ਪੈਲੀਕਲ ਪਲਾਜ਼ਾ ਤੇ ਬਾਬਾ ਫ਼ਰੀਦ ਨਰਸਿੰਗ ਕਾਲਜ ’ਚ ਰੌਸ਼ਨ ਪ੍ਰਿੰਸ, ਗੁਰਪ੍ਰੀਤ ਘੁੱਗੀ, ਹਰਦਿਲ ਖ਼ਾਬ, ਮਨਜੀਤ ਨਿੱਕੀ ਨੇ ਲਾਈਆਂ ਰੌਣਕਾਂ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ/ਕੋਟਕਪੂਰਾ, 17 ਨਵੰਬਰ 2023 - ਪਿੰਡ ਪੱਕਾ ਵਿਖੇ ਪੈਲੀਕਲ ਪਲਾਜ਼ਾ ’ਚ ਪੰਜਾਬ ਦੇ ਪ੍ਰਸਿੱਧ ਗਾਇਕ ਰੌਸ਼ਨ ਪਿ੍ਰੰਸ, ਸੰਸਾਰ ਪ੍ਰਸਿੱਧ ਕਾਮੇਡੀਅਨ ਗੁਰਪ੍ਰੀਤ ਘੁੱਗੀ, ਹੀਰੋਇਨ ਸਾਇਰਾ, ਅਦਾਕਾਰ ਰਾਜ ਧਾਲੀਵਾਲ, ਗੁਰਜੀਤ ਕੌਰ ਵੀਰ, ਡਾਇਰੈਕਟਰ ਸਤਿੰਦਰ ਸਿੰਘ ਦੇਵ ਅਤੇ ਸਪਨ ਮਨੰਚਦਾ ਪਹੁੰਚੇ। ਇਸ ਮੌਕੇ ਪੈਲੀਕਲ ਪਲਾਜ਼ਾ ਦੇ ਮੈਨੇਜਿੰਗ ਡਾਇਰੈਕਟਰ ਡਾ.ਸੰਜੀਵ ਗੋਇਲ ਨੇ ਸਾਰੇ ਕਲਾਕਾਰਾਂ ਨੂੰ ਜੀ ਆਇਆਂ ਨੂੰ ਆਖਿਆ। ਇਸ ਮੌਕੇ ਰੌਸ਼ਨ ਪਿ੍ਰੰਸ ਨੇ ਧਾਰਮਿਕ ਗੀਤ ਨਾਲ ਪ੍ਰੋਗਰਾਮ ਦਾ ਆਗਾਜ਼ ਕਰਕੇ ‘ਓਹ ਪੰਜਾਬੀ ਬੋਲੇ ਨਾ, ਹੋ ਸਕਦੇ ਤੈਨੂੰ ਭੁੱਲ ਜਾਵਾਂ, ਲੋਕ ਗਾਥਾ ਹੀਰ ਪੇਸ਼ ਕਰਕੇ ਸਰੋਤਿਆਂ ਨੂੰ ਝੂਮਣ ਲਗਾ ਦਿੱਤਾ।
ਸੰਸਾਰ ਭਰ ’ਚ ਪ੍ਰਸਿੱਧ ਕਾਮੇਡੀਅਨ ਗੁਰਪ੍ਰੀਤ ਘੁੱਗੀ ਨੇ ਮਿਆਰੀ, ਉਸਾਰੂ ਕਾਮੇਡੀ ਕਰਦਿਆਂ ਖੂਬ ਰੰਗ ਬੰਨ੍ਹਿਆ। ਇਸ ਮੌਕੇ ਸਾਰੇ ਕਲਾਕਾਰਾਂ ਨੂੰ ਪੈਲੀਕਲ ਪਲਾਜ਼ਾ ਵੱਲੋਂ ਸਨਮਾਨਿਤ ਕੀਤਾ ਗਿਆ। ਧੰਨਵਾਦ ਅਮਨਦੀਪ ਸਿੰਘ ਲੱਕੀ ਨੇ ਕੀਤਾ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਸਬੀਰ ਸਿੰਘ ਜੱਸੀ ਨੇ ਨਿਭਾਈ।