22 ਸਾਲਾਂ ਬਾਅਦ ਆ ਰਹੀ ਸੰਨੀ ਦਿਓਲ ਦੀ ਫਿਲਮ ਗਦਰ 2 ਦੇ ਐਕਸ਼ਨ ਸੀਨ ਕੀ ਹਨ, ਜੋ ਮਚਾ ਦੇਣਗੇ ਹੰਗਾਮਾ
- ਗਦਰ-2 ਪਹਿਲੀ ਭਾਰਤੀ ਫਿਲਮ ਹੋਵੇਗੀ, ਜਿਸ ਵਿਚ ਇਕ ਬੱਚਾ ਆਪਣੀ ਕਿਸ਼ੋਰ ਦੀ ਭੂਮਿਕਾ ਨਿਭਾਉਣ ਲਈ ਪਰਦੇ 'ਤੇ ਵਾਪਸ ਆਵੇਗਾ
- ਗਦਰ 2 ਦੀ ਅਸਲ ਕਹਾਣੀ ਅਜੇ ਵੀ ਸਸਪੈਂਸ ਦੇ ਘੇਰੇ ਵਿਚ, ਮੁਗਲੇ ਆਜਮ ਤੋਂ ਪ੍ਰਭਾਵਿਤ ਲੱਗ ਰਿਹਾ ਹੈ ਫਿਲਮ ਦਾ ਕਲਾਈਮੈਕਸ ਸੀਨ
ਦੀਪਕ ਗਰਗ
ਕੋਟਕਪੂਰਾ / ਮੁੰਬਈ : 4 ਦਸੰਬਰ 2022 - ਸੰਨੀ ਦਿਓਲ ਦੀ ਫਿਲਮ ਗਦਰ 2 ਨੂੰ ਲੈ ਕੇ ਇਕ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਹੈ। ਫਿਲਮ ਦੇ ਨਿਰਦੇਸ਼ਕ ਅਨਿਲ ਸ਼ਰਮਾ ਦੇ ਬੇਟੇ ਉਤਕਰਸ਼ ਸ਼ਰਮਾ ਨੇ ਫਿਲਮ ਦੇ ਐਕਸ਼ਨ ਸੀਨ ਬਾਰੇ ਖੁਲਾਸਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ 2023 ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
2001 ਵਿੱਚ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਸਟਾਰਰ ਫਿਲਮ ਗਦਰ: ਏਕ ਪ੍ਰੇਮ ਕਥਾ ਦਾ ਸੀਕਵਲ ਆ ਰਿਹਾ ਹੈ। 22 ਸਾਲਾਂ ਬਾਅਦ ਨਿਰਦੇਸ਼ਕ ਅਨਿਲ ਸ਼ਰਮਾ ਫਿਲਮ ਗਦਰ 2 ਦਾ ਦੂਜਾ ਭਾਗ ਲੈ ਕੇ ਆ ਰਹੇ ਹਨ, ਜੋ ਇਸ ਸਾਲ ਨਹੀਂ ਸਗੋਂ 2023 ਵਿੱਚ ਰਿਲੀਜ਼ ਹੋਵੇਗੀ। ਇਸ ਦੌਰਾਨ ਗਦਰ 2 ਦੇ ਸੀਕਵੈਂਸ ਨੂੰ ਲੈ ਕੇ ਇਕ ਕੂਲ ਜਾਣਕਾਰੀ ਸਾਹਮਣੇ ਆ ਰਹੀ ਹੈ। ਨਿਰਦੇਸ਼ਕ ਦੇ ਬੇਟੇ ਉਤਕਰਸ਼ ਸ਼ਰਮਾ ਨੇ ਹਾਲ ਹੀ 