ਲੋਕ ਗਾਇਕ ਸੁਰਜੀਤ ਗਿੱਲ ਦਾ ਦੋਗਾਣਾ 'ਸ਼ਿਮਲਾ ਤੂਤਾਂ ਥੱਲੇ' ਰਿਲੀਜ਼ ਕੀਤਾ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 16 ਜੁਲਾਈ 2022: ਪੰਜਾਬੀ ਸੰਗੀਤ 'ਚ ਚੀਜ਼ ਸਾਂਭ ਕੇ ਰੱਖਣ ਦੀ, ਸ਼ੀਸ਼ਾ, ਦਿਲ ਕੈਸਿਟਾਂ ਨਾਲ ਪਹਿਚਾਣ ਬਣਾਉਣ ਵਾਲੇ ਗੀਤਕਾਰ/ਗਾਇਕ ਸੁਰਜੀਤ ਗਿੱਲ ਦਾ ਸਿੰਗਲ ਟਰੈਕ 'ਸ਼ਿਮਲਾ ਤੂਤਾਂ ਥੱਲੇ' ਨੂੰ ਅੱਜ ਜ਼ਿਲਾ ਭਾਸ਼ਾ ਦਫ਼ਤਰ ਵਿਖੇ ਜ਼ਿਲਾ ਭਾਸ਼ਾ ਅਫ਼ਸਰ ਫ਼ਰੀਦਕੋਟ ਸ਼੍ਰੀ ਮਨਜੀਤ ਪੁਰੀ ਨੇ ਰਿਲੀਜ਼ ਕੀਤਾ। ਇਸ ਮੌਕੇ ਉਨ੍ਹਾਂ ਨੇ ਕਿਹਾ ਗਾਇਣ ਕਲਾ ਬਹੁਤ ਜਲਦੀ ਪ੍ਰਭਾਵਿਤ ਕਰਦੀ ਹੈ। ਇਸ ਲਈ ਗੀਤਾਂ ਦੇ ਵਿਸ਼ੇ ਦੀ ਚੋਣ ਪੂਰੀ ਸੰਜੀਦਗੀ ਨਾਲ ਕਰਨੀ ਚਾਹੀਦੀ ਹੈ । ਉਨ੍ਹਾਂ ਸਮੁੱਚੀ ਟੀਮ ਨੂੰ ਵਧਾਈ ਦਿੱਤੀ । ਇਸ ਮੌਕੇ ਲੋਕ ਗਾਇਕ ਸੁਰਜੀਤ ਗਿੱਲ ਨੇ ਦੱਸਿਆ ਬੱਬੂ ਮਾਨ ਦੀ ਕੰਪਨੀ ਹੇ ਯੈਲੋ ਸਵੈੱਗ ਮਿਊਜ਼ਿਕ 'ਚ ਗੀਤ ਨੂੰ ਪੇਸ਼ਕਾਰ ਮਨੀਸ਼ ਸ਼ਰਮਾ ਵੱਲੋਂ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਗੀਤ ਨੂੰ ਮੇਰੇ ਨਾਲ ਸਹਿ-ਗਾਇਕਾ ਵਜੋਂ ਪਾਲੀ ਸਿੱਧੂ ਨੇ ਗਾਇਆ ਹੈ । ਗੀਤ ਨੂੰ ਗੀਤਕਾਰ ਗੁਰਤੇਜ ਮਚਾਕੀ ਨੇ ਲਿਖਿਆ ਹੈ । ਗੀਤ ਦਾ ਸੰਗੀਤ ਪੰਮਾ ਗੁਰੂ ਨੇ ਤਿਆਰ ਕੀਤਾ ਹੈ । ਗੀਤ ਦਾ ਵੀਡੀਓ ਪ੍ਰਸਿੱਧ ਅਦਾਕਾਰ/ਵੀਡੀਓ ਡਾਇਰੈੱਕਟਰ ਸ਼ੈਰੀ ਉੱਪਲ ਨੇ ਤਿਆਰ ਕੀਤਾ ਹੈ । ਉਨ੍ਹਾਂ ਦੱਸਿਆ ਕਿੱਟੂ ਬਾਦਸ਼ਾਹ ਨੇ ਅਦਾਕਾਰੀ ਦੇ ਜੌਹਰ ਵਿਖਾਏ ਹਨ | ਗੀਤ ਦੇ ਪ੍ਰੋਡਿਊਸਰ ਵਿਸ਼ਾਲ ਮਿੱਤਲ ਹਨ । ਉਨ੍ਹਾਂ ਦੱਸਿਆ ਮੱਧਵਰਗੀ ਕਿਸਾਨ ਦੇ ਪ੍ਰੀਵਾਰ ਦੀ ਕਹਾਣੀ ਨੂੰ ਬਿਆਨ ਕਰਦੇ ਦੋਗਾਣੇ ਨੂੰ ਉਮੀਦ ਹੈ ਸਰੋਤਿਆਂ ਦਾ ਰੱਜਵਾਂ ਪਿਆਰ ਮਿਲੇਗਾ । ਇਸ ਮੌਕੇ ਅੰਤਰ ਰਾਸ਼ਟਰੀ ਭੰਗੜਾ ਕੋਚ ਗੁਰਚਰਨ ਸਿੰਘ, ਜ਼ਿਲਾ ਖੋਜ਼ ਅਫ਼ਸਰ ਕੰਵਰਜੀਤ ਸਿੰਘ ਸਿੱਧੂ, ਮੰਚ ਸੰਚਾਲਕ ਜਸਬੀਰ ਸਿੰਘ ਜੱਸੀ, ਡਾ.ਸ਼ਵਿੰਦਰ ਨਵੀਂ ਦਿੱਲੀ ਅਤੇ ਡਾਇਰੈੱਕਟਰ ਸ਼ੈਰੀ ਉੱਪਲ ਨੇ ਲੋਕ ਗਾਇਕ ਸੁਰਜੀਤ ਗਿੱਲ ਨੂੰ ਸੱਭਿਆਚਰਕ ਦੋਗਾਣਾ ਰਿਲੀਜ਼ ਕਰਨ ਤੇ ਵਧਾਈ ਦਿੱਤੀ ।