ਇਸ ਮੌਕੇ ਪਹੁੰਚੇ ਦਰਸ਼ਕਾਂ ਵਾਸਤੇ ਪਹੁੰਚੇ ਕਲਾਕਾਰਾਂ ਵੱਲੋਂ ਲੱਕੀ ਡਰਾਅ ਕੱਢਿਆ ਗਿਆ। ਇਸ ਜੈਨ ਇੰਟਰਨੈਸ਼ਨਲ ਦੇ ਚੇਅਰਮੈਨ ਜਨਿੰਦਰ ਜੈਨ, ਮੈਨੇਜਿੰਗ ਡਾਇਰੈਕਟਰ ਨਵਨੀਤ ਜੈਨ, ਐਕਸੀਅਨ ਰਾਜੀਵ ਗੋਇਲ, ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਦੇ ਪਿ੍ਰੰਸੀਪਲ ਡਾ.ਐਸ.ਐਸ.ਬਰਾੜ, ਸਟੇਟ ਐਵਾਰਡੀ ਗੁਰਵਿੰਦਰ ਸਿੰਘ ਧਿੰਗੜਾ, ਗੀਤਕਾਰ ਸੁਖਦੀਪ ਸਿੰਘ ਸੀਪਾ ਸਰਾਂ ਪੱਕਾ, ਬੀੜ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਿੰਟੂ, ਸਿਰੀ ਰਾਮ ਹਸਪਤਾਲ ਫ਼ਰੀਦਕੋਟ ਦੇ ਡਾ.ਪ੍ਰਵੀਨ ਗੁਪਤਾ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।
ਇਸ ਤੋਂ ਬਾਅਦ ਇਹ ਕਲਾਕਾਰਾਂ ਦੀ ਟੀਮ ਬਾਬਾ ਫ਼ਰੀਦ ਨਰਸਿੰਗ ਕਾਲਜ ਕੋਟਕਪੂਰਾ ਦੇ ਖੂਬਸੂਰਤ ਹਾਲ ’ਚ ਪਹੁੰਚੀ। ਜਿੱਥੇ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਡਾ.ਮਨਜੀਤ ਸਿੰਘ ਢਿੱਲੋਂ ਨੇ ਜੀ ਆਇਆਂ ਨੂੰ ਆਖਦਿਆਂ ਦੱਸਿਆ ਕਿ ਕਾਲਜ ਵੱਲੋਂ ਬਹੁਤ ਜਲਦ ਗੁਰੂਕਲ ਇੰਸਟੀਚਿਊਟ ਵਿਖੇ ਅਜੋਕੇ ਦੌਰ ਦੇ ਬਹੁਤ ਸਾਰੇ ਕਿੱਤਾ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ। ਅੱਜ ਦਾ ਪ੍ਰੋਗਰਾਮ ਕਰਾਉਣ ਦਾ ਉਦੇਸ਼ ਗਰੀਨ ਦੀਵਾਲੀ ਮਨਾਉਣਾ ਹੈ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਫ਼ਰੀਦਕੋਟ ਅਮਨਦੀਪ ਸਿੰਘ ਬਾਬਾ, ਕਾਲਜ ਦੇ ਡਾਇਰੈਕਟਰ ਡਾ.ਪੀ.ਐਸ.ਛੋਕਰ, ਕਾਲਜ ਦੇ ਪਿ੍ਰੰਸੀਪਲ ਡਾ.ਗੁਰਜੀਤ ਕੌਰ ਬਰਾੜ, ਪ੍ਰਬੰਧਕੀ ਅਫ਼ਸਰ ਅੰਕਿਤ ਮਿੱਡਾ, ਐਸ.ਵੀ.