'ਚ ਫਿਲਮ ਨਾਲ ਜੁੜੀ ਅਜਿਹੀ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਨੂੰ ਸੁਣ ਕੇ ਕੋਈ ਵੀ ਹੈਰਾਨ ਰਹਿ ਸਕਦਾ ਹੈ। ਉਨ੍ਹਾਂ ਨੇ ਗਦਰ 2 ਦੇ ਐਕਸ਼ਨ ਸੀਨ ਬਾਰੇ ਦੱਸਿਆ ਕਿ ਫਿਲਮ ਵਿੱਚ ਅਜਿਹੇ ਸੀਨ ਹਨ ਜੋ ਪਹਿਲਾਂ ਕਿਸੇ ਨੇ ਨਹੀਂ ਦੇਖੇ ਹੋਣਗੇ।
ਉਤਕਰਸ਼ ਸ਼ਰਮਾ ਨੇ ਵਿਸ਼ੇਸ਼ ਜਾਣਕਾਰੀ ਦਿੱਤੀ
ਉਤਕਰਸ਼ ਸ਼ਰਮਾ ਨੇ ਹਾਲ ਹੀ 'ਚ ਗਦਰ 2 ਨੂੰ ਲੈ ਕੇ ਕੁਝ ਨਵੇਂ ਖੁਲਾਸੇ ਕੀਤੇ ਹਨ। ਉਤਕਰਸ਼ ਸ਼ਰਮਾ ਨੇ ਫਿਲਮ ਦੇ ਐਕਸ਼ਨ ਸੀਨ ਲਈ ਟ੍ਰੇਨਿੰਗ ਬਾਰੇ ਮੀਡਿਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 'ਗਦਰ ਏਕ ਪ੍ਰੇਮਕਥਾ ' ਨੂੰ ਅਜੇ ਤੱਕ ਇਸ ਦੇ ਸ਼ਾਨਦਾਰ ਪ੍ਰਦਰਸ਼ਨ, ਸ਼ਾਨਦਾਰ ਸੰਵਾਦਾਂ ਅਤੇ ਦਿਲ ਨੂੰ ਛੂਹ ਲੈਣ ਵਾਲੇ ਸੰਗੀਤ ਲਈ ਪਛਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ਦੇ ਐਕਸ਼ਨ ਸੀਨਜ਼ ਅੱਜ ਵੀ ਮਨ ਵਿੱਚ ਦਹਿਸ਼ਤ ਪੈਦਾ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ 'ਗਦਰ 2' 'ਚ ਵੀ ਅਜਿਹੇ ਐਕਸ਼ਨ ਸੀਨ ਹੋਣਗੇ। ਜਿਸ ਨੂੰ ਲੋਕਾਂ ਨੇ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ। ਉਨ੍ਹਾਂ ਨੇ ਦੱਸਿਆ- ਇਸਦੀ ਤਿਆਰੀ ਲਈ ਸਾਊਥ ਫਿਲਮ ਇੰਡਸਟਰੀ ਦੇ ਐਕਸ਼ਨ ਕੋਰੀਓਗ੍ਰਾਫਰਾਂ ਨੇ ਮੈਨੂੰ ਇਕ ਮਹੀਨੇ ਦੀ ਟ੍ਰੇਨਿੰਗ ਦਿੱਤੀ। ਮੈਂ ਹਰ ਸੀਨ ਨੂੰ ਸੰਪੂਰਨ ਬਣਾਉਣ ਲਈ ਇੱਕ ਮਹੀਨੇ ਲਈ ਪਾਰਕੌਰ ਸਿੱਖਿਆ। ਇਸ ਤਰ੍ਹਾਂ ਦੀ ਟ੍ਰੇਨਿੰਗ ਲੈਣਾ ਮੇਰੇ ਲਈ ਬਹੁਤ ਮਜ਼ੇਦਾਰ ਹੋਵੇਗਾ।
ਉਤਕਰਸ਼ ਸ਼ਰਮਾ ਨੇ 'ਗਦਰ 2' 'ਚ ਸੰਨੀ ਦਿਓਲ ਨਾਲ ਕੰਮ ਕਰਨ ਦਾ ਤਜਰਬਾ ਵੀ ਸਾਂਝਾ ਕੀਤਾ। ਉਨ੍ਹਾਂ ਦੱਸਿਆ- ਸੰਨੀ ਸਰ ਆਪਣੇ ਆਪ ਵਿੱਚ ਇੱਕ ਸੰਸਥਾ ਹੈ। ਉਹ ਆਪਣੀ ਪ੍ਰਤਿਭਾ, ਸਮਰਪਣ ਅਤੇ ਅਨੁਸ਼ਾਸਨ ਨਾਲ ਇੱਕ ਸ਼ਾਨਦਾਰ ਇਨਸਾਨ ਹੈ। ਉਸਨੇ ਅੱਗੇ ਕਿਹਾ- ਇੱਕ ਬਾਲ ਕਲਾਕਾਰ ਦੇ ਰੂਪ ਵਿੱਚ ਉਨ੍ਹਾਂ ਦੇ ਨਾਲ ਸਕ੍ਰੀਨ ਸਪੇਸ ਸ਼ੇਅਰ ਕਰਨ ਤੋਂ ਲੈ ਕੇ ਹੁਣ ਉਨ੍ਹਾਂ ਦੇ ਨਾਲ ਕੰਮ ਕਰਨ ਤੱਕ, ਮੈਂ ਕਹਿ ਸਕਦਾ ਹਾਂ ਕਿ ਉਹ ਅਜੇ ਵੀ ਉਹੀ, ਸਹਿਯੋਗੀ ਅਤੇ ਦੇਖਭਾਲ ਕਰਨ ਵਾਲੇ ਹਨ। ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਸੰਨੀ ਸਰ ਨਾਲ ਪੁਰਾਣੇ ਦਿਨਾਂ ਨੂੰ ਤਾਜ਼ਾ ਕਰਨ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਨਾਲ ਕੰਮ ਕਰਨ ਦੀਆਂ ਯਾਦਾਂ ਹਮੇਸ਼ਾ ਮੇਰੇ ਨਾਲ ਰਹਿਣਗੀਆਂ।
ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ 15 ਅਗਸਤ 2023 ਨੂੰ ਰਿਲੀਜ਼ ਹੋਵੇਗੀ।
ਕੀ ਹੈ 'ਗਦਰ-2' ਦੀ ਕਹਾਣੀ?
ਨਿਰਦੇਸ਼ਕ ਅਨਿਲ ਸ਼ਰਮਾ ਕਾਫੀ ਸਮੇਂ ਤੋਂ ਇਸ ਫਿਲਮ ਦੀ ਕਹਾਣੀ ਅਤੇ ਸਕ੍ਰਿਪਟ 'ਤੇ ਕੰਮ ਕਰ ਰਹੇ ਸਨ। ਉਨ੍ਹਾਂ ਦੇ ਲੇਖਕਾਂ ਦੀ ਟੀਮ ਇਹ ਸੋਚਣ ਵਿੱਚ ਰੁੱਝੀ ਹੋਈ ਸੀ ਕਿ ਸੀਕਵਲ ਵਿੱਚ ਹੀਰੋ ਕੀ ਕਰੇਗਾ। ਇਕ ਰਿਪੋਰਟ ਮੁਤਾਬਕ, ਸਕਰੀਨਪਲੇ ਨੂੰ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਪੂਰਾ ਕੀਤਾ ਗਿਆ ਹੈ। ਅਤੇ 'ਗਦਰ: ਏਕ ਪ੍ਰੇਮ ਕਥਾ' ਵਾਂਗ ਹੀ ਇਹ ਸੀਕਵਲ ਵੀ ਭਾਰਤ-ਪਾਕਿਸਤਾਨ ਟਕਰਾਅ ਦੀ ਗੱਲ ਕਰੇਗਾ ਅਤੇ ਹੀਰੋ ਸੰਨੀ ਦਿਓਲ ਇਸ 'ਦੁਸ਼ਮਣ ਦੇਸ਼' ਨੂੰ ਹਿਲਾ ਕੇ ਰੱਖ ਦੇਵੇਗਾ।
ਕਲਾਈਮੈਕਸ ਦੀ ਸ਼ੂਟਿੰਗ ਲਖਨਊ ਦੇ ਲਾ ਮਾਰਟੀਨੀਅਰ ਕਾਲਜ 'ਚ ਹੋਈ ਸੀ, ਮੀਡਿਆ ਰਿਪੋਰਟਾਂ ਮੁਤਾਬਿਕ ਇਥੇ ਫਿਲਮਾਏ ਗਏ ਸੀਨ 'ਚ ਸੰਨੀ ਦਿਓਲ ਦਾ ਬੇਟਾ ਜੀਤਾ ਯਾਨੀ ਉਤਕਰਸ਼ ਸ਼ਰਮਾ ਇਕ ਮਿਸ਼ਨ ਤੇ ਪਾਕਿਸਤਾਨ ਗਿਆ ਹੈ। ਪਰ ਉਥੇ ਉਸਨੂੰ ਪਾਕਿਸਤਾਨੀ ਫੌਜ ਨੇ ਫੜ ਲਿਆ।
ਇਸ ਤੋਂ ਬਾਅਦ ਉਸਨੂੰ ਜੀਉਂਦਿਆਂ ਹੀ ਮਾਰਨ ਲਈ ਤੋਪ ਦੇ ਮੂੰਹ ਨਾਲ ਬੰਨ੍ਹ ਦਿੱਤਾ ਜਾਂਦਾ ਹੈ। ਭਾਰਤੀ ਵਿਅਕਤੀ ਭਾਵ ਜੀਤੇ ਦੀ ਮੌਤ ਦੀ ਸਜ਼ਾ ਨੂੰ ਦੇਖਣ ਲਈ ਉੱਥੇ ਭਾਰੀ ਭੀੜ ਇਕੱਠੀ ਹੁੰਦੀ ਹੈ। ਇਸ ਦੌਰਾਨ ਕੋਈ ਕਹਿੰਦਾ ਹੈ ਕਿ ਜੀਤੇ ਦੀ ਆਖਰੀ ਇੱਛਾ ਪੂਰੀ ਹੋਣੀ ਚਾਹੀਦੀ ਹੈ। ਇਸ 'ਤੇ ਜੀਤੇ ਦਾ ਕਹਿਣਾ ਹੈ ਕਿ ਉਹ ਆਪਣੇ ਪਿਤਾ (ਤਾਰਾ ਸਿੰਘ) ਨੂੰ ਇਕ ਵਾਰ ਮਿਲਣਾ ਚਾਹੁੰਦਾ ਹੈ।
ਇਸ ਤੋਂ ਬਾਅਦ ਸ਼ੂਟਿੰਗ ਵਿੱਚ ਤਾਰਾ ਸਿੰਘ ਯਾਨੀ ਸੰਨੀ ਦਿਓਲ ਦੀ ਐਂਟਰੀ ਹੁੰਦੀ ਹੈ। ਕਿਵੇਂ ਸੰਨੀ ਦਿਓਲ ਆਪਣੇ ਬੇਟੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਪਾਕਿਸਤਾਨੀ ਫੌਜ ਨਾਲ ਲੜਦੇ ਹਨ, ਉਹੀ ਸੀਨ ਇੱਥੇ ਸ਼ੂਟ ਕੀਤਾ ਗਿਆ।
ਅਮਰੀਸ਼ ਪੁਰੀ ਦੀ ਥਾਂ ਕੌਣ ਲਵੇਗਾ?
