ਮਸਤਾਨੇ ਫਿਲਮ ਦੀ ਸਮੁੱਚੀ ਟੀਮ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਨਤਮਸਤਕ ਹੋਈ
- ਮਸਤਾਨੇ ਫਿਲਮ ਦੀ ਟੀਮ ਨੂੰ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ ਨੇ ਸਨਮਾਨਤ ਕੀਤਾ
ਅੰਮ੍ਰਿਤਸਰ:- 19 ਸਤੰਬਰ 2023 - ਸਿੱਖ ਇਤਿਹਾਸ ਨੂੰ ਪੇਸ਼ ਕਰਦੀ ‘ਮਸਤਾਨੇ’ ਫਿਲਮ ਦੇ ਪ੍ਰੋਡਿਓਸਰ ਡਾਇਰੈਕਟਰ ਅਤੇ ਸਮੁੱਚੀ ਟੀਮ ਅੱਜ ਗੁਰਦਆਰਾ ਮੱਲ ਅਖਾੜਾ ਸਾਹਿਬ ਪਾ:ਛੇਵੀਂ ਅਤੇ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਨਤਮਸਤਕ ਹੋਈ ਇਸ ਮੌਕੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਇਸ ਫਿਲਮ ਨੂੰ ਬਣਾਉਣ ਤੇ ਸਿੱਖ ਇਤਿਹਾਸ ਦੀ ਅਸਲ ਤਸਵੀਰ ਪੇਸ਼ ਕਰਨ ਤੇ ਵਧਾਈ ਦਿੰਦਿਆਂ ਕਿਹਾ ਕਿ ਅਜਿਹੀਆਂ ਫਿਲਮਾਂ ਬਨਣੀਆਂ ਚਾਹੀਦੀਆਂ ਅਤੇ ਇਹ ਬਹੁਭਸ਼ਾਈ ਬਣਨੀਆਂ ਚਾਹੀਦੀਆਂ ਹਨ।
ਬਹੁਤ ਖੁਸ਼ੀ ਦੀ ਗੱਲ੍ਹ ਹੈ ਕਿ ਇਹ ਫਿਲਮ ਪੰਜਾਬੀ, ਹਿੰਦੀ ਵਿੱਚ ਰਲੀਜ਼ ਹੋਈ ਹੈ ਅਤੇ ਤਮਿਲ-ਤੇਲਗੂ, ਅੰਗ੍ਰੇਜ਼ੀ ਵਿੱਚ ਜਲਦ ਹੀ ਰਲੀਜ਼ ਹੋਵੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਚਾਰ ਸਾਹਿਬਜ਼ਾਦਿਆਂ ਤੇ ਬਣੀ ਫਿਲਮ ਨੇ ਲੋਕਾਂ ਅੰਦਰ ਜਾਗਰਤੀ ਤੇ ਇਤਿਹਾਸ ਦੇ ਪਹਿਲੂਆਂ ਤੋਂ ਜਾਣੂੰ ਕਰਵਾਇਆ ਸੀ। ਇਸ ਤਰ੍ਹਾਂ ਨਿਹੰਗ ਸਿੰਘਾਂ ਦੇ ਕਿਰਦਾਰ ਨੂੰ ਸਹੀ ਅਰਥਾਂ ਵਿੱਚ ਪੇਸ਼ ਕੀਤਾ ਹੈ ਅਤੇ ਐਕਟਰ ਵੀ ਸਾਰੇ ਸਾਬਤ ਸੂਰਤ ਲਏ ਗਏ ਹਨ ਇਸ ਲਈ ਬੁੱਢਾ ਦਲ ਵੱਲੋਂ ਤਰਸੇਮ ਸਿੰਘ ਜਸੜ ਨੂੰ ਇਸ ਫਿਲਮ ਦੀ ਸਫਲਤਾ ਲਈ ਵਧਾਈ ਦਿੰਦਾ ਹਾਂ ਅਤੇ ਉਨ੍ਹਾਂ ਕਿਹਾ ਪੰਜਾਬ ਸਰਕਾਰ ਨੂੰ ਫਿਲਮ ਦਾ ਟੈਕਸ ਮੁਆਫ ਕਰਨਾ ਚਾਹੀਦਾ ਹੈ।
ਇਸ ਸਮੇਂ ਫਿਲਮ ਦੇ ਪ੍ਰੋਡਿਓਸਰ ਡਾਇਰੈਕਟਰ ਤਰਸੇਮ ਸਿੰਘ ਜੱਸੜ ਨੇ ਕਿਹਾ ਕਿ ਇਹ ਫਿਲਮ ਨੂੰ ਫਿਲਮਾਉਣ ਸਮੇਂ ਮੈਨੂੰ ਅਤੇ ਸਮੁੱਚੀ ਟੀਮ ਅੰਦਰ ਵਿਸ਼ੇਸ਼ ਊਰਜਾ ਪੈਦਾ ਹੋਈ ਜਿਸ ਅਨੁਸਾਰ ਸਿੱਖ ਸਿਧਾਂਤਾਂ ਦੀ ਕਸਵੱਟੀ ਤੇ ਪੂਰਾ ਉਤਰਨ ਦਾ ਯਤਨ ਕੀਤਾ ਉਥੇ ਲੋਕਾਂ ਵੱਲੋਂ ਭਰਵਾਂ ਹੁੰਗਾਰਾਂ ਮਿਲਿਆ ਹੈ। ਜਿਸ ਤੇ ਮੈਨੂੰ ਅਤੇ ਮੇਰੀ ਟੀਮ ਗੁਰੂ ਪਾਤਸ਼ਾਹ ਦੇ ਰਿਣੀ ਹਾਂ।
ਇਸ ਤੋਂ ਪਹਿਲਾਂ ਗੁਰਦਆਰਾ ਮੱਲ ਅਖਾੜਾ ਸਾਹਿਬ ਪਾ:ਛੇਵੀਂ ਵਿਖੇ ਵੱਖ-ਵੱਖ ਰਾਗੀ ਜਥਿਆਂ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ। ਸੁਖਜੀਤ ਸਿੰਘ ਘੱਨਈਆ ਨੇ ਅਰਦਾਸ ਕੀਤੀ ਅਤੇ ਮੁਖਵਾਕ ਬਾਬਾ ਮਲੂਕ ਸਿੰਘ ਲਾਡੀ ਨੇ ਦਿੱਤਾ ਅਤੇ ਬੁੱਢਾ ਦਲ ਵੱਲੋਂ ਤਰਸਮੇ ਸਿੰਘ ਜੱਸੜ, ਸਰਨਜੀਤ ਸਿੰਘ, ਮਨਪ੍ਰੀਤ ਸਿੰਘ ਜੌਹਲ, ਜਸਪ੍ਰੀਤ ਸਿੰਘ, ਕਰਨਜੀਤ ਸਿੰਘ ਜੌਹਲ ਨੂੰ ਸਨਮਾਨਤ ਕੀਤਾ ਇਸ ਸਮੇਂ ਬਾਬਾ ਮਨਮੋਹਣ ਸਿੰਘ ਬਾਰਨਵਾਲੇ, ਭਾਈ ਕਲਵੰਤ ਸਿੰਘ ਜੋਧਪੁਰੀ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ।
ਇਸ ਮੌਕੇ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਸ. ਕਰਨਰਾਜਬੀਰ ਸਿੰਘ ਐਡਵੋਕੇਟ, ਸ. ਇੰਦਰਪਾਲ ਸਿੰਘ ਫੌਜੀ ਹਜ਼ੂਰ ਸਾਹਿਬ, ਬਾਬਾ ਰਣਜੋਧ ਸਿੰਘ, ਬਾਬਾ ਸ਼ੇਰ ਸਿੰਘ, ਬਾਬਾ ਪਰਮਜੀਤ ਸਿੰਘ, ਬਾਬਾ ਵਿਸ਼ਵਪ੍ਰਤਾਪ ਸਿੰਘ, ਬਾਬਾ ਸੁਖਦੇਵ ਸਿੰਘ ਸੁੱਖਾ, ਬਾਬਾ ਭਗਤ ਸਿੰਘ, ਸ. ਪਰਮਜੀਤ ਸਿੰਘ ਬਾਜਵਾ ਆਦਿ ਹਾਜ਼ਰ ਸਨ।