ਲੇਖਕ ਤਰਸੇਮ ਬਸ਼ਰ ਦੀ ਚਰਚਿਤ ਕਹਾਣੀ" ਦਬਦਬਾ" ਤੇ ਫਿਲਮ ਦਾ ਨਿਰਮਾਣ
ਅੰਮ੍ਰਿਤਸਰ ,7 ਫਰਵਰੀ 2023 : ਹੈਪੀ ਹੈਪੀ ਇੰਟਰਟੇਨਮੈਂਟ ਅੰਮ੍ਰਿਤਸਰ ਵੱਲੋਂ ਪੰਜਾਬੀ ਦੇ ਨਾਮਵਰ ਲੇਖਕ ਤਰਸੇਮ ਬਸ਼ਰ ਦੀ ਚਰਚਿਤ ਕਹਾਣੀ" ਦਬਦਬਾ" ਤੇ ਫਿਲਮ ਦਾ ਨਿਰਮਾਣ ਕੀਤਾ ਜਾ ਰਿਹਾ ਹੈ । ਫਿਲਮ ਦੇ ਨਿਰਦੇਸ਼ਕ" ਗੁਰ ਰੰਧਾਵਾ "ਅਨੁਸਾਰ ਪੰਜਾਬੀ ਦਰਸ਼ਕ ਹੁਣ ਕੁਝ ਨਵਾਂ ਤੇ ਅਰਥਪੂਰਨ ਸਿਨੇਮਾ ਚਾਹੁੰਦੇ ਹਨ, ਸਿਰਫ ਇਕੋ ਤਰਾਂ ਦੀ ਹਾਸਰਸ ਫਿਲਮਾਂ ਬਹੁਤ ਬਣ ਗਈਆਂ ਹਨ ਇਸੇ ਲਈ ਉਹਨਾਂ ਨੇ ਫੈਸਲਾ ਕੀਤਾ ਹੈ ਕਿ ਉਹ ਹੁਣ ਸਾਹਤਿਕ ਕਹਾਣੀਆਂ ਤੇ ਫਿਲਮ ਬਣਾਉਣਗੇ । ਦਬਦਬਾ ਇੱਕ ਮਹਤਵਪੂਰਨ ਕਹਾਣੀ ਹੈ , ਜੋ ਪੰਜਾਬ ਦੇ ਦੁਖਾਂਤ ਨੂੰ ਨਿਵੇਕਲੇ ਤੇ ਨਵੇਂ ਅਰਥਾਂ ਵਿਚ ਪੇਸ਼ ਕਰਦੀ ਹੈ । ਇਸ ਦੇ ਪਾਤਰ ਪੰਜਾਬ ਤੋਂ ਬਾਹਰ ਰਹਿੰਦੇ ਹੋਏ ਵੀ ਪੰਜਾਬੀਅਤ ਦਾ ਦਮ ਭਰਦੇ ਹਨ ।
ਜਿਕਰਯੋਗ ਹੈ ਕਿ ਦਬਦਬਾ ਦੀ ਸ਼ੂਟਿੰਗ ਪਿਛਲੇ ਦਿਨੀਂ ਛਿਹਰਟਾ ਖੇਤਰ ਵਿਚ ਆਰੰਭ ਹੋ ਚੁੱਕੀ ਹੈ।
ਦਬਦਬਾ ਦੀ ਕਹਾਣੀ ਤਰਸੇਮ ਬਸ਼ਰ ਦੀ ਹੈ ਤੇ ਇਸ ਦੀ ਪਟਕਥਾ ਅਤੇ ਸੰਵਾਦ ਰਮੇਸ਼ ਰਾਮਪੁਰਾ ਅੰਮ੍ਰਿਤਸਰ ਦੁਆਰਾ ਲਿਖੀ ਗਈ ਹੈ । ਰਮੇਸ਼ ਰਾਮਪੁਰਾ ਅਨੁਸਾਰ ਇਹ ਅਜਿਹੇ ਪੰਜਾਬੀ ਪਰਿਵਾਰਾਂ ਦੀ ਕਹਾਣੀ ਹੈ ਜੋ ਖਾੜਕੂਵਾਦ ਵੇਲੇ ਯੂ ਪੀ ਹਿਜਰਤ ਕਰ ਜਾਂਦਾ ਹੈ , ਪਰ ਉਥੇ ਵੀ ਉਹਨਾਂ ਦੀ ਜਿੰਦਗੀ ਆਸਾਨ ਨਹੀਂ , ਉਥੋਂ ਦੇ ਲੋਕ ਇਹਨਾਂ ਨੂੰ ਬਰਾਬਰੀ ਦੇਣ ਲਈ ਤਿਆਰ ਨਹੀਂ । ਕਹਾਣੀ ਵਿਚ ਬੜੀ ਸੂਖਮਤਾ ਅਤੇ ਸੰਕੇਤਕ ਰੂਪ ਵਿਚ ਪਛਾਣ ਦੇ ਇਸ ਸੰਕਟ ਨੂੰ ਕਲਾਤਮਕ ਢੰਗ ਨਾਲ ਪੇਸ਼ ਕੀਤਾ ਗਿਆ ।
ਅਜਿਹੇ ਹੀ ਮੁਸ਼ਕਿਲਾਂ ਭਰੇ ਦੌਰ ਵਿਚ ਇਹਨਾਂ ਪਰਿਵਾਰਾਂ ਦਾ ਵਾਸਤਾ ਅਚਾਨਕ ਇਕ ਅਜਿਹੇ ਕਿਰਦਾਰ ਨਾਲ ਪੈਂਦਾ ਹੈ , ਜੋ ਉਥੇ ਬਦਮਾਸ਼ ਦੇ ਤੌਰ ਤੇ ਪ੍ਰਸਿੱਧ ਹੈ । ਉਹ ਵੀ ਪੰਜਾਬੀ ਹੈ ਤੇ ਕਈ ਦਹਾਕੇ ਪਹਿਲਾਂ ਉਥੇ ਆ ਗਿਆ ਸੀ । ਉਹ ਬਦਮਾਸ਼ ਹੈ ,ਬਦਨਾਮ ਹੈ, ਤੇ ਪਰ ਪ੍ਰਦੇਸ਼ ਦੀ ਜਿੰਦਗੀ ਦੀਆਂ ਮੁਸ਼ਕਿਲਾਂ ਨੂੰ ਸਮਝਦਾ ਹੈ , ਭਾਵੇਂ ਪੰਜਾਬ ਵਿੱਚ ਹਾਲਾਤ ਕਿਹੋ ਜਿਹੇ ਸਨ ਪਰ ਉਥੇ ਇਹ ਆਪਵਿਰੋਧ ਦੀ ਦਿਲਚਸਪ ਘਟਨਾ ਘਟਦੀ ਹੈ । ਉਹ ਇਸ ਪਰਵਾਰ ਦਾ ਦਬਦਬਾ ਬਰਕਰਾਰ ਰੱਖਣ ਵਾਸਤੇ ਆਪਣੇ ਦਬਦਬੇ ਨੂੰ ਦਾਅ ਤੇ ਲਾ ਦਿੰਦਾ ਹੈ । ਉਹ ਜਾਣਦਾ ਹੈ ਕਿ ਦਬਦਬਾ ਤੋਂ ਬਗੈਰ ਉਥੇ ਜੀਵਨ ਆਸਾਨ ਨਹੀਂ । ਇਹ ਫਿਲਮ ਪੰਜਾਬੀਅਤ ਦੀ ਭਾਵਨਾ ਨੂੰ ਬਲ ਦੇਣ ਵਾਲੀ ਵਧੀਆ ਫਿਲਮ ਦੇ ਤੌਰ ਜਾਣੀ ਜਾਵੇਗੀ ।
ਕਹਾਣੀ ਦੇ ਲੇਖਕ ਤਰਸੇਮ ਬਸ਼ਰ ਅਨੁਸਾਰ ਅੱਜ ਪੰਜਾਬੀ ਦਰਸ਼ਕ ਸਿਰਫ ਮਨੋਰੰਜਨ ਹੀ ਨਹੀਂ ਚਾਹੁੰਦਾ , ਉਹ ਪੰਜਾਬ ਦੇ ਸੰਤਾਪ ਉਸਦੇ ਯਥਾਰਥ ਬਾਰੇ ਵੀ ਜਾਨਣਾ ਚਾਹੁੰਦਾ ਹੈ , ਉਸ ਨੂੰ ਪੰਜਾਬ ਦੀ ਚਿੰਤਾ ਹੈ। ਉਹ ਹੁਣ ਅਰਥ-ਭਰਪੂਰ ਸਿਨੇਮਾ ਨੂੰ ਹੁੰਗਾਰਾ ਦਿੰਦਾ ਹੈ । Happy happy ਦਾ ਇਹ ਉਪਰਾਲਾ ਸ਼ਲਾਘਾਯੋਗ ਹੈ । ਦਬਦਬਾ ਕਹਾਣੀ ਵਿੱਚ ਪੰਜਾਬ ਦੁਖਾਂਤ ਦੇ ਉਹ ਪੰਨੇ ਦਰਜ ਹਨ , ਜਿਸ ਦੇ ਬਾਰੇ ਬਹੁਤ ਘੱਟ ਚਰਚਾ ਹੋਈ ਹੈ । ਇਹ ਪੰਜਾਬੀ ਰਹਿਤਲ ਅਤੇ ਕਿਰਦਾਰ ਦੀ ਕਹਾਣੀ ਹੈ । ਇਸ ਬਦਮਾਸ਼ ਵਾਸਤੇ ਉੱਥੇ ਰਹਿਣ ਲਈ ਦਬਦਬਾ ਅਤਿ ਜ਼ਰੂਰੀ ਚੀਜ਼ ਹੁੰਦੀ ਹੈ , ਇਹ ਦਬਦਬਾ ਉਸ ਨੇ ਕਈ ਦਹਾਕਿਆਂ ਦੀ ਮਸ਼ੱਕਤ ਤੋਂ ਬਾਅਦ ਬੜੀ ਮੁਸ਼ਕਲ ਨਾਲ ਪੈਦਾ ਕੀਤਾ ਹੁੰਦਾ ਹੈ , ਪਰ ਉਹ ਪ੍ਰਦੇਸ ਵਿੱਚ ਆਏ ਪੰਜਾਬੀਆਂ ਦੀ ਮੁਸ਼ਕਲ ਦਾ ਖਿਆਲ ਕਰਦੇ ਹਾਂ ਉਸ ਨੂੰ ਵੀ ਦਾਅ ਤੇ ਲਾ ਦਿੰਦਾ ਹੈ । ਉਹਨਾਂ ਅਨੁਸਾਰ ਕਹਾਣੀ ਨਵੇਕਲੀ ਅਤੇ ਅਰਥਪੂਰਨ ਤੇ ਅਤਿਅੰਤ ਦਿਲਚਸਪ ਹੈ , ਉਮੀਦ ਹੈ ਕਿ ਇਹ ਦਰਸ਼ਕਾਂ ਦੀ ਕਸੌਟੀ ਉਪਰ ਖਰਾ ਉਤਰਨ ਵਿਚ ਸਫਲ ਹੋਵੇਗੀ ।
ਫਿਲਮ ਵਿਚ ਕਈ ਪ੍ਰਤੀਭਾਸ਼ਾਲੀ ਕਲਾਕਾਰ ਕੰਮ ਕਰ ਰਹੇ ਹਨ ਜਿਹਨਾਂ ਚ ਇੱਕ ਮੁੱਖ ਭੂਮਿਕਾ ਵਿਚ ਨਿਰਦੇਸ਼ਕ ਗੁਰ ਰੰਧਾਵਾ ਅਤੇ ਰਮੇਸ਼ ਰਾਮਪੁਰਾ ਵੀ ਨਜ਼ਰ ਆਉਣਗੇ । ਇਹਨਾਂ ਤੋ ਇਲਾਵਾ ਸ਼ਰਪ ਰੰਧਾਵਾ , ਰਾਜਿੰਦਰ ਨਾਇਡੂ , ਗੁਲਸ਼ਨ ਸਗ਼ੀ, ਸ਼ਮਾ ਖਾਨ ,ਕੇਸ਼ਵ ਕੋਹਲੀ , ਰਿਸ਼ਬ ਸ਼ਰਮਾ , ਬਲਦੇਵ ਸ਼ਰਮਾ ਵੀ ਅਹਿਮ ਭੂਮਿਕਾਵਾਂ ਵਿਚ ਨਜ਼ਰ ਆਉਣਗੇ । ਕੁਝ ਹੋਰ ਕਲਕਾਰਾਂ ਦੀ ਚੋਣ ਬਾਕੀ ਹੈ । ਨਿਰਦੇਸ਼ਕ ਗੁਰ ਰੰਧਾਵਾ ਅਨੁਸਾਰ ਫਿਲਮ ਜਲਦੀ ਹੀ ਪੰਜਾਬ ਦੇ ਬੁਧਦੀਵੀ ਵਰਗ ਅਤੇ ਦਰਸ਼ਕਾਂ ਦੀ ਨਜ਼ਰ ਕੀਤੀ ਜਾਵੇਗੀ ।