ਗਦਰ ਏਕ ਪ੍ਰੇਮ ਕਥਾ ਚ' ਸੰਨੀ, ਅਮੀਸ਼ਾ ਦੇ ਮੁੱਖ ਕਿਰਦਾਰਾਂ ਤੋਂ ਇਲਾਵਾ ਫਿਲਮ ਦਾ ਤੀਜਾ ਮੁੱਖ ਕਿਰਦਾਰ ਅਸ਼ਰਫ ਅਲੀ ਸੀ। ਜਿਸ ਨੂੰ ਅਨੁਭਵੀ ਐਕਟਰ ਅਮਰੀਸ਼ ਪੁਰੀ ਨੇ ਨਿਭਾਇਆ ਸੀ। ਅਮਰੀਸ਼ ਅਤੇ ਸੰਨੀ ਦੇ ਸੰਵਾਦ ਅੱਜ ਵੀ ਫਿਲਮ ਦੀ ਖਾਸੀਅਤ ਹਨ। ਜਿਵੇਂ ਕਿ ਹੈਂਡਪੰਪ ਨੂੰ ਉਖਾੜਨ ਵਾਲੇ ਸੀਨ ਵਿੱਚ ਸਨੀ ਤਿੰਨ ਵਾਰ ਅਸ਼ਰਫ ਅਲੀ ਦਾ ਨਾਮ ਨਾਮ ਲੈਕੇ ਚਿਲਾਉਂਦੇ ਹਨ। ਦੱਸ ਦੇਈਏ ਕਿ ਹੁਣ ਗਦਰ 2 ਲਈ ਮਨੀਸ਼ ਵਾਧਵਾ ਪਾਕਿਸਤਾਨੀ ਫੌਜ ਦੇ ਜਨਰਲ ਦੀ ਭੂਮਿਕਾ ਨਿਭਾਅ ਰਹੇ ਹਨ।
ਅਮੀਸ਼ਾ ਇਕ ਬਾਰ ਫੇਰ ਤੋਂ ਬਣੇਗੀ ਸਕੀਨਾ
ਅਮੀਸ਼ਾ ਪਟੇਲ 'ਗਦਰ 2' 'ਚ ਇਕ ਵਾਰ ਫਿਰ ਸਕੀਨਾ ਦਾ ਕਿਰਦਾਰ ਨਿਭਾਅ ਰਹੀ ਹੈ। ਪੀਰੀਅਡ ਡਰਾਮਾ ਫਿਲਮ ਗਦਰ ਜ਼ੀ ਸਟੂਡੀਓਜ਼ ਅਤੇ ਅਨਿਲ ਸ਼ਰਮਾ ਦੁਆਰਾ ਸਾਂਝੇ ਤੌਰ 'ਤੇ ਬਣਾਈ ਜਾ ਰਹੀ ਹੈ। ਕਹਾਣੀ ਸ਼ਕਤੀਮਾਨ ਦੁਆਰਾ ਲਿਖੀ ਗਈ ਹੈ, ਜਦੋਂ ਕਿ ਸੰਗੀਤ ਮਿਥੁਨ ਦੁਆਰਾ ਤਿਆਰ ਕੀਤਾ ਜਾਵੇਗਾ। ਵੈਸੇ, ਇਹ ਫਿਲਮ ਅਮੀਸ਼ਾ ਪਟੇਲ ਦੇ ਡੁੱਬਦੇ ਕਰੀਅਰ ਲਈ ਵਰਦਾਨ ਸਾਬਤ ਹੋ ਸਕਦੀ ਹੈ, ਜੋ ਲੰਬੇ ਸਮੇਂ ਤੋਂ ਫਿਲਮਾਂ ਵਿੱਚ ਨਜ਼ਰ ਨਹੀਂ ਆ ਰਹੀ ਹੈ।
'ਗਦਰ 2' ਦੀ ਬਾਕੀ ਕਹਾਣੀ ਤਾਂ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗੀ। ਫਿਲਮ ਦਾ ਕਲਾਈਮੈਕਸ ਮੁਗਲੇ ਆਜਮ ਤੋਂ ਪ੍ਰਭਾਵਿਤ ਲੱਗ ਰਿਹਾ ਹੈ।
ਕੌਣ ਹੋਵੇਗਾ ਹੀਰੋ - ਤਾਰਾ ਜਾਂ ਜੀਤਾ ?
