'ਨੰਦ ਲਾਲ ਨੂਰਪੁਰੀ ਪੁਰਸਕਾਰ 2023' ਪਾਲੀ ਦੇਤਵਾਲੀਆ ਨੂੰ ਮਿਲੇਗਾ
ਨਿੰਦਰ ਘੁਗਿਆਣਵੀ
ਚੰਡੀਗੜ੍ਹ, 20 ਸਤੰਬਰ 2023 - ਲੋਕ ਮੰਚ ਪੰਜਾਬ ਵਲੋਂ ਦਿੱਤੇ ਜਾਣ ਵਾਲਾ ''ਨੰਦ ਲਾਲ ਨੂਰਪੁਰੀ ਪੁਰਸਕਾਰ-2023'' ਉੱਘੇ ਗੀਤਕਾਰ ਅਤੇ ਗਾਇਕ ਪਾਲੀ ਦੇਤਵਾਲੀਆ ਨੂੰ ਦਿੱਤਾ ਜਾਵੇਗਾ।
ਪਾਲੀ ਦੇਤਵਾਲੀਆ ਨੇ ਸੱਭਿਆਚਾਰਕ ਅਤੇ ਸਮਾਜਿਕ ਗੀਤਾਂ ਦੀਆਂ ਛੇ ਕਿਤਾਬਾਂ ਲਿਖੀਆਂ ਹਨ ਅਤੇ ਸੈਂਕੜੇ ਗੀਤ ਗਾਏ ਵੀ ਹਨ। ਉਸ ਦੀ ਪਛਾਣ ਇਕ ਸਾਫ਼ ਸੁਥਰੇ ਗੀਤਕਾਰ ਅਤੇ ਗਾਇਕ ਦੀ ਹੈ। ਇਥੇ ਬਿਆਨ ਜਾਰੀ ਕਰਦਿਆਂ ਲੋਕ ਮੰਚ ਪੰਜਾਬ ਦੇ ਚੇਅਰਮੈਨ ਡਾ. ਲਖਵਿੰਦਰ ਸਿੰਘ ਜੌਹਲ ਅਤੇ ਪ੍ਰਧਾਨ ਸੁਰਿੰਦਰ ਸਿੰਘ ਸੁੰਨੜ ਨੇ ਦੱਸਿਆ ਕਿ ਇਸ ਪੁਰਸਕਾਰ ਵਿਚ ਇਕ ਲੱਖ ਰੁਪਏ ਅਤੇ ਸਨਮਾਨ ਪੱਤਰ ਭੇਟ ਕੀਤਾ ਜਾਵੇਗਾ।
ਪਿਛਲੇ ਸਾਲ ਇਹ ਪੁਰਸਕਾਰ ਪ੍ਰੋ. ਗੁਰਭਜਨ ਗਿੱਲ ਨੂੰ ਦਿੱਤਾ ਗਿਆ ਸੀ। ਇਹ ਪੁਰਸਕਾਰ ਸੱਭਿਆਚਾਰਕ ਗੀਤਕਾਰੀ ਨੂੰ ਉਤਸ਼ਾਹਿਤ ਕਰਨ ਲਈ ਅਤੇ ਨੰਦ ਲਾਲ ਨੂਰਪੁਰੀ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਦਿੱਤਾ ਜਾਂਦਾ ਹੈ।
ਸੁਰਿੰਦਰ ਸਿੰਘ ਸੁੰਨੜ ਨੇ ਦੱਸਿਆ ਕਿ ਇਹ ਪੁਰਸਕਾਰ ਨਵੰਬਰ ਵਿੱਚ ਹੋਣ ਵਾਲੇ ਸਮਾਰੋਹ ਵਿੱਚ ਭੇਟ ਕੀਤਾ ਜਾਵੇਗਾ।