ਕੇ.ਇੰਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਇੰਦਰਜੀਤ ਸਿੰਘ ਕਲੇਰ, ਸਿਟੀ ਕਲੱਬ ਕੋਟਕਪੂਰਾ ਦੇ ਆਗੂ ਦਵਿੰਦਰ ਨੀਟੂ, ਸਮਾਜ ਸੇਵੀ ਗੁਰਿੰਦਰ ਸਿੰ ਮਹਿੰਦੀਰੱਤਾ, ਦਲਜੀਤ ਸਿੰਘ ਟੂਟੇਜਾ, ਚਰਨਜੀਤ ਸਿੰਘ ਅਰਾਈਆਂਵਾਲਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਇਸ ਮੌਕੇ ਸੁਰੀਲੇ ਗਾਇਕ ਹਰਦਿਲ ਖ਼ਾਬ ਨੇ ਧਾਰਮਿਕ ਗੀਤ ਨਾਲ ਸੱਭਿਆਚਾਰਕ ਪ੍ਰੋਗਰਾਮ ਦਾ ਆਗਾਜ਼ ਕੀਤਾ ਤੇ ਫ਼ਿਰ ਕਰੀਬ ਅੱਧਾ ਘੰਟਾ ਆਪਣੀ ਦਮਦਾਰ ਆਵਾਜ਼ ਨਾਲ ਸਰੋਤਿਆਂ ਨੂੰ ਭਰਵੀਂ ਦਾਦ ਦੇਣ ਲਈ ਮਜ਼ਬੂਰ ਕੀਤਾ। ਗਾਇਕੀ ’ਚ ਤੇਜ਼ੀ ਨਾਲ ਨਾਮਣਾ ਖੱਟ ਰਹੀ ਗਾਇਕਾ ਮਨਜੀਤ ਨਿੱਕੀ ਨੇ ਆਪਣੇ ਹਿੱਟ ਗੀਤ ਪੇਸ਼ ਕਰਦਿਆਂ ਕਰੀਬ ਪੌਣਾ ਘੰਟਾ ਕਾਲਜ ਵਿਦਿਆਰਥੀਆਂ ਨੂੰ ਝੂਮਣ ਲਗਾ ਦਿੱਤਾ। ਪੰਜਾਬ ਦੇ ਚਹੇਤੇ ਗਾਇਕ ਰੌਸ਼ਨ ਪਿ੍ਰੰਸ ਨੇ ਓਹ ਪੰਜਾਬੀ ਬੋਲੇ ਨਾ, ਦਿਲ ਡਰਦਾ, ਦਿਲ ਦੇ ਕੇ ਵੇਖ, ਲੁੱਕ ਤੇ ਲੱਕ, ਗੁੱਡ ਲੱਕ ਸਮੇਤ ਕਈ ਚਰਚਿਤ ਗੀਤਾਂ ਨਾਲ ਸਰੋਤਿਆਂ ਨੂੰ ਕੀਲ੍ਹੀ ਰੱਖਿਆ।
ਹਾਜ਼ਰੀ ਫ਼ਰਮਾਇਸ਼ਾਂ ਕਰਦੀ ਰਹੀ ਤੇ ਰੌਸ਼ਨ ਪਿ੍ਰੰਸ ਫ਼ਰਮਾਇਸ਼ਾਂ ਪੂਰੀਆਂ ਕਰਦਿਆਂ ਪੂਰੀ ਤਰ੍ਹਾਂ ਛਾਇਆ ਰਿਹਾ। ਕਾਮੇਡੀਅਨ ਗੁਰਪ੍ਰੀਤ ਘੁੱਗੀ ਨੇ ਵਿਰਸੇ, ਸੱਭਿਆਚਾਰ, ਪੰਜਾਬ, ਪੰਜਾਬੀ, ਪੰਜਾਬੀਅਤ ਬਾਰੇ ਖੂਬਸੂਰਤ ਵਿਚਾਰ ਤੇ ਕਾਮੇਡੀ ਕਰਦਿਆਂ ਦਰਸ਼ਕਾਂ ਨੂੰ ਵਾਰ-ਵਾਰ ਤਾੜੀਆਂ ਵਜਾਉਣ ਲਈ ਮਜ਼ਬੂਰ ਕੀਤਾ। ਹੀਰੋਇਨ ਸਾਇਰਾ, ਰਾਜ ਧਾਲੀਵਾਲ, ਗੁਰਜੀਤ ਕੌਰ ਵੀਰ, ਪਰੀਨਾ ਖੰਨਾ ਨੇ ਦਰਸ਼ਕਾਂ ਦੇ ਰੂਬਰੂ ਹੋ ਕੇ ਦਿੱਤੇ ਮਾਨ-ਸਨਮਾਨ ਲਈ ਧੰਨਵਾਦ ਕੀਤਾ।
ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਸਬੀਰ ਸਿੰਘ ਜੱਸੀ ਨੇ ਨਿਭਾਈ। ਇੱਥੇ ਵੀ ਸਮੁੱਚੇ ਕਲਕਾਰਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਮੂਹ ਕਲਾਕਾਰਾਂ ਨੇ ਅਪੀਲ ਕੀਤੀ ਕਿ ਉਨ੍ਹਾਂ ਦੀ ਹਾਲ ਹੀ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਬਿਨ੍ਹਾਂ ਬੈਂਡ ਚੱਲ ਇੰਗਲੈਂਡ’ ਨੂੰ ਸਰੋਤੇ ਵੱਧ ਤੋਂ ਵੱਧ ਪਿਆਰ ਦੇਣ। ਉਨ੍ਹਾਂ ਦੱਸਿਆ ਇਸ ਫ਼ਿਲਮ ’ਚ ਉਨ੍ਹਾਂ ਦੇ ਨਾਲ ਹਰਬੀ ਸੰਘਾ, ਬੀ.ਐਨ.ਸ਼ਰਮਾ, ਰੁਪਿੰਦਰ ਰੂਪੀ, ਰਾਣਾ ਜੰਗ ਬਹਾਦਰ, ਬਦਰ ਖਾਨ ਅਦਾਕਾਰਾਂ ਨੇ ਆਪਣੀ ਕਲਾ ਦੇ ਜੌਹਰ ਵਿਖਾਏ ਹਨ।
ਫ਼ਿਲਮ ਦਾ ਸੰਗੀਤ ਗੁਰਮੀਤ ਸਿੰਘ, ਸੁਖਬੀਰ ਰੰਧਾਵਾ ਨੇ ਤਿਆਰ ਕੀਤਾ ਹੈ। ਫ਼ਿਲਮ ਦੇ ਗੀਤਾਂ ਨੂੰ ਰੌਸ਼ਨ ਪਿ੍ਰੰਸ, ਜੀ ਖਾਨ, ਲਹਿਬੰਰ ਹੂਸੈਨਪੁਰੀ, ਸਿਮਰਨ ਭਾਰਦਵਾਜ, ਮਨੰਤ ਨੂਰ, ਮਨਜੀਤ ਨਿੱਕੀ, ਨਵਾਬ, ਸੁਖਬੀਰ ਰੰਧਾਵਾ ਨੇ ਗਾਇਆ ਹੈ। ਫ਼ਿਲਮ ਦੇ ਡਾਇਰੈਕਟਰ ਸਤਿੰਦਰ ਸਿੰਘ ਦੇਵ ਅਤੇ ਪ੍ਰੋਡਿਊਸਰ ਬਲਵਿੰਦਰ ਹੀਰ ਹਨ। ਉਨ੍ਹਾਂ ਕਿਹਾ ਸਿਨੇਮੇ ਘਰ ’ਚ ਗਏ ਦਰਸ਼ਕਾਂ ਨੂੰ ਇਹ ਫ਼ਿਲਮ ਖੂਬ ਮੰਨੋਰੰਜਨ ਦੇਵਗੀ। ਉਨ੍ਹਾਂ ਕਿਹਾ ਕਿ ਸਰੋਤੇ ਪੰਜਾਬੀ ਸਿਨੇਮੇ ਨੂੰ ਵੱਧ ਤੋਂ ਵੱਧ ਪਿਆਰ ਦੇਣ ਤਾਂ ਜੋ ਉਨ੍ਹਾਂ ਲਈ ਹਰ ਵਿਸ਼ੇ ਤੇ ਖੂਬਸੂਰਤ ਫ਼ਿਲਮਾਂ ਦਾ ਨਿਰਮਾਣ ਕੀਤਾ ਜਾ ਸਕੇ।