ਜਿਕਰ ਯੋਗ ਹੈ ਕਿ ਗਦਰ: ਏਕ ਪ੍ਰੇਮ ਕਥਾ ਵਿੱਚ ਪਿਆਰੇ ਬੱਚੇ ਜੀਤੇ ਦੀ ਭੂਮਿਕਾ ਅਨਿਲ ਸ਼ਰਮਾ ਦੇ ਬੇਟੇ ਉਤਕਰਸ਼ ਸ਼ਰਮਾ ਨੇ ਨਿਭਾਈ ਸੀ। ਸੀਕਵਲ 'ਚ ਵੀ ਉਹ ਫਿਰ ਤੋਂ ਨਜ਼ਰ ਆਵੇਗਾ। ਅਨਿਲ ਸ਼ਰਮਾ ਦਾ ਕਹਿਣਾ ਹੈ ਕਿ ਗਦਰ-2 ਪਹਿਲੀ ਭਾਰਤੀ ਫਿਲਮ ਹੋਵੇਗੀ, ਜਿਸ ਵਿਚ ਇਕ ਬੱਚਾ ਆਪਣੀ ਕਿਸ਼ੋਰ ਦੀ ਭੂਮਿਕਾ ਨਿਭਾਉਣ ਲਈ ਪਰਦੇ 'ਤੇ ਵਾਪਸ ਆਵੇਗਾ। ਸੀਕਵਲ ਵਿੱਚ ਜੀਤਾ ਵੱਡਾ ਹੋ ਗਿਆ ਹੈ। ਇਸ ਭੂਮਿਕਾ ਨੂੰ ਨਿਭਾਉਣ ਵਾਲੇ ਉਤਕਰਸ਼ ਨੇ 'ਜੀਨੀਅਸ' ਨਾਲ ਹੀਰੋ ਵਜੋਂ ਆਪਣੀ ਸ਼ੁਰੂਆਤ ਕੀਤੀ ਸੀ। ਇਹ ਫਿਲਮ ਬਾਕਸ ਆਫਿਸ 'ਤੇ ਖਾਸ ਕਮਾਲ ਨਹੀਂ ਕਰ ਸਕੀ। ਨਾ ਹੀ ਆਲੋਚਕਾਂ ਨੇ ਉਸ ਦੇ ਕੰਮ ਨੂੰ ਕਮਾਲ ਦਾ ਵਰਣਨ ਕੀਤਾ। ਹੁਣ ਸਵਾਲ ਇਹ ਹੈ ਕਿ ਗਦਰ-2 ਦਾ ਹੀਰੋ ਕੌਣ ਹੈ? ਸੰਨੀ ਜਾਂ ਉਤਕਰਸ਼? ਫਿਲਮ ਦੇ ਮੁਹੂਰਤ ਲਾਂਚ ਈਵੈਂਟ 'ਚ ਸਭ ਦੀਆਂ ਨਜ਼ਰਾਂ ਸੰਨੀ ਦਿਓਲ 'ਤੇ ਟਿਕੀਆਂ ਹੋਈਆਂ ਸਨ। ਉੱਥੇ ਉਹ ਹੀਰੋ ਦੇ ਰੂਪ 'ਚ ਨਜ਼ਰ ਆਏ। ਇਸ ਤਰ੍ਹਾਂ ਉਨ੍ਹਾਂ ਨੂੰ ਪੇਸ਼ ਕੀਤਾ ਗਿਆ ਅਤੇ ਇਹ ਕਲਪਨਾ ਕਰਨਾ ਵੀ ਮੁਸ਼ਕਲ ਹੈ ਕਿ ਉਤਕਰਸ਼ ਸ਼ਰਮਾ ( ਜੀਤੇ ) ਨੇ ਬਗਾਵਤ ਕੀਤੀ। ਜੇਕਰ ਜੀਤੇ ਨੂੰ ਹੀਰੋ ਲੈਕੇ ਗਦਰ ਬਣੀ ਤਾਂ ਅਨਿਲ ਦੇ ਬੇਟੇ ਦੇ ਕਰੀਅਰ ਨੂੰ ਫਾਇਦਾ ਹੋ ਸਕਦਾ ਹੈ, ਪਰ ਇਹ ਫਿਲਮ ਸ਼ਾਇਦ ਇੰਨੀ ਨਾ ਚੱਲੇ। ਇਸ ਲਈ ਹੁਣ ਸਾਰੀਆਂ ਦਲੀਲਾਂ ਇਹ ਕਹਿ ਰਹੀਆਂ ਹਨ ਕਿ ਸਨੀ ਹੀਰੋ ਹੈ। ਉਹ ਜਾਂ ਤਾਂ ਉਹ ਜੀਤੇ ਨੂੰ ਬਚਾ ਲੈਣਗੇ ਜਾਂ ਉਸ ਨਾਲ ਮਿਲ ਕੇ ਕੁਝ ਕਰਨਗੇ। ਕੁੱਲ ਮਿਲਾ ਕੇ ਇਹ ਫਿਲਮ ਸੰਨੀ ਦਿਓਲ ਦੇ ਮੋਢਿਆਂ 'ਤੇ ਟਿਕੀ ਹੋਈ ਹੈ।
