣਕਾਰੀ ਦਿੰਦੇ ਗੀਤਕਾਰ ਕੇਵਲ ਬੁਰਜ ਵਾਲਾ ਨੇ ਦੱਸਿਆ ਕਿ ਇਸ ਸਬੰਧ ’ਚ ਇੱਕ ਸਮਾਗਮ ਦੌਰਾਨ 28 ਮਈ ਨੂੰ ਅਨਮੋਲ ਪੈਲਿਸ ਬੰਗਾ ਵਿਖੇ ਮਨਦੀਪ ਮਨੀ ਦਾ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਨਮਾਨ ਸਮਾਰੋਹ ਵਿੱਚ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਨਗੇ।
ਉਨ੍ਹਾਂ ਦੱਸਿਆ ਕਿ ਸੰਸਥਾ ਦੇ ਆਗੂ ਰੂਪ ਲਾਲ ਧੀਰ, ਰਾਜ ਦਦਰਾਲ, ਕਮਲ ਤੱਲ੍ਹਣ ਵਲੋਂ ਸਮਾਗਮ ਦੇ ਪ੍ਰਬੰਧਾਂ ਦੀਆਂ ਤਿਆਰੀ ਆਰੰਭ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆਂ ਇਸੇ ਸਮਾਗਮ ਦੌਰਾਨ ਵਿਧਾਇਕ ਡਾ. ਨਛੱਤਰਪਾਲ ਸਿੰਘ ਰਾਹੋਂ ਹਲਕਾ ਨਵਾਂ ਸ਼ਹਿਰ ਅਤੇ ਵਿਧਾਇਕ ਡਾ. ਸੁਖਵਿੰਦਰ ਸਿੰਘ ਸੁੱਖੀ ਹਲਕਾ ਬੰਗਾ ਦਾ ਵੀ ਸਨਮਾਨ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਬੀਬਾ ਮਨਦੀਪ ਮਨੀਂ ਮਾਲਵਾ ਲੰਮੇ ਸਮੇਂ ਬਹੁਜਨ ਸਮਾਜ ਪਾਰਟੀ ਲਈ ਦੱਬੇ ਕੁਚਲੇ ਲੋਕਾਂ ਨੂੰ ਲਾਮਬੰਦ ਕਰਨ ਵਾਸਤੇ ਮਿਸ਼ਨਰੀ ਅਤੇ ਇਨਕਲਾਬੀ ਗੀਤਾਂ ਆਮ ਲੋਕਾਂ ਵਿਚ ਆਪਣੇ ਹੱਕਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਦਾ ਯਤਨ ਕਰ ਰਹੀ ਹੈ।
ਉਹ ਬਸਪਾ ਦੇ ਸੀਨੀਅਰ ਆਗੂਆਂ ਦੀ ਵਿਸ਼ਵਾਸ਼ਪਾਤਰ ਅਤੇ ਅਤੀ ਕਰੀਬੀਆਂ ਵਿਚੋਂ ਇੱਕ ਹੈ। ਇਕੋਂ ਸਮੇਂ ਮਰਦ ਅਤੇ ਔਰਤ ਦੀ ਅਵਾਜ ਵਿਚ ਗੀਤ ਪੇਸ਼ ਕਰਨ ਸਮੇਂ ਸਰੋਤੇ ਉਸ ਦੀ ਕਲਾ ਨੂੰ ਵੇਖ ਕੇ ਦੰਗ ਰਹਿ ਜਾਦੇ ਹਨ। ਗਾਇਕਾ ਮਨਦੀਪ ਮਨੀਂ ਮਾਲਵਾ ਨੇ ਕਿਹਾ ਕਿ ਉਹ ਗਾਇਕੀ ਦੇ ਜਰੀਏ ਮੋਟਾ ਪੈਸਾ ਕਮਾ ਸਕਦੀ ਸੀ ਪ੍ਰੰਤੂ ਉਸ ਅੰਦਰ ਬਸਪਾ ਸੁਪਰੀਮੋਂ ਸਵਰਗਵਾਸੀ ਕਾਸ਼ੀ ਰਾਮ ਦਾ ਆਪਣੀ ਕੌਮ ਨੂੰ ਦੇਸ ਦੀ ਸੱਤਾ ‘ਤੇ ਬਿਠਾਉਣ ਸਬੰਧੀ ਸੁਪਨਾ ਪੂਰਾ ਕਰਵਾਉਣ ਦਾ ਜਜਬਾ ਹੈ। ਉਨ੍ਹਾਂ ਕਿਹਾ ਕਿ ਪੈਸਾ ਤਾਂ ਆਉਦਾ ਜਾਂਦਾ ਰਹਿੰਦਾ ਹੈ ਪਰ ਆਪਣੇ ਸਮਾਜ ਲਈ ਕੁੱਝ ਕਰਨਾ ਹਰੇਕ ਦੇ ਹਿੱਸੇ ਨਹੀਂ ਆਉਦਾ। ਬੀਬਾ ਮਨੀਂ ਨੇ ਕਿਹਾ ਕਿ ਉਹ ਸਮਾਜ ਵਿਚ ਜਾਗਰਤੀ ਪੈਦਾ ਕਰਨ ਵਾਲੇ ਗੀਤਾਂ ਨੂੰ ਪੇਸ਼ ਕਰਦੀ ਰਹੇਗੀ।