ਪੰਜਾਬੀ ਯੂਨੀਵਰਸਿਟੀ ਵਿੱਚ ਵਾਰਿਸ ਸ਼ਾਹ ਦੀ ਤੀਜੀ ਜਨਮ ਸ਼ਤਾਬਦੀ ਦਾ ਜਸ਼ਨ
ਜੀ ਐਸ ਪੰਨੂ
ਪਟਿਆਲਾ,23ਨਵੰਬਰ 2022: ਪੰਜਾਬੀ ਯੂਨੀਵਰਸਿਟੀ ਵਿੱਚ ਵਾਰਿਸ ਸ਼ਾਹ ਦੀ ਤੀਜੀ ਜਨਮ ਸ਼ਤਾਬਦੀ ਜਸ਼ਨ ਦੇ ਦੂਜੇ ਦਿਨ ਅੰਤਰਰਾਸ਼ਟਰੀ ਕਾਨਫ਼ਰੰਸ, ਚਿੱਤਰਕਾਰੀ ਦੀ ਨੁਮਾਇਸ਼, ਪੁਸਤਕ ਮੇਲੇ ਅਤੇ ਨਾਟਕ ਨੇ ਆਪਣੇ ਰੰਗ ਦਿਖਾਏ। ਅਕਾਦਮਿਕ ਸੈਸ਼ਨਾਂ ਦੀ ਸਮਾਪਤੀ ਪੁਸਤਕ ਮੇਲੇ ਦੇ ਪੰਡਾਲ ਵਿੱਚੋਂ ਹੋਈ ਜਿੱਥੇ ਡਾ.ਸੁਮੇਲ ਸਿੰਘ ਸਿੱਧੁ ਨੇ ਵਿਦਾਇਗੀ ਭਾਸ਼ਣ ਦਿੱਤਾ ਅਤੇ ਕੰਵਰ ਰਗੇਵਾਲ ਨੇ ਸਰੋਤਿਆਂ ਨੂੰ ਮੁਖਾਤਿਬ ਹੁੰਦੇ ਹੋਏ ਕੁੱਝ ਗੱਲਾਂ ਦੇ ਨਾਲ—ਨਾਲ ਗੀਤ ਵੀ ਸੁਣਾਏ।
ਦਵਿੰਦਰ ਦਮਨ ਦੇ ਲਿਖੇ ਅਤੇ ਨਿਰਦੇਸ਼ਤ ਕੀਤੇ ਨਾਟਕ ਦੀ ਚਰਚਾ ਲਗਾਤਾਰ ਹੁੰਦੀ ਰਹੀ। ‘ਵਾਰਿਸ ਸ਼ਾਹ, ਸੁਖਨ ਦਾ ਵਾਰਿਸ’ ਵਿੱਚ ਵਾਰਿਸ ਸ਼ਾਹ ਅਤੇ ਹੀਰ ਰਾਂਝੇ ਦੀ ਕਹਾਣੀ ਨਿਵੇਕਲੇ ਅੰਦਾਜ਼ ਵਿੱਚ ਤਿੰਨ ਸਦੀਆਂ ਦੇ ਸਫ਼ਰ ਨੂੰ ਸਵਾਲਾਂ ਅਤੇ ਸਮਾਜਿਕ ਮਸਲਿਆਂ ਦੇ ਹਵਾਲੇ ਨਾਲ ਤੈਅ ਕਰਦੀ ਹੈ। ਇਸ ਕਹਾਣੀ ਦਾ ਦਿਲਚਸਪ ਪੱਖ ਪੰਜਾਬ ਦੇ ਤਿੰਨ ਵੱਡੇ ਲੇਖਕਾਂ ਦੇ ਕਾਲ ਮੁਕਤ ਸੰਵਾਦ ਹੈ। ਇਸ ਸੰਵਾਦ ਵਿੱਚ ਹੀਰ ਰਾਂਝੇ ਦਾ ਕਿੱਸਾ ਲਿਖਣ ਵਾਲੇ ਦਮੋਦਰ ਅਤੇ ਬਾਅਦ ਵਿੱਚ ਇਸ ਕਿੱਸੇ ਨੂੰ ਨਵੇਂ ਸਿਰੇ ਤੋਂ ਲਿਖ ਕੇ ਮਕਬੂਲ ਹੋਣ ਵਾਲੇ ਵਾਰਿਸ ਸ਼ਾਹ ਅਤੇ 1947 ਦੀ ਵੰਡ ਦੌਰਾਨ ਹੋਏ ਕਤਲੇਆਮ ਨੂੰ ਦੇਖਕੇ ਵਾਰਿਸ ਸ਼ਾਹ ਨੂੰ ਅਵਾਜ਼ਾਂ ਮਾਰਨ ਵਾਲੀ ਅੰਮ੍ਰਿਤਾ ਪ੍ਰੀਤਮ ਇੱਕ—ਦੂਜੇ ਨਾਲ ਸੰਵਾਦ ਰਚਾਉਂਦੇ ਹਨ।
ਇਸ ਸੰਵਾਦ ਵਿੱਚ ਉਨ੍ਹਾਂ ਦੀਆਂ ਆਪਣੀਆਂ ਜ਼ਿੰਦਗੀਆਂ ਅਤੇ ਆਪਣੇ—ਆਪਣੇ ਦੌਰ ਦੀਆਂ ਕਹਾਣੀਆਂ ਰਲਗਡ ਹੁੰਦੀਆਂ ਹਨ। ਇਨ੍ਹਾਂ ਕਹਾਣੀਆਂ ਵਿੱਚ ਹੀਰ, ਰਾਂਝਾ, ਬਾਲਨਾਥ, ਕਾਜ਼ੀ ਅਤੇ ਹੋਰ ਕਿਰਦਾਰ ਆਪਣੀ—ਆਪਣੀ ਭੂਮਿਕਾ ਨਿਭਾਉਂਦੇ ਹਨ। ਇਹ ਆਪਣੇ—ਆਪਣੇ ਸਮਿਆਂ ਵਿੱਚੋਂ ਆਪਣੇ—ਆਪਣੇ ਤਜ਼ਰਬੇ ਨਾਲ ਸਮਕਾਲੀ ਦੌਰ ਵਿੱਚ ਹੀਰ ਰਾਂਝੇ ਦੇ ਮਾਅਨਿਆਂ ਅਤੇ ਇਨ੍ਹਾਂ ਦੀ ਹੋਂਦ ਨਾਲ ਜੁੜੇ ਮਸਲਿਆਂ ਉੱਤੇ ਵਿਚਾਰ ਕਰਦੇ ਹਨ।
ਇਸ ਨਾਟਕ ਨੂੰ ਥੀਏਟਰ ਅਤੇ ਟੈਲੀਵੀਜ਼ਨ ਵਿਭਾਗ ਅਤੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਦਵਿੰਦਰ ਦਮਨ ਦੀ ਨਿਰਦੇਸ਼ਨਾ ਵਿੱਚ ਖੇਡਿਆ।