ਦਰਮਿਆਨ ਸਿੰਘ ਬਿਨਾਂ ਅਧੂਰੀ ਅਧੂਰੀ ਲੱਗੇਗੀ ਫਿ਼ਲਮ ਗਦਰ -2
ਵਿਵੇਕ ਸ਼ੌਕ ਸਾਲ 2001 ਵਿੱਚ ਰਿਲੀਜ਼ ਹੋਈ ਹਿੰਦੀ ਫਿਲਮ ਗਦਰ ਏਕ ਪ੍ਰੇਮ ਕਥਾ ਵਿੱਚ ਦਰਮਿਯਾਨ ਸਿੰਘ ਦੀ ਭੂਮਿਕਾ ਵਿੱਚ ਨਜ਼ਰ ਆਏ ਸੀ। ਉਨ੍ਹਾਂ ਨੇ ਦਰਮਿਆਨ ਸਿੰਘ ਦੇ ਕਿਰਦਾਰ ਨੂੰ ਇੰਨੀ ਖੂਬਸੂਰਤੀ ਨਾਲ ਨਿਭਾਇਆ ਕਿ ਉਹ ਫਿਲਮ ਦੇ ਸਭ ਤੋਂ ਪਿਆਰੇ ਕਿਰਦਾਰਾਂ ਵਿੱਚੋਂ ਇੱਕ ਬਣ ਗਿਆ।
ਫਿਲਮ ‘ਚ ਉਹ ਤਾਰਾ ਸਿੰਘ ਯਾਨੀ ਸੰਨੀ ਦਿਓਲ ਦੇ ਸਹਾਇਕ ਅਤੇ ਚੰਗੇ ਦੋਸਤ ਬਣੇ ਸਨ। ਦਰਮਿਆਨ ਸਿੰਘ ਤਾਰਾ ਸਿੰਘ ਦਾ ਅਜਿਹਾ ਵਫ਼ਾਦਾਰ ਦੋਸਤ ਹੈ ਕਿ ਉਹ ਤਾਰਾ ਸਿੰਘ ਦੀ ਪਤਨੀ ਅਤੇ ਬੱਚੇ ਨੂੰ ਆਪਣੀ ਜਾਨ ਦੀ ਕੀਮਤ ‘ਤੇ ਪਾਕਿਸਤਾਨ ਤੋਂ ਵਾਪਸ ਲਿਆਉਣ ਲਈ ਤਾਰਾ ਸਿੰਘ ਨਾਲ ਜਾਂਦਾ ਹੈ।
ਹੁਣ ਜਦੋਂ 2022 ਵਿੱਚ ਗਦਰ ਏਕ ਪ੍ਰੇਮਕਥਾ ਦਾ ਸੀਕਵਲ ਬਣ ਰਿਹਾ ਹੈ ਤਾਂ ਫਿਲਮ ਦੀ ਸਭ ਤੋਂ ਵੱਡੀ ਕੰਮੀ ਦਰਮਿਆਨ ਸਿੰਘ ਯਾਨਿ ਵਿਵੇਕ ਸ਼ੌਕ ਰਹੇਗੀ। ਜੋ ਤਾਰਾ ਸਿੰਘ ਨਾਲ ਜੀਤੇ ਯਾਨਿ ਉਤਕਰਸ਼ ਸ਼ਰਮਾਂ ਦੀ ਮਦਦ ਕਰਨ ਪਾਕਿਸਤਾਨ ਨਹੀਂ ਜਾ ਸਕੇ।
ਬੂਟਾ ਸਿੰਘ ਅਤੇ ਜ਼ੈਨਬ ਦੀ ਅਸਲ ਪ੍ਰੇਮ ਕਹਾਣੀ ਤੋਂ ਪ੍ਰੇਰਿਤ ਸੀ ਗਦਰ ਏਕ ਪ੍ਰੇਮ ਕਥਾ
'ਗਦਰ ਏਕ ਪ੍ਰੇਮ ਕਥਾ' ਇਕ ਸੱਚੀ ਕਹਾਣੀ 'ਤੇ ਆਧਾਰਿਤ ਫਿਲਮ ਸੀ। ਇਸ ਫਿਲਮ ਵਿੱਚ ਦੂਜੇ ਵਿਸ਼ਵ ਯੁੱਧ ਦੌਰਾਨ ਬਰਮਾ (ਮਿਆਂਮਾਰ) ਵਿੱਚ ਬ੍ਰਿਟਿਸ਼ ਫੌਜ ਵਿੱਚ ਸੇਵਾ ਨਿਭਾਉਣ ਵਾਲੇ ਫੌਜੀ ਬੂਟਾ ਸਿੰਘ ਦੀ ਪ੍ਰੇਮ ਕਹਾਣੀ ਨੂੰ ਦਿਖਾਇਆ ਗਿਆ ਹੈ। ਹਾਲਾਂਕਿ ਫਿਲਮ ਨਿਰਮਾਤਾ ਨੇ ਆਪਣੇ ਹਿਸਾਬ ਨਾਲ ਫਿਲਮ 'ਚ ਕੁਝ ਬਦਲਾਅ ਵੀ ਕੀਤੇ ਸਨ। ਅਸਲ ਕਹਾਣੀ ਵਿੱਚ ਬੂਟਾ ਸਿੰਘ ਸਿੰਘ ਦੀ ਪ੍ਰੇਮਿਕਾ ਦੀ ਮੌਤ ਹੋ ਜਾਂਦੀ ਹੈ, ਪਰ ਫ਼ਿਲਮ ਵਿੱਚ ਇਹ ਨਹੀਂ ਦਿਖਾਇਆ ਗਿਆ।
ਹਾਲਾਂਕਿ ਫੌਜੀ ਬੂਟਾ ਸਿੰਘ ਦੀ ਵਿਸ਼ਵ ਪ੍ਰਸਿੱਧ ਪ੍ਰੇਮ ਕਹਾਣੀ ਤੇ ਪਹਿਲੀ ਬਾਰ ਪੰਜਾਬੀ ਫਿਲਮ ਪਟੋਲਾ ਦੇ ਇਕ ਨਿਰਮਾਤਾ ਜੇ ਪੀ ਪਰਦੇਸੀ ਨੇ 90 ਦੇ ਦਹਾਕੇ ਵਿੱਚ ਪੰਜਾਬੀ ਫਿਲਮ ਪੰਜਾਬ 1947 ਅਤੇ ਹਿੰਦੀ ਫਿਲਮ ਸਾਂਸੋਂ ਕੀ ਸਰਗਮ ਬਣਾਉਣੀ ਸ਼ੁਰੂ ਕੀਤੀ ਸੀ। ਫਿਲਮ ਦਾ ਮਿਊਜ਼ਿਕ ਰਿਲੀਜ਼ ਹੋਇਆ ਪਰ ਇਹ ਫਿਲਮਾਂ ਰਿਲੀਜ਼ ਨਹੀਂ ਹੋ ਸਕੀਆਂ।
1999 ਵਿੱਚ ਪੰਜਾਬੀ ਭਾਸ਼ਾ ਦੀ ਫ਼ਿਲਮ ਸ਼ਹੀਦ-ਏ-ਮੁਹੱਬਤ ਬੂਟਾ ਸਿੰਘ ਰਿਲੀਜ਼ ਹੋਈ, ਜੋ ਬੂਟਾ ਸਿੰਘ ਅਤੇ ਜ਼ੈਨਬ ਦੀ ਅਸਲ-ਜੀਵਨ ਪ੍ਰੇਮ ਕਹਾਣੀ ਉੱਤੇ ਆਧਾਰਿਤ ਸੀ ,ਜਿਸ ਵਿੱਚ ਗੁਰਦਾਸ ਮਾਨ ਅਤੇ ਦਿਵਿਆ ਦੱਤਾ ਮੁੱਖ ਭੂਮਿਕਾਵਾਂ ਵਿੱਚ ਹਨ।ਫਿਲਮ ਦਾ ਨਿਰਦੇਸ਼ਨ ਮਨੋਜ ਪੁੰਜ ਨੇ ਕੀਤਾ ਅਤੇ ਨਿਰਮਾਤਾ ਮਨਜੀਤ ਮਾਨ ਸੀ। ਅਰੁਣ ਬਖਸ਼ੀ, ਗੁਰਕੀਰਤਨ ਅਤੇ ਚੇਤਨਾ ਦਾਸ ਨੇ ਸਹਾਇਕ ਭੂਮਿਕਾਵਾਂ ਨਿਭਾਈਆਂ। ਫਿਲਮ ਨੇ 46ਵੇਂ ਰਾਸ਼ਟਰੀ ਫਿਲਮ ਅਵਾਰਡ ਵਿੱਚ ਪੰਜਾਬੀ ਵਿੱਚ ਸਰਵੋਤਮ ਫੀਚਰ ਫਿਲਮ ਲਈ ਰਾਸ਼ਟਰੀ ਫਿਲਮ ਅਵਾਰਡ ਜਿੱਤਿਆ।
ਕਿਹਾ ਜਾਂਦਾ ਹੈ ਕਿ ਇਸੇ ਸੰਗੀਤਮਈ ਸੁਪਰ ਹਿੱਟ ਫਿਲਮ ਤੋਂ ਪ੍ਰੇਰਿਤ ਹੋਕੇ ਅਨਿਲ ਸ਼ਰਮਾ ਨੇ 'ਗਦਰ ਏਕ ਪ੍ਰੇਮ ਕਥਾ' ਦਾ ਨਿਰਮਾਣ ਕੀਤਾ ਸੀ।